ਵੋਟਾਂ ਦੇ ਦੋ ਗੇੜਾਂ ਵਿੱਚ ਭਾਜਪਾ ਅੱਗੇ: ਮੋਦੀ

ਵੋਟਾਂ ਦੇ ਦੋ ਗੇੜਾਂ ਵਿੱਚ ਭਾਜਪਾ ਅੱਗੇ: ਮੋਦੀ

ਕੋਲ੍ਹਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਸੱਤਾ ’ਚ ਆਉਣ ਮਗਰੋਂ ਪੰਜ ਸਾਲਾਂ ਅੰਦਰ ਪੰਜ ਪ੍ਰਧਾਨ ਮੰਤਰੀ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਮੋਦੀ ਨੇ ਪੱਛਮੀ ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਗੱਠਜੋੜ ਤਿੰਨ ਅੰਕਾਂ ਜਾਂ ਸਰਕਾਰ ਬਣਾਉਣ ਦੇ ਦਰਵਾਜ਼ੇ ਤੱਕ ਵੀ ਨਹੀਂ ਪਹੁੰਚ ਸਕਦਾ ਪਰ ਜੇਕਰ ਉਸ ਨੂੰ ਮੌਕਾ ਮਿਲਿਆ ਤਾਂ ਉਸ ਦੀ ਯੋਜਨਾ ਹਰ ਸਾਲ ਇੱਕ ਪ੍ਰਧਾਨ ਮੰਤਰੀ ਬਣਾਉਣ ਦੀ ਹੈ। ਉਨ੍ਹਾਂ ਕਿਹਾ, ‘ਕਰਨਾਟਕ ’ਚ ਕਾਂਗਰਸ ਨੇ ਵਾਰੀ-ਵਾਰੀ ਮੁੱਖ ਮੰਤਰੀ ਦਾ ਅਹੁਦਾ ਢਾਈ ਸਾਲ ਮਗਰੋਂ ਉੱਪ ਮੁੱਖ ਮੰਤਰੀ ਨੂੰ ਸੌਂਪਣ ਦੀ ਯੋਜਨਾ ਬਣਾਈ ਹੈ। ਉਸ ਕੋਲ ਛੱਤੀਸਗੜ੍ਹ ਤੇ ਰਾਜਸਥਾਨ ’ਚ ਵੀ ਇਹੀ ਪ੍ਰਬੰਧ ਸੀ।’ ਉਨ੍ਹਾਂ ਕਿਹਾ ਕਿ ਕਾਂਗਰਸ ‘ਕਰਨਾਟਕ ਮਾਡਲ’ ਪੂਰੇ ਦੇਸ਼ ’ਚ ਲਾਗੂ ਕਰਨਾ ਚਾਹੁੰਦੀ ਹੈ ਜਿਸ ਵਿੱਚ ਮੁਸਲਮਾਨਾਂ ਨੂੰ ਓਬੀਸੀ ਦੇ 27 ਫੀਸਦ ਕੋਟੇ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦੀ ਅਗਵਾਈ ਹੇਠਲੇ ਗੱਠਜੋੜ ਨੇ ਸਮਾਜਿਕ ਨਿਆਂ ਦੀ ਹੱਤਿਆ ਕਰਨ ਦੀ ਸਹੁੰ ਖਾਧੀ ਹੋਈ ਹੈ। ਕਾਂਗਰਸ ਤੁਸ਼ਟੀਕਰਨ ਤੇ ਵੋਟ ਬੈਂਕ ਦੀ ਸਿਆਸਤ ਲਈ ਹੇਠਾਂ ਡਿੱਗ ਗਈ ਹੈ।’ ਉਨ੍ਹਾਂ ਕਿਹਾ, ‘ਕਾਂਗਰਸ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਅਤੇ ਧਰਮ ਆਧਾਰਿਤ ਰਾਖਵਾਂਕਰਨ ਲਈ ਦਲਿਤਾਂ, ਓਬੀਸੀ ਤੋਂ ਰਾਖਵਾਂਕਰਨ ਦਾ ਲਾਭ ਖੋਹਣਾ ਚਾਹੁੰਦੀ ਹੈ। ਕਾਂਗਰਸ ਨੇ ਨਾ ਸਿਰਫ਼ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕੀਤਾ ਬਲਕਿ ਇਸ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਵੀ ਸਵੀਕਾਰ ਨਹੀਂ ਕੀਤਾ।’ ਜਾਇਦਾਦ ਵੰਡ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੋਦੀ ਨੇ ਕਿਹਾ, ‘ਕਾਂਗਰਸ ਦੇ ਸ਼ਹਿਜ਼ਾਦੇ ਤੁਹਾਡੀ ਆਪਣੀ ਜਾਇਦਾਦ ਭਾਲ ਕੇ ਉਨ੍ਹਾਂ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ ਜਿਨ੍ਹਾਂ ਦਾ ਪਾਰਟੀ ਨੇ ਦੇਸ਼ ਦੇ ਸਰੋਤਾਂ ’ਤੇ ਪਹਿਲਾ ਅਧਿਕਾਰ ਦੱਸਿਆ ਸੀ।’ ਉਨ੍ਹਾਂ ਕਿਹਾ, ‘ਕਾਂਗਰਸ ਵਿਰਾਸਤ ਟੈਕਸ ਲਾਉਣਾ ਚਾਹੁੰਦੀ ਹੈ ਅਤੇ ਲੋਕਾਂ ਤੋਂ ਉਨ੍ਹਾਂ ਦੀ ਵਿਰਾਸਤ ਖੋਹਣਾ ਚਾਹੁੰਦੀ ਹੈ। ਅਜਿਹੇ ਲੋਕਾਂ ਨੂੰ ਸੱਤਾ ’ਚ ਆਉਣ ਦਾ ਥੋੜਾ ਜਿਹਾ ਵੀ ਮੌਕਾ ਨਹੀਂ ਮਿਲਣਾ ਚਾਹੀਦਾ।’ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਗੇੜਾਂ ’ਚ ਐੱਨਡੀਏ 2-0 ਨਾਲ ਅੱਗੇ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਵੋਟਰ ਤੀਜੇ ਗੇੜ ’ਚ ਉਨ੍ਹਾਂ ਨੂੰ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਬਾਅਦ ਵਾਲੇ ਗੇੜਾਂ ’ਚ ਵੀ ‘ਇੰਡੀ’ ਗੱਠਜੋੜ ਨੂੰ ਕਰਾਰੀ ਹਾਰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦੇ ਮੈਨੀਫੈਸਟੋ ’ਚ ਕਿਹਾ ਗਿਆ ਹੈ ਕਿ ਧਾਰਾ 370 ਬਹਾਲ ਕੀਤੀ ਜਾਵੇਗੀ ਅਤੇ ਸੀਏਏ ਰੱਦ ਕੀਤਾ ਜਾਵੇਗਾ। ਕੀ ਕੋਈ ਮੋਦੀ ਦੇ ਫ਼ੈਸਲੇ ਨੂੰ ਬਦਲ ਸਕਦਾ ਹੈ? ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕੀ ਉਨ੍ਹਾਂ ਨੂੰ ਪਤਾ ਹੈ ਕਿ ਇਸ ਦੇ ਕੀ ਨਤੀਜੇ ਹੋਣਗੇ?’