ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਨੇ ਵਾਲੀਬਾਲ ਦਾ ਸਫ਼ਲ ਟੂਰਨਾਮੈਂਟ ਕਰਵਾਇਆ

ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਨੇ ਵਾਲੀਬਾਲ ਦਾ ਸਫ਼ਲ ਟੂਰਨਾਮੈਂਟ ਕਰਵਾਇਆ

ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਾ) - ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਵਲੋਂ ਵਾਲੀਬਾਲ ਦਾ ਸਫਲ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਸਿੱਖ ਸੈਂਟਰ ਦੀਆਂ ਖੁੱਲ੍ਹੀਆਂ ਗਰਾਊਂਡਾਂ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕੁੱਲ 12 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਕਿ ਈਸਟ ਕੋਸਟ ਤੋਂ ਵੀ ਟੀਮਾਂ ਉਚੇਚੇ ਤੌਰ ’ਤੇ ਸ਼ਾਮਿਲ ਹੋਈਆਂ। ਫਸਵੇਂ ਮੁਕਾਬਲਿਆਂ ’ਚ ਪਹਿਲਾ ਸਥਾਨ ਐਕਸਮੈਨ ਏ ਟੀਮ ਨੇ ਜਿੱਤਿਆ। ਦੂਸਰਾ ਸਥਾਨ ਲਾਇਨਸ ਵਾਰੀਅਰ ਸਿੱਖ ਸੈਂਟਰ ਵਰਜ਼ੀਨੀਆਂ ਦੀ ਟੀਮ ਨੇ ਜਿੱਤਿਆ ਅਤੇ ਤੀਸਰੇ ਇਨਾਮ ਉੱਤੇ ਵੀ ਸਿੱਖ ਸੈਂਟਰ ਵਰਜ਼ੀਨੀਆਂ ਦੀ ਟੀਮ ਕਾਬਜ਼ ਰਹੀ। ਕੁਲ ਮਿਲਾ ਕੇ 500 ਤੋਂ ਵੱਧ ਦਰਸ਼ਕ ਇਹ ਟੂਰਨਾਮੈਂਟ ਵੇਖਣ ਪਹੁੰਚੇ। ਇਨਾਮ ਵੰਡ ਸਮਾਰੋਹ ਦੌਰਾਨ ਇਲਾਕੇ ਦੀਆਂ ਭੈਣਾਂ ਨੇ ਤੀਸਰੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 700 ਡਾਲਰ ਇਨਾਮ ਭੇਂਟ ਕੀਤਾ। ਦੂਸਰਾ ਇਨਾਮ 1200 ਡਾਲਰ ਜੋ ਇਸ ਟੂਰਨਾਮੈਂਟ ਨੂੰ ਕਰਵਾਉਣ ਵਾਲੀ ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸਿੱਖ ਸੈਂਟਰ ਵਰਜ਼ੀਨੀਆਂ ਦੀ ਸਾਂਝੀ ਕਮੇਟੀ ਬਣੀ ਸੀ, ਵਲੋਂ ਦਿੱਤਾ ਗਿਆ। ਪਹਿਲਾ ਇਨਾਮ 1700 ਡਾਲਰ ਇਲਾਕੇ ਦੇ ਮਸ਼ਹੂਰ ਬਿਜ਼ਨਸਮੈਨ ਸ੍ਰ. ਅਜੈਬ ਸਿੰਘ ਤੂਰ ਨੇ ਸਾਰੇ ਪਤਵੰਤ ਸੱਜਣਾਂ ਦੇ ਨਾਲ ਟੀਮ ਨੂੰ ਭੇਂਟ ਕੀਤਾ। ਇਹ ਸਾਰੇ ਕੈਸ਼ ਇਨਾਮ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਸੰਗਤਾਂ ਵਲੋਂ ਭੇਂਟ ਕੀਤੇ ਗਏ ਪੈਸੇ ਨਾਲ ਦਿੱਤੇ ਗਏ। ਇਸ ਇਲਾਕੇ ਦੇ ਨੌਜਵਾਨ ਖਿਡਾਰੀ ਮਲਕੀਤ ਸਿੰਘ ਗਿੱਲ ਜੋ ਤਕਰੀਬਨ ਪਿਛਲੇ 25 ਸਾਲ ਤੋਂ ਅਮਰੀਕਾ ਭਰ ਵਿਚ ਸਿੱਖਾਂ ਜਾਂ ਪੰਜਾਬੀਆਂ ਵਲੋਂ ਟੂਰਨਾਮੈਂਟ ਕਰਵਾਏ ਜਾਂਦੇ ਨੇ, ਵਿਚ ਹਮੇਸ਼ਾ ਭਾਗ ਲੈਂਦੇ ਹਨ। ਉਹਨਾਂ ਨੂੰ ਵਿਸ਼ੇਸ ਤੌਰ ’ਤੇ ਸਿੱਖ ਸੈਂਟਰ ਆਫ ਵਰਜ਼ੀਨੀਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਨੂੰ ਦੇਖਣ ਲਈ ਡੀ.ਸੀ. ਅਤੇ ਮੈਰੀਲੈਂਡ, ਵਰਜ਼ੀਨੀਆਂ ਤੋਂ ਸੰਗਤਾਂ ਪਹੁੰਚੀਆਂ। ਕੁਲ ਮਿਲਾ ਕੇ ਇਹ ਨੌਜਵਾਨਾਂ ਵਲੋਂ ਕਰਵਾਇਆ ਗਿਆ ਮੇਲਾ ਬਹੁਤ ਹੀ ਸਫਲਤਾ ਹਾਸਲ ਕਰ ਗਿਆ। ਖੁਸ਼ੀ ਦੀ ਗੱਲ ਇਹ ਹੈ ਕਿ ਇਕ ਪੂਰੀ ਦੀ ਪੂਰੀ ਟੀਮ ਅਮੈਰਿਕਨ ਜੰਮਪਲ ਬੱਚਿਆਂ ਦੀ ਸੀ ਤੇ ਟੀਮ ਦਾ ਨਾਮ ਵੀ ਨੌਜਵਾਨ ਸਪੋਰਟਸ ਕਲੱਬ ਰੱਖਿਆ ਗਿਆ ਸੀ। ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਦੀਆਂ ਸੰਗਤਾਂ ਨੇ ਟੂਰਨਾਮੈਂਟ ਦੀ ਸਫਲਤਾ ਲਈ ਭਰਪੂਰ ਸਾਥ ਦਿੱਤਾ।