
ਪੇਈਚਿੰਗ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਇੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਆਸਟਰੇਲੀਆ ਦੇ ਕਿਸੇ ਆਗੂ ਦਾ ਪਿਛਲੇ ਸੱਤ ਸਾਲਾਂ ਵਿਚ ਇਹ ਪਹਿਲਾ ਚੀਨ ਦੌਰਾ ਹੈ। ਜ਼ਿਕਰਯੋਗ ਹੈ ਕਿ ਦੋਵੇਂ ਮੁਲਕ ਆਪਣੇ ਤਿੜਕੇ ਰਿਸ਼ਤਿਆਂ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਦੇ ਮੀਡੀਆ ਨੇ ਇਸ ਮੀਟਿੰਗ ਨੂੰ ਰਿਪੋਰਟ ਕੀਤਾ ਹੈ ਪਰ ਵੇਰਵੇ ਸਾਂਝੇ ਨਹੀਂ ਕੀਤੇ। ਹਾਲਾਂਕਿ ਵਾਰਤਾ ਵਪਾਰ ਉਤੇ ਹੀ ਕੇਂਦਰਤ ਰਹਿਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਰਿਸ਼ਤੇ ਖਰਾਬ ਹੋਣ ਤੋਂ ਬਾਅਦ ਚੀਨ ਨੇ ਵਪਾਰਕ ਪੱਖ ਤੋਂ ਕੁਝ ਪਾਬੰਦੀਆਂ ਲਾਈਆਂ ਸਨ, ਜਿਨ੍ਹਾਂ ਵਿਚ ਹੁਣ ਢਿੱਲ ਦਿੱਤੀ ਗਈ ਹੈ। ਐਲਬਨੀਜ਼ ਨੇ ਬੈਠਕ ਤੋਂ ਪਹਿਲਾਂ ਸਹਿਯੋਗ ਦਾ ਸੱਦਾ ਦਿੰਦਿਆਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਖ਼ਰੇਵੇਂ ਖ਼ਤਮ ਹੋਣ ਦੇ ਆਸਾਰ ਫਿਲਹਾਲ ਨਹੀਂ ਹਨ। ਆਸਟਰੇਲਿਆਈ ਪ੍ਰਧਾਨ ਮੰਤਰੀ ਨੇ ਪੇਈਚਿੰਗ ਵਿਚ ਕਿਹਾ, ‘ਮੇਰਾ ਮੰਨਣਾ ਹੈ ਕਿ ਜਿੱਥੇ ਅਸੀਂ ਚੀਨ ਦੇ ਨਾਲ ਸਹਿਯੋਗ ਕਰ ਸਕਦੇ ਹਾਂ ਉੱਥੇ ਕਰਨਾ ਚਾਹੀਦਾ ਹੈ ਤੇ ਜਿੱਥੇ ਅਸਹਿਮਤ ਹੋਣਾ ਚਾਹੀਦਾ ਹੈ, ਉੱਥੇ ਅਸਹਿਮਤ ਹੋ ਸਕਦੇ ਹਾਂ, ਤੇ ਆਪਣੇ ਕੌਮੀ ਹਿੱਤ ਵਿਚ ਕੰਮ ਕਰ ਸਕਦੇ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਚੰਗੇ ਸੰਕੇਤ ਦੇਖੇ ਹਨ, ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੇ ਕਈ ਅੜਿੱਕੇ ਦੂਰ ਹੋ ਗਏ ਹਨ ਤੇ ਵਪਾਰ ਵਿਚ ਪਹਿਲਾਂ ਨਾਲੋਂ ਕਾਫ਼ੀ ਵਾਧਾ ਹੋਇਆ ਹੈ।’ ਐਲਬਨੀਜ਼ ਦੀ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦ ਕਿਸੇ ਆਸਟਰੇਲਿਆਈ ਪ੍ਰਧਾਨ ਮੰਤਰੀ ਦੀ ਚੀਨ ਦੀ ਪਹਿਲੀ ਯਾਤਰਾ ਨੂੰ 50 ਸਾਲ ਪੂਰੇ ਹੋਣ ਵਾਲੇ ਹਨ। ਚੀਨ ਤੇ ਆਸਟਰੇਲੀਆ ਦੇ ਰਿਸ਼ਤੇ ਹਾਲ ਦੇ ਸਾਲਾਂ ਵਿਚ ਵਿਗੜੇ ਹਨ ਕਿਉਂਕਿ ਆਸਟਰੇਲੀਆ ਦੀ ਸਿਆਸਤ ਵਿਚ ਚੀਨ ਦੇ ਦਖ਼ਲ ਦਾ ਸ਼ੱਕ ਵਧਦਾ ਹੀ ਗਿਆ ਹੈ। ਆਸਟਰੇਲੀਆ ਵੱਲੋਂ ਕੋਵਿਡ ਵਾਇਰਸ ਦੇ ਪੈਦਾ ਹੋਣ ਦੀ ਜਾਂਚ ਦੇ ਦਿੱਤੇ ਸੱਦੇ ਤੋਂ ਬਾਅਦ ਚੀਨ ਕਾਫੀ ਨਾਰਾਜ਼ ਹੋ ਗਿਆ ਸੀ। ਚੀਨ ਨੇ ਆਸਟਰੇਲਿਆਈ ਉਤਪਾਦਾਂ ਉਤੇ ਟੈਕਸ ਲਾ ਦਿੱਤਾ ਸੀ ਤੇ ਅਣਅਧਿਕਾਰਤ ਰੂਪ ’ਚ ਵਪਾਰ ਵਿਚ ਅੜਿੱਕਾ ਪਾ ਰਿਹਾ ਸੀ।