
ਅਕਾਸ਼ਦੀਪ ਨੂੰ ਸ਼ਹੀਦ ਨਾ ਐਲਾਨਣ ਦੇ ਰੋਸ ਵਜੋਂ ਫ਼ੈਸਲਾ ਲਿਆ
ਕੋਟਕਪੂਰਾ,(ਪੰਜਾਬੀ ਰਾਈਟਰ)- ਪਿੰਡ ਚਾਹਿਲ ਦੇ ਸ਼ਹੀਦ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਹਾਲੇ ਤੱਕ ਸਰਕਾਰ ਵੱਲੋਂ ਸ਼ਹੀਦ ਨਾ ਐਲਾਨਣ ਦੇ ਰੋਸ ਵਜੋਂ ਅਕਾਸ਼ਦੀਪ ਨਾਲ ਟ੍ਰੇਨਿੰਗ ਕਰਨ ਵਾਲੇ ਛੇ ਪਿੰਡਾਂ ਦੇ ਦਰਜਨਾਂ ਨੌਜਵਾਨਾਂ ਨੇ ਅਗਨੀਵੀਰ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਾਰਾ ਗਰੁੱਪ ਪਿਛਲੇ ਛੇ ਸਾਲ ਤੋਂ ਭਰਤੀ ਲਈ ਟ੍ਰੇਨਿੰਗ ਕਰ ਰਿਹਾ ਸੀ। ਇਹ ਨੌਜਵਾਨ ਅਕਾਸ਼ਦੀਪ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਨੌਜਵਾਨ ਕਰਨ, ਗੁਰੀ ਅਤੇ ਕੋਮਲ ਨੇ ਦੱਸਿਆ ਕਿ ਪਿੰਡ ਚਾਹਿਲ, ਕਿਲਾ ਨੌਂ ਅਤੇ ਮਚਾਕੀ ਸਣੇ ਛੇ ਪਿੰਡਾਂ ਦੇ 50 ਤੋਂ ਵੱਧ ਨੌਜਵਾਨਾਂ ਦਾ ਗਰੁੱਪ ਪਿਛਲੇ ਕਈ ਸਾਲ ਤੋਂ ਅਗਨੀਵੀਰ ਭਰਤੀ ਹੋਣ ਲਈ ਟ੍ਰੇਨਿੰਗ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਸਭ ਤੋਂ ਛੋਟਾ ਸੀ ਅਤੇ ਸਭ ਤੋਂ ਪਹਿਲਾਂ ਭਰਤੀ ਹੋਣ ਕਰਕੇ ਸਾਰੇ ਉਸ ’ਤੇ ਮਾਣ ਕਰਦੇ ਸਨ ਅਤੇ ਉਸੇ ਵਾਂਗ ਹੀ ਅਗਨੀਵੀਰ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਅਕਾਸ਼ਦੀਪ ਦੀ ਸ਼ਹੀਦੀ ਮਗਰੋਂ ਜਿਸ ਤਰ੍ਹਾਂ ਦਾ ਸਰਕਾਰ ਦਾ ਰਵੱਈਆ ਹੈ ਅਤੇ ਜਿਸ ਤਰ੍ਹਾਂ ਸ਼ਹੀਦ ਦੇ ਮਾਪਿਆਂ ਨੂੰ ਰੋਲਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਸਾਰਿਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਗਨੀਵੀਰ ਦੀ ਕਿਸੇ ਵੀ ਭਰਤੀ ਲਈ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅਕਾਸ਼ਦੀਪ ਨੂੰ ਸ਼ਹੀਦ ਵਾਲੀਆਂ ਸਹੂਲਤਾਂ ਦਿੱਤੀਆਂ ਅਤੇ ਫੌਜ ਵਿੱਚ ਰੈਗੂਲਰ ਭਰਤੀ ਦੀ ਗੱਲ ਕੀਤੀ ਤਾਂ ਉਹ ਭਰਤੀ ਬਾਰੇ ਸੋਚਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਛੇ ਸਾਲ ਵਿੱਚ ਜਿੱਤੇ 100 ਤੋਂ ਵੱਧ ਮੈਡਲ ਵੀ ਅਕਾਸ਼ਦੀਪ ਦੇ ਘਰ ਰੱਖ ਦਿੱਤੇ ਹਨ ਤਾਂ ਕਿ ਸਰਕਾਰ ਦੇ ਕਿਸੇ ਵੀ ਆਉਣ ਵਾਲੇ ਨੁਮਾਇੰਦੇ ਨੂੰ ਅਸਲੀਅਤ ਦਿਖਾਈ ਜਾ ਸਕੇ। ਅਕਾਸ਼ਦੀਪ ਸਿੰਘ ਦੇ ਪਰਿਵਾਰ ਦੀ ਮੈਂਬਰ ਗੁਰਜੀਤ ਕੌਰ ਨੇ ਕਿਹਾ,‘‘ ਅਸੀਂ 20 ਸਾਲ ਪੁੱਤਾਂ ਨੂੰ ਪਾਲ ਕੇ ਦੇਸ਼ ਸੇਵਾ ਲਈ ਫੌਜ ਵਿੱਚ ਬੜੇ ਹੌਸਲੇ ਨਾਲ ਭੇਜਦੀਆਂ ਸੀ ਪਰ ਹੁਣ ਸਾਡਾ ਵੀ ਮਨ ਡਰ ਗਿਆ ਹੈ।’’ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਹਾਲਾਤ ਅਤੇ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੇ ਪੁੱਤਾਂ ਨੂੰ ਅਗਨੀਵੀਰ ਭਰਤੀ ਵਾਸਤੇ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਪੁੱਤਾਂ ਵੱਲੋਂ ਕੀਤੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
ਅਕਾਸ਼ਦੀਪ ਪੂਰੇ ਪੰਜਾਬ ਦਾ ਪੁੱਤਰ, ਬਣਦਾ ਮਾਣ ਦਿਵਾਵਾਂਗੇ: ਸੰਧਵਾਂ
ਕੋਟਕਪੂਰਾ : ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਿੰਡ ਚਾਹਿਲ ਵਿੱਚ ਹੋਏ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਸਿਰਫ ਬਲਵਿੰਦਰ ਸਿੰਘ ਦਾ ਹੀ ਪੁੱਤਰ ਨਹੀਂ, ਬਲਕਿ ਉਹ ਪੂਰੇ ਪੰਜਾਬ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਉਹ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਅਤੇ ਮੁੱਖ ਸਕੱਤਰ ਪੰਜਾਬ ਰਾਹੀਂ ਫੌਜੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ, ਜਲਦੀ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਅਕਾਸ਼ਦੀਪ ਦੀ ਫੋਟੋ ’ਤੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਕਾਸ਼ਦੀਪ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਫਰੀਦੋਕਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਕਾਸ਼ਦੀਪ ਨੂੰ ਤੁਰੰਤ ਬਣਦਾ ਸਤਿਕਾਰ ਦੇ ਕੇ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਵੀ ਕੇਂਦਰ ਸਰਕਾਰ ਰਾਹੀਂ ਤਾਲਮੇਲ ਕਰ ਰਹੇ ਹਨ ਤਾਂ ਕਿ ਬਣਦੀਆਂ ਸਹੂਲਤਾਂ ਪਰਿਵਾਰ ਨੂੰ ਮਿਲ ਸਕਣ। ਇਸ ਸਮੇਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ, ਦਰਸ਼ਨ ਸਿੰਘ ਭੱਟੀ ਅਤੇ ਗੁਰਮੀਤ ਸਿੰਘ ਵਾਂਦਰ ਨੇ ਕਿਹਾ ਕਿ ਪਰਿਵਾਰ ਲਈ ਇਹ ਸਦਮਾ ਅਸਹਿ ਹੈ ਅਤੇ ਅਜਿਹੇ ਸਮੇਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ। ਸ਼ਰਧਾਂਜਲੀ ਸਮਾਰੋਹ ਵਿੱਚ ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਅਜੇਪਾਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਵਿਕਾਸ ਬੋਰਡ ਅਤੇ ਬਾਬਾ ਮਨਪ੍ਰੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਵੀ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।