
ਸੰਸਦ ਮੈਂਬਰ ਨੇ ਪੰਜਾਬ ਸਰਕਾਰ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ; ਰੋਜ਼ਾਨਾ ਕਰੋੜ ਰੁਪਏ ਦੀ ਰੇਤ ਚੋਰੀ ਹੋਣ ਦਾ ਦਾਅਵਾ
ਜ਼ੀਰਕਪੁਰ,(ਪੰਜਾਬੀ ਰਾਈਟਰ)- ਇੱਥੋਂ ਦੇ ਛੱਤਬੀੜ ਚਿੜੀਆਘਰ ਨੇੜਲੀਆਂ ਜ਼ਮੀਨਾਂ ਵਿੱਚ ਨਾਜਾਇਜ਼ ਖਣਨ ਮਾਮਲੇ ’ਚ ਹੁਣ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਵਾਤਾਵਰਨ ਅਤੇ ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਡਾ. ਗਾਂਧੀ ਨੇ ਕੇਂਦਰ ਸਰਕਾਰ ਨੂੰ ਭੇਜੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਛੱਤਬੀੜ ਚਿੜੀਆਘਰ ਦੇ ਨੇੜਲੀਆਂ ਜ਼ਮੀਨਾਂ ਵਿੱਚ ਡੀਸਿਲਟਿੰਗ ਦੀ ਓਟ ਹੇਠ ਨਾਜਾਇਜ਼ ਖਣਨ ਰਾਹੀਂ ਸਰਕਾਰੀ ਸਰੋਤਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਵੱਲੋਂ ਸਬੂਤਾਂ ਸਣੇ ਸ਼ਿਕਾਇਤ ਕਰਨ ਦੇ ਬਾਵਜੂਦ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮੌਕੇ ’ਤੇ ਇਸ ਦਾ ਠੇਕਾ ਸਿਰਫ਼ ਘੱਗਰ ਦਰਿਆ ਵਿੱਚੋਂ ਗਾਰ ਕੱਢਣ ਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੋਜ਼ਾਨਾ ਇੱਕ ਕਰੋੜ ਰੁਪਏ ਦੇ ਰੇਤ ਦੀ ਚੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਰਵਾਈ ਕਰਨ ਦੀ ਥਾਂ ਇਸ ’ਤੇ ਪਰਦਾ ਪਾਉਣ ਲਈ ਦਰਿਆ ਦੀ ਡੀਸਿਲਟਿੰਗ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਨੇ ਜ਼ਿਲ੍ਹਾ ਪ੍ਰਸ਼ਾਸਨ ਡੀਸਿਲਟਿੰਗ ਦੇ ਮਾਮਲੇ ’ਤੇ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦਾ।