ਪੁਣਛ: ਕੰਟਰੋਲ ਰੇਖਾ ਨੇੜੇ ਗੋਲੀਬਾਰੀ ਮਗਰੋਂ ਤਿੰਨ ਅਤਿਵਾਦੀ ਕਾਬੂ

ਪੁਣਛ: ਕੰਟਰੋਲ ਰੇਖਾ ਨੇੜੇ ਗੋਲੀਬਾਰੀ ਮਗਰੋਂ ਤਿੰਨ ਅਤਿਵਾਦੀ ਕਾਬੂ

ਜੰਮੂ - ਫੌਜ ਵੱਲੋਂ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਕੋਲੋਂ ਤਿੰਨ ਅਤਿਵਾਦੀਆਂ ਸਮੇਤ ਵੱਡੀ ਗਿਣਤੀ ਵਿੱਚ ਅਸਲਾ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਸਰਹੱਦ ਨੇੜੇ ਹੋਈ ਗੋਲੀਬਾਰੀ ਦੌਰਾਨ ਕਾਬੂ ਕੀਤੇ ਗਏ ਅਤਿਵਾਦੀਆਂ ਕੋਲੋਂ ਦਸ ਕਿੱਲੋ ਬਾਰੂਦੀ ਸੁਰੰਗਾਂ (ਆਈਈਡੀ) ਵੀ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਤਿਵਾਦੀਆਂ ਨੂੰ ਭਾਰਤ ਵਿੱਚ ਦਾਖਲ ਹੋਣ ਮੌਕੇ ਕਾਬੂ ਕੀਤਾ ਗਿਆ ਹੈ। ਇਸ ਗੋਲੀਬਾਰੀ ਵਿੱਚ ਇੱਕ ਫੌਜੀ ਜਵਾਨ ਅਤੇ ਇੱਕ ਅਤਿਵਾਦੀ ਜ਼ਖ਼ਮੀ ਹੋਏ ਹਨ।

ਜੰਮੂ ਦੇ ਆਰਮੀ ਪੀਆਰਓ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ, ‘ਫੌਜ ਅਤੇ ਸਥਾਨਕ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਇਸ ਆਪਰੇਸ਼ਨ ਦੌਰਾਨ 30 ਤੇ 31 ਮਈ ਦੀ ਦਰਮਿਆਨੀ ਰਾਤ ਨੂੰ ਖਰਾਬ ਮੌਸਮ ਦਾ ਸਹਾਰਾ ਲੈ ਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ-ਚਾਰ ਅਤਿਵਾਦੀਆਂ ਨੂੰ ਪੁਣਛ ਖੇਤਰ ’ਚ ਕੰਟਰੋਲ ਰੇਖਾ ਨੇੜੇ ਕਾਬੂ ਕੀਤਾ ਗਿਆ ਹੈ।’ ਫੜੇ ਗਏ ਅਤਿਵਾਦੀਆਂ ਦੀ ਪਛਾਣ ਮੁਹੰਮਦ ਫਾਰੂਕ (26) ਜਿਸ ਦੀ ਲੱਤ ’ਤੇ ਗੋਲੀ ਵੱਜੀ ਹੈ, ਮੁਹੰਮਦ ਰਿਆਜ਼ (23) ਅਤੇ ਮੁਹੰਮਦ ਜ਼ੁਬੈਰ (22) ਵਜੋਂ ਹੋਈ ਹੈ। ਇਹ ਸਾਰੇ ਹੀ ਗੁਲਪੁਰ ਸੈਕਟਰ ਦੇ ਪਿੰਡ ਕਾਰਮਾਰਾ ਦੇ ਰਹਿਣ ਵਾਲੇ ਹਨ। ਐੱਨਆਈਏ ਨੇ ਕਸ਼ਮੀਰ ਵਿੱਚ ਨਵੀਆਂ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਤਿੰਨ ਥਾਵਾਂ ’ਤੇ ਛਾਪੇ ਮਾਰ ਕੇ ਤਲਾਸ਼ੀ ਲਈ। ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ੍ਰੀਨਗਰ ਤੇ ਬੜਗਾਮ ਜ਼ਿਲ੍ਹਿਆਂ ਵਿੱਚ ਅੱਜ ਸਾਰਾ ਦਿਨ ਚੱਲੀ ਇਸ ਛਾਪੇਮਾਰੀ ਦੌਰਾਨ ਕਈ ਡਿਜੀਟਲ ਯੰਤਰ ਜ਼ਬਤ ਕੀਤੇ ਗਏ।