ਪਹਿਲਵਾਨਾਂ ਦੀ ਤਗਮੇ ਜਲ ਪ੍ਰਵਾਹ ਕਰਨ ਦੀ ਯੋਜਨਾ ਮੁਲਤਵੀ

ਪਹਿਲਵਾਨਾਂ ਦੀ ਤਗਮੇ ਜਲ ਪ੍ਰਵਾਹ ਕਰਨ ਦੀ ਯੋਜਨਾ ਮੁਲਤਵੀ

ਹਰਿਦੁਆਰ (ਉੱਤਰਾਖੰਡ), 31 ਮਈ - ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਪੁਲੀਸ ਵੱਲੋਂ ਕੀਤੀ ਵਧੀਕੀ ਦੇ ਰੋਸ ਵਜੋਂ ਆਪਣੇ ਤਗ਼ਮੇ ਗੰਗਾ ਵਿੱਚ ਜਲਪ੍ਰਵਾਹ ਕਰਨ ਲਈ ਹਰਿ ਕੀ ਪੌੜੀ ਪੁੱਜੇ ਪਹਿਲਵਾਨਾਂ ਨੇ ਅੱਜ ਖਾਪ ਤੇ ਨਰੇਸ਼ ਟਿਕੈਤ ਸਣੇ ਹੋਰਨਾਂ ਕਿਸਾਨ ਆਗੂਆਂ ਦੇ ਦਖਲ ਮਗਰੋਂ ਐਨ ਆਖਰੀ ਮੌਕੇ ਆਪਣੀ ਇਹ ਯੋਜਨਾ ਮੁਲਤਵੀ ਕਰ ਦਿੱਤੀ। ਕਿਸਾਨ ਆਗੂ ਨੇ ਪਹਿਲਵਾਨਾਂ ਤੋਂ ਤਗ਼ਮੇ ਲੈ ਕੇ ਆਪਣੇ ਕੋਲ ਰੱਖ ਲਏ।
ਟਿਕੈਤ ਤੇ ਪਹਿਲਵਾਨਾਂ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਪੰਜ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨਾਕਾਮ ਰਹੀ ਤਾਂ ਉਹ ਗੰਗਾ ਵਿੱਚ ਤਗ਼ਮੇ ਜਲਪ੍ਰਵਾਹ ਕਰ ਦੇਣਗੇ। ਜੰਤਰ ਮੰਤਰ ’ਤੇ ਲੱਗੇ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰਨ ਵਾਲੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਅੱਜ ਰੋਸ ਵਜੋਂ ਓਲੰਪਿਕ ਤਗ਼ਮਿਆਂ ਸਣੇ ਆਪਣੇ ਸਾਰੇ ਮੈਡਲ ਗੰਗਾ ਵਿੱਚ ਜਲਪ੍ਰਵਾਹ ਕਰਨ ਲਈ ਉੱਤਰਾਖੰਡ ਦੇ ਹਰਿਦੁਆਰ ਪੁੱਜੇ ਸਨ। ਇਸ ਮੌਕੇ ਪਹਿਲਵਾਨਾਂ ਨਾਲ ਵੱਡੀ ਗਿਣਤੀ ਲੋਕ ਮੌਜੂਦ ਸਨ। ਸਾਕਸ਼ੀ, ਵਿਨੇਸ਼ ਤੇ ਸੰਗੀਤਾ ਦੇ ਪਤੀ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਪੂੰਝਦੇ ਨਜ਼ਰ ਆਏ। ਹਰਿ ਕੀ ਪੌੜੀ ਪੁੱਜਣ ’ਤੇ ਪਹਿਲਵਾਨਾਂ ਨੇ ਖੜ੍ਹ ਕੇ 20 ਮਿੰਟ ਦੇ ਕਰੀਬ ਮੌਨ ਧਾਰਨ ਕੀਤਾ। ਮਗਰੋਂ ਉਹ ਸਾਰੇ ਗੰਗਾ ਦੇ ਕੰਢੇ ਬੈਠ ਗਏ। ਜ਼ਮੀਨ ’ਤੇ ਬੈਠੀਆਂ ਮਹਿਲਾ ਪਹਿਲਵਾਨਾਂ ਬਹੁਤ ਭਾਵੁਕ ਨਜ਼ਰ ਆਈਆਂ। ਬਜਰੰਗ ਪੂਨੀਆ 40 ਮਿੰਟਾਂ ਬਾਅਦ ਉਥੇ ਪੁੱਜਾ। ਵਿਨੇਸ਼ ਦੇ ਪਤੀ ਸੋਮਬੀਰ ਰਾਠੀ ਨੇ ਆਪਣੀ ਪਤਨੀ ਵੱਲੋਂ ਏਸ਼ਿਆਈ ਖੇਡਾਂ ’ਚ ਜਿੱਤਿਆ ਤਗ਼ਮਾ ਫੜਿਆ ਹੋਇਆ ਸੀ। ਸਾਕਸ਼ੀ ਹੱਥ 2016 ਵਿੱਚ ਰੀਓ ਓਲੰਪਿਕ ’ਚ ਜਿੱਤਿਆ ਕਾਂਸੀ ਦਾ ਤਗ਼ਮਾ ਸੀ। ਉਂਜ ਇਸ ਪੂਰੇ ਘਟਨਾਕ੍ਰਮ ਨੇ 1960 ਵਿੱਚ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਵੱਲੋਂ ਅਮਰੀਕਾ ਵਿੱਚ ਨਸਲੀ ਵਿਤਕਰੇ ਖਿਲਾਫ਼ ਰੋਸ ਵਜੋਂ ਓਹੀਓ ਨਦੀ ਵਿੱਚ ਆਪਣਾ ਓਲੰਪਿਕ ਸੋਨ ਤਗ਼ਮਾ ਸੁੱਟਣ ਦੀ ਘਟਨਾ ਨੂੰ ਤਾਜ਼ਾ ਕਰ ਦਿੱਤਾ। ਕਈ ਖਾਪਾਂ ਤੇ ਸਿਆਸੀ ਆਗੂਆਂ ਵੱਲੋਂ ਕੀਤੀ ਅਪੀਲ ਮਗਰੋਂ ਪਹਿਲਵਾਨ ਗੰਗਾ ਕੰਢੇ ਪੌਣੇ ਦੋ ਘੰਟੇ ਦੇ ਕਰੀਬ ਬੈਠਣ ਮਗਰੋਂ ਉਥੇ ਮੁੜ ਗਏ। ਪਹਿਲਵਾਨ ਜਿਤੇਂਦਰ ਕਿਨਹਾ, ਜੋ ਜੰਤਰ ਮੰਤਰ ’ਤੇ ਲੱਗੇ ਧਰਨੇ ’ਚ ਸ਼ਾਮਲ ਸੀ, ਨੇ ਕਿਹਾ, ‘‘ਖਾਪ ਆਗੂਆਂ ਨੇ ਆਪਣੀਆਂ ਪੱਗਾਂ ਸਾਡੇ ਅੱਗੇ ਰੱਖੀਆਂ ਤੇ ਕਿਹਾ, ‘‘ਆਸ ਨਾ ਛੱਡੋ।’ ਪੱਗ ਦਾ ਮਾਣ ਰੱਖਦਿਆਂ ਅਸੀਂ ਉਡੀਕ ਕਰਨ ਦਾ ਫੈਸਲਾ ਕੀਤਾ।’’ ਉਂਜ ਪਹਿਲਵਾਨ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾਂ ਉਥੋਂ ਚਲੇ ਗਏ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਅੱਜ ਟਵਿੱਟਰ ’ਤੇ ਲੰਘੇ ਦਿਨਾਂ ਦੀਆਂ ਘਟਨਾਵਾਂ ਦੀ ਲੜੀਵਾਰ ਤਸਵੀਰਾਂ ਸਾਂਝੀਆਂ ਕੀਤੀਆਂ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਕਿਹਾ ਕਿ ਉਹ ਹਰਿਦੁਆਰ ਜਾ ਕੇ ਆਪਣੇ ਤਗ਼ਮੇ ਗੰਗਾ ਵਿੱਚ ਜਲਪ੍ਰਵਾਹ ਕਰਨਗੇ। ਪਹਿਲਵਾਨਾਂ ਨੇ ਕਿਹਾ ਕਿ ਉਹ ਆਪਣੇ ਤਗ਼ਮੇ ਸੁੱਟਣ ਮਗਰੋਂ ਇੰਡੀਆ ਗੇਟ ’ਤੇ ਭੁੱਖ ਹੜਤਾਲ ਕਰਨਗੇ। ਪਹਿਲਵਾਨਾਂ ਨੇ ਆਪਣੀ ਪੋਸਟ ਵਿੱਚ ਕਿਹਾ, ‘‘ 28 ਮਈ ਨੂੰ ਜੋ ਕੁਝ ਹੋਇਆ ਤੁਸੀਂ ਵੇਖਿਆ। ਪੁਲੀਸ ਨੇ ਸਾਡੇ ਨਾਲ ਕਿਵੇਂ ਵਿਹਾਰ ਕੀਤਾ ਤੇ ਸਾਨੂੰ ਕਿਸ ਢੰਗ ਨਾਲ ਗ੍ਰਿਫ਼ਤਾਰ ਕੀਤਾ। ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ...ਸਾਡੀ ਥਾਂ ਖੋਹ ਲਈ ਗਈ ਤੇ ਅਗਲੇ ਦਿਨ ਸਾਡੇ ਖਿਲਾਫ਼ ਗੰਭੀਰ ਕੇਸ ਤੇ ਐੱਫਆਈਆਰ ਦਰਜ ਕੀਤੀ ਗਈ। ਕੀ ਪਹਿਲਵਾਨਾਂ ਨੇ ਉਨ੍ਹਾਂ ਨਾਲ ਕੀਤੇ ਗਏ ਜਿਨਸੀ ਸ਼ੋਸ਼ਣ ਲਈ ਨਿਆਂ ਮੰਗ ਕੇ ਕੋਈ ਗੁਨਾਹ ਕੀਤਾ ਹੈ? ਪੁਲੀਸ ਤੇ ਸਿਸਟਮ ਸਾਡੇ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰ ਰਹੀ ਹੈ, ਜਦੋਂਕਿ ਜ਼ੁਲਮ ਕਰਨ ਵਾਲਾ ਚੁਟਕੀ ਲੈਂਦਿਆਂ ਖੁੱਲ੍ਹਾ ਘੁੰਮ ਰਿਹਾ ਹੈ। ਉਹ ਤਾਂ ਪੋਕਸੋ ਐਕਟ ਨੂੰ ਬਦਲਣ ਦੀਆਂ ਸਰ੍ਹੇਆਮ ਗੱਲਾਂ ਕਰ ਰਿਹਾ ਹੈ।’’ ਪਹਿਲਵਾਨਾਂ ਨੇ ਕਿਹਾ, ‘‘ਪੁਲੀਸ ਨੂੰ ਚਾਹੀਦਾ ਹੈ ਕਿ ਉਹ ਜ਼ੁਲਮ ਕਰਨ ਵਾਲੇ ਨੂੰ ਗ੍ਰਿਫਤਾਰ ਕਰੇ, ਪਰ ਸਿਸਟਮ ਤਾਂ ਪੀੜਤ ਮਹਿਲਾਵਾਂ ਨੂੰ ਆਪਣਾ ਧਰਨਾ ਖ਼ਤਮ ਕਰਨ ਲਈ ਡਰਾ ਧਮਕਾ ਰਿਹਾ ਹੈ।’’ਉਧਰ ਅਯੁੱਧਿਆ ਵਿੱਚ ਸਾਧੂਆਂ ਦੇ ਇਕ ਸਮੂਹ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਹਮਾਇਤ ਵਿੱਚ ਅਗਲੇ ਹਫ਼ਤੇ ਰੈਲੀ ਕਰਨ ਦਾ ਐਲਾਨ ਕੀਤਾ ਹੈ। -