
ਦੁਨੀਆਂ ਜਾਣਦੀ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੇ ਕਿਸੇ ਇਕ ਵਰਗ ਦੀ ਭਲਾਈ ਲਈ ਨਹੀਂ ਸਗੋਂ ਸਮੁੱਚੇ ਭਾਰਤ ਨੂੰ ਇਕ ਸਹੀ ਦਿਸ਼ਾ ਦੇ ਕੇ ਚੜਦੀ ਕਲਾ ਵੱਲ ਲੈ ਜਾਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਹਨਾਂ ਦੇ ਇਸ ਸੰਘਰਸ਼ ਵਿਚ ਉਹਨਾਂ ਦੇ ਪਰਿਵਾਰ ਦਾ ਵੀ ਪੂਰਾ ਯੋਗਦਾਨ ਮੰਨਿਆ ਜਾ ਸਕਦਾ ਹੈ। ਉਹਨਾਂ ਦਾ ਆਪਣਾ ਜੀਵਨ ਬਹੁਤ ਹੀ ਸੰਘਰਸ਼ਮਈ ਅਤੇ ਗਰੀਬੀ ਨਾਲ ਜੂਝਦਾ ਰਿਹਾ ਹੈ। ਪਰ ਉਹਨਾਂ ਨੇ ਸੀਮਤ ਸਰੋਤਾਂ ਵਾਲੇ ਸਮੇਂ ’ਚ ਇਕ ਓਸ ਪੱਧਰ ਤੱਕ ਪੜਾਈ ਕੀਤੀ ਜੋ ਅੱਜ ਤੱਕ ਨੌਜਵਾਨ ਪੀੜੀ ਲਈ ਇਸ ਚਾਨਣ ਮੁਨਾਰਾ ਬਣਿਆ ਹੋਇਆ ਹੈ। ਸਭ ਤੋਂ ਵੱਡੀ ਉਹਨਾਂ ਦੀ ਜੋ ਸੋਚ ਮੰਨੀ ਜਾਂਦੀ ਹੈ ਉਹ ਸਮਾਜਿਕ ਬਰਾਬਰਤਾ ਦੀ ਸੋਚ ਹੈ। ਉਹਨਾਂ ਸਮਾਜ ਵਿਚ ਜਾਤ ਪਾਤ, ਊਚ ਨੀਚ ਅਤੇ ਅਮੀਰੀ ਗਰੀਬੀ ਦੇ ਪਾੜੇ ਨੂੰ ਮੁਕਾਉਣ ਦੇ ਅਣਥੱਕ ਯਤਨ ਕੀਤੇ। ਉਹਨਾਂ ਦੇ ਜੀਵਨ ਵਿਚ ਕਿਤੇ ਵੀ ਇਹ ਨਹੀਂ ਆਉਂਦਾ ਕਿ ਉਹਨਾਂ ਕਿਤੇ ਵੀ ਇਕਪਾਸੜ ਗੱਲ ਕੀਤੀ ਹੋਵੇ। ਉਹਨਾਂ ਤਕੜੇ ਹੱਥੋਂ ਮਾੜੇ ਨੂੰ ਮਾਰੇ ਜਾਣ ਦੇ ਵਰਤਾਰੇ ਦਾ ਵਿਰੋਧ ਕੀਤਾ ਅਤੇ ਮਾੜੇ ਦੇ ਜੀਵਨ ਪੱਧਰ ਨੂੰ ਉੱਚਾ ਚੱੁਕਣ ਲਈ ਯਤਨ ਕੀਤੇ। ਡਾ. ਬੀ.ਆਰ. ਅੰਬੇਡਕਰ ਨੇ ਜੋ ਸੰਵਿਧਾਨ ਤਿਆਰ ਕੀਤਾ ਉਹ ਅੱਜ ਵੀ ਸਾਰਥਿਕ ਹੈ ਅਤੇ ਦੁਨੀਆਂ ਵਿਚ ਭਾਰਤ ਇਕ ਲੋਕਤੰਤਰ ਦੇਸ਼ ਹੋਣ ਕਾਰਨ ਮਾਣ ਹਾਸਲ ਕਰ ਰਿਹਾ ਹੈ। ਉਹਨਾਂ ਕਿਹਾ ਸੀ ਕਿ ਹੁਣ ਰਾਜਾ ਰਾਣੀ ਦੇ ਪੇਟ ਵਿਚ ਨਹੀਂ ਲੋਕਾਂ ਦੀਆਂ ਵੋਟਾਂ ਵਿਚੋਂ ਜਨਮ ਲਵੇਗਾ ਤੇ ਉਹ ਗੱਲ ਸੱਚ ਵੀ ਸਾਬਤ ਹੋਈ ਹੈ। ਉਹ ਵੱਖਰੀ ਗੱਲ ਹੈ ਕਿ ਬਾਬਾ ਸਾਹਿਬ ਵਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰ ਕੇ ਬਹੁਤ ਸਾਰੇ ਲੋਕ ਉੱਚ ਅਹੁਦਿਆਂ ’ਤੇ ਪਹੁੰਚੇ ਪਰ ਉਹਨਾਂ ਦੇ ਸੁਨੇਹੇ ‘ਪੇ ਬੈਕ ਟੂ ਸੁਸਾਇਟੀ’ ਨੂੰ ਭੁੱਲਦੇ ਰਹੇ। ਉਹਨਾਂ ਕਿਹਾ ਕਿ ਖੁਦ ਕਾਮਯਾਬ ਹੋ ਕੇ ਆਪਣੇ ਸਮਾਜ ਨੂੰ ਵੀ ਕਾਮਯਾਬ ਕਰਨ ਲਈ ਯਤਨ ਕਰੋ। ਜਿਵੇਂ ਉਹਨਾਂ ਜਿੰਨੀ ਪੜਾਈ ਕਰ ਲਈ ਸੀ ਉਸ ਅਨੁਸਾਰ ਉਹ ਜਿਹੜੀ ਮਰਜ਼ੀ ਨੌਕਰੀ ਕਰ ਕੇ ਜੀਵਨ ਬਤੀਤ ਕਰ ਸਕਦੇ ਸਨ, ਜਿਹੜੇ ਮਰਜ਼ੀ ਦੇਸ਼ ਵਿਚ ਜਾ ਮੌਜਾਂ ਲੈ ਸਕਦੇ ਸਨ, ਪਰ ਉਹਨਾਂ ਨੂੰ ਆਪਣਾ ਸਮਾਜ ਦਿਖਾਈ ਦੇ ਰਿਹਾ ਸੀ ਕਿ ਉਹ ਚੰਗੀ ਤਰਾਂ ਸੌਂ ਵੀ ਨਹੀਂ ਸਕਦਾ, ਇਸ ਲਈ ਸਮਾਜ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਹਨਾਂ ਬਿਨਾਂ ਕਿਸੇ ਲੋਭ ਲਾਲਚ ਦੇ ਆਪਣੇ ਸਮਾਜ ਲਈ ਦਿਨ ਰਾਤ ਕੰਮ ਕੀਤਾ। ਪਰ ਸਮਾਜ ਵਿਚ ਅੱਜ ਤੱਕ ਵੀ ਉਹ ਜਾਗਿ੍ਰਤੀ ਨਹੀਂ ਆਈ ਜਿਸਦਾ ਉਹਨਾਂ ਨੇ ਸੁਪਨਾ ਲਿਆ ਸੀ। ਉਹ ਆਪਣੇ ਜੀਵਨ ਵਿਚ ਇਸ ਗੱਲੋਂ ਨਿਰਾਸ਼ ਵੀ ਹੋਏ ਕਿ ਜਿਸ ਸਮਾਜ ਨੂੰ ਮੈਂ ਜਗਾਉਣਾ ਚਾਹੁੰਦਾ ਹਾਂ ਉਹ ਸੌਣ ਦੀ ਸੋਚ ਰੱਖਣ ਵਾਲਾ ਹੈ, ਭਾਵ ਉਹ ਆਪਣੇ ਅਧਿਕਾਰਾਂ ਬਾਰੇ ਜਾਨਣਾ ਹੀ ਨਹੀਂ ਚਾਹੁੰਦਾ। ਉਹ ਮਾਨਸਿਕ ਗੁਲਾਮ ਹੋ ਗਿਆ ਹੈ ਅਤੇ ਉਸਨੂੰ ਉਸ ਗੁਲਾਮੀ ਤੋਂ ਛੁਡਾਉਣਾ ਸੌਖਾ ਨਹੀਂ। ਪਰ ਫਿਰ ਵੀ ਉਹ ਆਪਣੇ ਆਖਰੀ ਸਾਹ ਤੱਕ ਹਾਕਮਾਂ ਦੇ ਨਾਲ ਲੜਦੇ ਰਹੇ ਅਤੇ ਆਖਰਕਾਰ ਉਹ ਆਪਣਾ ਸਾਰਾ ਕੁਝ ਦੱਬੇ ਕੁਚਲੇ ਅਤੇ ਤੰਗੀਆਂ ਤੁਰਸ਼ੀਆਂ ਝੱਲ ਰਹੇ ਸਮਾਜ ਉੱਤੋਂ ਕੁਰਬਾਨ ਕਰ ਗਏ। ਆਪਣੇ ਇਸ ਜੀਵਨ ਦੌਰਾਨ ਉਹਨਾਂ ਸਿਰਫ ਦੱਬੇ ਕੁਚਲੇ ਸਮਾਜ ਹੀ ਨਹੀਂ ਸਗੋਂ ਔਰਤਾਂ ਅਤੇ ਸਿੱਖਾਂ ਲਈ ਵੀ ਅਵਾਜ਼ ਬੁਲੰਦ ਕੀਤੀ। ਜਿੱਥੇ ਔਰਤਾਂ ਨੂੰ ਉਹਨਾਂ ਸੰਵਿਧਾਨ ਵਿਚ ਬਰਾਬਰ ਦੇ ਹੱਕ ਲੈ ਕੇ ਦਿੱਤੇ ਉੱਥੇ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ। ਪਰ ਅੱਜ ਦੀਆਂ ਸਾਜਿਸ਼ੀ ਤਾਕਤਾਂ ਭਾਈਚਾਰਕ ਸਾਂਝ ਵਿਚ ਪਾੜ ਪਾਉਣ ਲਈ ਬਹੁਤ ਕੁਝ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਜੇਕਰ ਸਮਾਜ ਵਿਚ ਪਾੜਾ ਹੈ ਤਾਂ ਉਹ ਸੌਖਿਆਂ ਹੀ ਰਾਜ ਕਰ ਸਕਦੇ ਹਨ, ਜੇਕਰ ਇਹ ਪਾੜਾ ਮਿਟ ਗਿਆ ਤਾਂ ਫਿਰ ਰਾਜਸੀ ਤਾਕਤ ਆਮ ਲੋਕਾਂ ਦੇ ਹੱਥ ਵਿਚ ਆ ਸਕਦੀ ਹੈ।
ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਸੜਕ ਉੱਤੇ ਸਥਿੱਤ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਇਕ ਸਿੱਖੀ ਦੇ ਭੇਸ ਵਾਲੇ ਨੌਜਵਾਨ ਵਲੋਂ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਉਹ ਤਾਂ ਗਨੀਮਤ ਹੈ ਕਿ ਪੁਲਿਸ ਨੇ ਜਲਦੀ ਹੀ ਉਸਨੂੰ ਗਿ੍ਰਫ਼ਤਾਰ ਕਰ ਲਿਆ। ਜੇਕਰ ਉਹ ਗਿ੍ਰਫ਼ਤਾਰ ਨਾ ਹੁੰਦਾ ਤਾਂ ਐੱਸ.ਸੀ. ਸਮਾਜ ਅਤੇ ਸਿੱਖਾਂ ਵਿਚ ਨਫ਼ਰਤ ਪੈਦਾ ਹੋ ਸਕਦੀ ਸੀ ਕਿਉਂਕਿ ਉਸ ਨੌਜਵਾਨ ਨੇ ਸਿਰ ਉੱਤੇ ਪਰਨਾ ਬੰਨਿਆ ਹੋਇਆ ਸੀ। ਪਰ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਖੁਦ ਐੱਸ.ਸੀ. ਸਮਾਜ ਨਾਲ ਜੁੜਿਆ ਹੋਇਆ ਹੈ। ਸਭ ਹੈਰਾਨ ਹਨ ਕਿ ਉਸ ਨੇ ਅਜਿਹਾ ਕੀਤਾ ਕਿਉਂ? ਬਾਬਾ ਸਾਹਿਬ ਨੇ ਤਾਂ ਕਿਸੇ ਨਾਲ ਮਾੜਾ ਕੀਤਾ ਨਹੀਂ ਜਿਸ ਕਾਰਨ ਉਹਨਾਂ ਖਿਲਾਫ਼ ਕਿਸੇ ਵਿਚ ਐਨੀ ਜ਼ਹਿਰ ਹੋਵੇ। ਸੋ ਇਹ ਸਭ ਸਾਜਿਸ਼ੀ ਤਾਕਤਾਂ ਹੀ ਕਰ ਸਕਦੀਆਂ ਹਨ ਜਿਨਾਂ ਤੋਂ ਬਚਣ ਦੀ ਲੋੜ ਹੈ। ਘਟਨਾ ਦੀ ਤਹਿ ਤੱਕ ਜਾਣ ਦੀ ਲੋੜ ਹੈ ਨਾ ਕਿ ਆਪਸ ਵਿਚ ਕਿਸੇ ਵੀ ਤਰਾਂ ਦਾ ਵਿਵਾਦ ਪੈਦਾ ਕਰ ਕੇ ਦੂਰੀਆਂ ਪਾਈਆਂ ਜਾਣ। ਆਮੀਨ!