ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ

ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ

* ਕੌਮੀ ਰਾਜਧਾਨੀ ਦੇ ਕਪੂਰਥਲਾ ਹਾਊਸ ’ਚ ਮੀਟਿੰਗ ਭਲਕੇ * ਵਿਧਾਇਕਾਂ ਅਤੇ ਵਜ਼ੀਰਾਂ ਨੇ ਸਾਰੇ ਰੁਝੇਵੇਂ ਰੱਦ ਕੀਤੇ

ਚੰਡੀਗੜ੍ਹ,(ਪੰਜਾਬੀ ਰਾਈਟਰ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ਵਿਚ ਮਿਲੀ ਹਾਰ ਤੋਂ ਤੁਰੰਤ ਬਾਅਦ ਹੀ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ। ‘ਆਪ’ ਨੇ ਪਾਰਟੀ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਸਾਰੇ ਰੁਝੇਵੇਂ ਰੱਦ ਕਰਕੇ 11 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਦੇ ਕਪੂਰਥਲਾ ਭਵਨ ਵਿਚ ਪਹੁੰਚਣ ਲਈ ਕਿਹਾ ਹੈ। ਮੀਟਿੰਗ ਦੇ ਏਜੰਡੇ ਬਾਰੇ ਹਾਲੇ ਭੇਤ ਬਣਿਆ ਹੋਇਆ ਹੈ। ‘ਆਪ’ ਦੇ ਦਿੱਲੀ ਦਫ਼ਤਰ ਤਰਫ਼ੋਂ ਸਾਰੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਮੀਟਿੰਗ ਸਬੰਧੀ ਸੁਨੇਹੇ ਅੱਜ ਪੁੱਜ ਗਏ ਹਨ।

ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੁਣ 10 ਫਰਵਰੀ ਦੀ ਥਾਂ ’ਤੇ 13 ਫਰਵਰੀ ਨੂੰ ਹੋਵੇਗੀ। ਉਂਜ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਤੋਂ ਵਾਪਸ ਪਰਤ ਆਏ ਹਨ ਪਰ ਸੂਤਰ ਦੱਸਦੇ ਹਨ ਕਿ ਦਿੱਲੀ ਮੀਟਿੰਗ ਕਰਕੇ ਹੀ ਕੈਬਨਿਟ ਮੀਟਿੰਗ ਨੂੰ ਅੱਗੇ ਪਾਇਆ ਗਿਆ ਹੈ। ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤੇ ਪਾਰਟੀ ਦੇ 22 ਵਿਧਾਇਕਾਂ ਨਾਲ ਮੀਟਿੰਗ ਕੀਤੀ। ਪਹਿਲਾਂ ਚਰਚਾ ਸੀ ਕਿ ਕੇਜਰੀਵਾਲ ਖ਼ੁਦ ਵੀ ਚੰਡੀਗੜ੍ਹ ਆ ਕੇ ਵਿਧਾਇਕਾਂ ਨਾਲ ਮੀਟਿੰਗ ਕਰ ਸਕਦੇ ਹਨ ਕਿਉਂਕਿ ਪੰਜਾਬ ਦੇ ਵਿਧਾਇਕਾਂ ਦੇ ਲਗਾਤਾਰ ਦਿੱਲੀ ਦੇ ਗੇੜੇ ਵੱਜਦੇ ਰਹੇ ਹਨ ਜਿਸ ਦਾ ਵਿਰੋਧੀ ਧਿਰਾਂ ਆਲੋਚਨਾ ਵੀ ਕਰਦੀਆਂ ਰਹੀਆਂ ਹਨ। ਪਰ ਅਖ਼ੀਰ ’ਚ ਇਹ ਮੀਟਿੰਗ ਦਿੱਲੀ ਵਿਚ ਹੋਣੀ ਤੈਅ ਹੋਈ ਹੈ। ਦਿੱਲੀ ਚੋਣਾਂ ’ਚ ਹਾਰ ਮਗਰੋਂ ਪਾਰਟੀ ਨੂੰ ਹੁਣ ਕਈ ਪਾਸਿਆਂ ਤੋਂ ਚੁਣੌਤੀਆਂ ਨਜ਼ਰ ਆ ਰਹੀਆਂ ਹਨ ਅਤੇ ਉਸ ਨੂੰ ਕਈ ਤਰ੍ਹਾਂ ਦੇ ਡਰ ਸਤਾ ਰਹੇ ਹਨ। ਕੇਜਰੀਵਾਲ ਦੇ ਖ਼ੁਦ ਚੋਣ ਹਾਰਨ ਕਾਰਨ ਉਨ੍ਹਾਂ ਦੀ ਨੈਤਿਕ ਅਥਾਰਿਟੀ ਕਮਜ਼ੋਰ ਪਈ ਹੈ। ਚੋਣ ਨਤੀਜਿਆਂ ਮਗਰੋਂ ਪੰਜਾਬ ਦੇ ਲੋਕਾਂ ਦੀ ਪ੍ਰਤੀਕਿਰਿਆ ’ਚੋਂ ‘ਆਪ’ ਹਾਈਕਮਾਨ ਸਿਆਸੀ ਮਾਅਨੇ ਲੱਭ ਰਹੀ ਹੈ। ਭਾਜਪਾ ਨੇ ਆਪਣਾ ਏਜੰਡਾ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਮਗਰੋਂ ਹੁਣ ਉਹ ਪੰਜਾਬ ਵਿੱਚ 2027 ’ਚ ਸਫ਼ਲਤਾ ਹਾਸਲ ਕਰਨਗੇ। ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੇ 11 ਫਰਵਰੀ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੀ ਮੀਟਿੰਗ ਤੋਂ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਇਹ ਵੀ ਚਰਚਾ ਹੈ ਕਿ ਵਿਧਾਇਕਾਂ ਨੂੰ ਇੱਕਜੁਟ ਰਹਿਣ ਅਤੇ ਪਾਰਟੀ ’ਚ ਵਿਸ਼ਵਾਸ ਰੱਖਣ ਲਈ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ।

ਹਾਰ ਮਗਰੋਂ ਪੰਜਾਬ ’ਚ ‘ਆਪ’ ਨੇ ਵੱਟੀ ਚੁੱਪ
ਦਿੱਲੀ ਚੋਣਾਂ ’ਚ ਹਾਰ ਮਗਰੋਂ ਪੰਜਾਬ ਦੀ ‘ਆਪ’ ਲੀਡਰਸ਼ਿਪ ਨੇ ਚੁੱਪ ਵੱਟ ਲਈ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕਿਸੇ ਨੇ ਵੀ ‘ਐਕਸ’ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ। ਇਸੇ ਤਰ੍ਹਾਂ ਸਾਰੇ ਵਿਧਾਇਕ ਅਤੇ ਵਜ਼ੀਰ ਵੀ ਚੁੱਪ ਹਨ।

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 13 ਨੂੰ
ਪੰਜਾਬ ਮੰਤਰੀ ਮੰਡਲ ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਹੁਣ 13 ਫਰਵਰੀ ਨੂੰ ਹੋਵੇਗੀ। ਕੈਬਨਿਟ ਮੀਟਿੰਗ ਪਹਿਲਾਂ ਹੀ ਕਾਫ਼ੀ ਅਰਸੇ ਬਾਅਦ ਹੋ ਰਹੀ ਸੀ। ਪਤਾ ਲੱਗਾ ਹੈ ਕਿ ਸਿਆਸੀ ਰੁਝੇਵਿਆਂ ਕਾਰਨ ਹੀ ਮੀਟਿੰਗ ਅੱਗੇ ਪਾਈ ਗਈ ਹੈ। ਐਤਕੀਂ ਕੈਬਨਿਟ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਏਜੰਡੇ ਲੱਗੇ ਹੋਏ ਹਨ ਅਤੇ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ ਲੱਗਣੀ ਹੈ।

ਆਤਿਸ਼ੀ ਨੇ ਉਪ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ
ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਦੇ ਇੱਕ ਦਿਨ ਮਗਰੋਂ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਪ ਰਾਜਪਾਲ ਨੇ ਆਤਿਸ਼ੀ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ। ਭਾਜਪਾ ਆਗੂਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਹਫ਼ਤੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਮਗਰੋਂ ਭਾਜਪਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। 

ਕੇਜਰੀਵਾਲ ਵੱਲੋਂ ‘ਆਪ’ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਮੁਲਾਕਾਤ
ਨਵੀਂ ਦਿੱਲੀ: ਦਿੱਲੀ ’ਚ ਆਮ ਆਦਮੀ ਪਾਰਟੀ ਦੇ ਸੱਤਾ ਤੋਂ ਬਾਹਰ ਹੋਣ ਤੋਂ ਇੱਕ ਦਿਨ ਬਾਅਦ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਫਿਰੋਜ਼ਸ਼ਾਹ ਰੋਡ ਸਥਿਤ ਆਪਣੀ ਰਿਹਾਇਸ਼ ’ਤੇ 22 ਨਵੇਂ ਚੁਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜਨਤਾ ਲਈ ਕੰਮ ਕਰਨ ਲਈ ਕਿਹਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਉਸਾਰੂ ਭੂਮਿਕਾ ਨਿਭਾਏਗੀ ਅਤੇ ਇਹ ਯਕੀਨੀ ਬਣਾਏਗੀ ਕਿ ਭਾਜਪਾ ਆਪਣੇ ਵਾਅਦੇ ਪੂਰੇ ਕਰੇ। ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਨੂੰ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ, ‘ਆਪ ਇੱਕ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਇਹ ਯਕੀਨੀ ਬਣਾਏਗੀ ਕਿ ਭਾਜਪਾ ਆਪਣੇ ਵਾਅਦੇ ਅਨੁਸਾਰ ਅੱਠ ਮਾਰਚ ਤੱਕ ਮਹਿਲਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਵੇ, 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਾਏ ਅਤੇ ਲੋਕਾਂ ਲਈ ਹੋਰ ਸਹੂਲਤਾਂ ਜਾਰੀ ਰੱਖੇ।’ ਉਨ੍ਹਾਂ ਕਿਹਾ ਕਿ ਪਾਰਟੀ ਵਿਧਾਇਕ ਇਹ ਯਕੀਨੀ ਬਣਾਉਣਗੇ ਕਿ ਭਾਜਪਾ ‘ਆਪ’ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ’ਚ ਦਿੱਤੀਆਂ ਗਈਆਂ ਮੁਫ਼ਤ ਸੇਵਾਵਾਂ ਤੇ ਸਹੂਲਤਾਂ ਬੰਦ ਨਾ ਕਰੇ। ਆਤਿਸ਼ੀ ਨੇ ਕਿਹਾ ਕਿ ਪਾਰਟੀ ਆਉਣ ਵਾਲੇ ਦਿਨਾਂ ’ਚ ਵਿਰੋਧੀ ਧਿਰ ਦਾ ਨੇਤਾ ਤੈਅ ਕਰੇਗੀ।