ਗਲਤ ਸਿਗਨਲ ਕਾਰਨ ਮੌਤ ਦੀ ਲੀਹ ’ਤੇ ਪਈ ਗੱਡੀ

ਗਲਤ ਸਿਗਨਲ ਕਾਰਨ ਮੌਤ ਦੀ ਲੀਹ ’ਤੇ ਪਈ ਗੱਡੀ

ਬਾਲਾਸੌਰ/ਭੁਬਨੇਸ਼ਵਰ - ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ’ਚ ਤਿੰਨ ਰੇਲਾਂ ਦੇ ਆਪਸ ’ਚ ਟਕਰਾਉਣ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 288 ਹੋ ਗਈ ਹੈ। ਦੇਸ਼ ਦੇ ਸਭ ਤੋਂ ਭਿਆਨਕ ਹਾਦਸਿਆਂ ’ਚ ਸ਼ੁਮਾਰ ਇਸ ਹਾਦਸੇ ’ਚ ਕਰੀਬ 1100 ਵਿਅਕਤੀ ਜ਼ਖ਼ਮੀ ਹੋਏ ਹਨ। ਭਾਰਤੀ ਰੇਲਵੇ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿਗਨਲ ਤੋੜਨ ਮਗਰੋਂ ਗਲਤ ਲੀਹ ’ਤੇ ਪੈਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦਾ ਖ਼ਦਸ਼ਾ ਹੈ। ਹਾਦਸੇ ਕਾਰਨ 90 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 46 ਦੇ ਰੂਟ ਬਦਲ ਦਿੱਤੇ ਗਏ। ਕੋਰੋਮੰਡਲ ਐਕਸਪ੍ਰੈੱਸ ਅਤੇ ਬੰਗਲੂਰੂ-ਹਾਵੜਾ ਐਕਸਪ੍ਰੈੱਸ ਦੇ ਡੱਬੇ ਸ਼ੁੱਕਰਵਾਰ ਦੇਰ ਸ਼ਾਮ ਲੀਹ ਤੋਂ ਲੱਥਣ ਅਤੇ ਫਿਰ ਇਕ ਮਾਲਗੱਡੀ ਨਾਲ ਟਕਰਾਉਣ ਮਗਰੋਂ ਇਹ ਭਿਆਨਕ ਹਾਦਸਾ ਵਾਪਰਿਆ ਸੀ। ਹਾਦਸੇ ਵਾਲੀ ਥਾਂ ਇੰਜ ਜਾਪ ਰਹੀ ਸੀ ਜਿਵੇਂ ਕੋਈ ਜ਼ੋਰਦਾਰ ਵਾਵਰੋਲਾ ਆਇਆ ਹੋਵੇ ਅਤੇ ਉਸ ਨੇ ਡੱਬਿਆਂ ਨੂੰ ਇਕ-ਦੂਜੇ ਦੇ ਉਪਰ ਸੁੱਟ ਦਿੱਤਾ ਹੋਵੇ। ਉੜੀਸਾ ਦੇ ਮੁੱਖ ਸਕੱਤਰ ਪੀ ਕੇ ਜੇਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਮੀ ਆਫ਼ਤ ਪ੍ਰਬੰਧਨ ਬਲ, ਉੜੀਸਾ ਆਫ਼ਤ ਪ੍ਰਬੰਧਨ ਕਾਰਜ ਬਲ ਤੇ ਅੱਗ ਬੁਝਾਊ ਦਸਤਿਆਂ ਵੱਲੋਂ ਡੱਬਿਆਂ ਨੂੰ ਕੱਟ ਕੇ ਜਿਊਂਦੇ ਜਾਂ ਮ੍ਰਿਤਕ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਰੀਬ 200 ਐਂਬੂਲੈਂਸਾਂ, 50 ਬੱਸਾਂ, 45 ਮੋਬਾਈਲ ਸਿਹਤ ਇਕਾਈਆਂ ਅਤੇ 1200 ਜਵਾਨ ਲਗਾਤਾਰ ਹਾਦਸੇ ਵਾਲੀ ਥਾਂ ’ਤੇ ਰਾਹਤ ਤੇ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਕੋ ਥਾਂ ’ਤੇ ਕਈ ਪਟੜੀਆਂ ਹੋਣ ਕਰਕੇ ਹਾਦਸੇ ਦੀ ਤੀਬਰਤਾ ਵਧ ਗਈ ਸੀ। ਪੱਛਮੀ ਬੰਗਾਲ ਦੇ ਬਰਾਕਪੁਰ ਅਤੇ ਪਾਨਾਗੜ੍ਹ ਤੋਂ ਇੰਜਨੀਅਰਿੰਗ ਅਤੇ ਮੈਡੀਕਲ ਜਵਾਨਾਂ ਸਮੇਤ ਫ਼ੌਜ ਦੀਆਂ ਟੁੱਕੜੀਆਂ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈਆਂ ਸਨ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਮੁਸਾਫ਼ਰਾਂ ਨੂੰ ਕੱਢਣ ਲਈ ਦੋ ਐੱਮਆਈ-17 ਹੈਲੀਕਾਪਟਰ ਤਾਇਨਾਤ ਕੀਤੇ ਗਏ ਸਨ। ਦੱਖਣ ਪੂਰਬੀ ਸਰਕਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਰੇਲਵੇ ਸੁਰੱਖਿਆ ਦੇ ਕਮਿਸ਼ਨਰ ਏ ਐੱਮ ਚੌਧਰੀ ਕਰਨਗੇ। ਰੇਲਵੇ ਨੇ ਕਿਹਾ ਕਿ ਰੂਟ ’ਤੇ ਟਰੇਨ ਹਾਦਸੇ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ’ ਉਪਲੱਬਧ ਨਹੀਂ ਸੀ। ਹਾਦਸੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹਨ ਪਰ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਸਿਗਨਲ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।