ਵਰਜ਼ੀਨੀਆਂ ’ਚ ਕਰਵਾਇਆ ‘ਪੰਜਾਬ ਬੋਲਦਾ’ ਸੱਭਿਆਚਾਰਕ ਪ੍ਰੋਗਰਾਮ ਪੰਜਾਬੀਅਤ ਦੀ ਬਾਤ ਪਾ ਗਿਆ

ਵਰਜ਼ੀਨੀਆਂ ’ਚ ਕਰਵਾਇਆ ‘ਪੰਜਾਬ ਬੋਲਦਾ’ ਸੱਭਿਆਚਾਰਕ ਪ੍ਰੋਗਰਾਮ ਪੰਜਾਬੀਅਤ ਦੀ ਬਾਤ ਪਾ ਗਿਆ

* ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੁਲੰਦ ਗਾਇਕੀ ਨਾਲ ਪੰਜਾਬੀ ਸਰੋਤਿਆਂ ਨੂੰ ਕੀਲਿਆ

ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਸ)  ਵਿਦੇਸ਼ਾਂ ’ਚ ਬੈਠੇ ਪੰਜਾਬੀ ਹਮੇਸ਼ਾ ਹੀ ਪੰਜਾਬ ਦੀ ਮਿੱਟੀ ਦੀ ਮਹਿਕ ਲੋਚਦੇ ਰਹਿੰਦੇ ਹਨ ਅਤੇ ਜਦੋਂ ਕੋਈ ਪੰਜਾਬ ਤੋਂ ਗਾਇਕ ਆਉਂਦਾ ਹੈ ਉਹ ਬਹੁਤ ਹੀ ਚਾਵਾਂ ਅਤੇ ਮਲਾਰਾਂ ਨਾਲ ਉਸਨੂੰ ਸੁਣਨ ਜਾਂਦੇ ਹਨ। ਬੀਤੇ ਦਿਨੀਂ ਟੋਟਲ ਮਲਟੀਮੀਡੀਆ ਦੇ ਬੈਨਰ ਹੇਠ ਮੀਨੂ ਸੱਭਰਵਾਲ, ਮਹਿਤਾਬ ਸਿੰਘ ਕਾਹਲੋਂ ਅਤੇ ਸਨੀਂ ਮੱਲ੍ਹੀ ਵਲੋਂ ਵਰਜ਼ੀਨੀਆਂ ’ਚ ਕਰਵਾਇਆ ਗਿਆ ‘ਪੰਜਾਬ ਬੋਲਦਾ’ ਸੱਭਿਆਚਾਰਕ ਪ੍ਰੋਗਰਾਮ ਵਾਕਿਆ ਹੀ ਪੰਜਾਬੀਅਤ ਦੀ ਬਾਤ ਪਾ ਗਿਆ। 
    ਇਸ ਸਮਾਗਮ ਦੀ ਵਿਸ਼ੇਸ਼ ਖਿੱਚ ਸੀ ਪੰਜਾਬ ਤੋਂ ਆਇਆ ਨੌਜਵਾਨ ਸਰਦਾਰ ਗਾਇਕ ਰਣਜੀਤ ਬਾਵਾ। ਮਾਈਕ ਹੱਥ ’ਚ ਫੜਦਿਆਂ ਹੀ ਰਣਜੀਤ ਬਾਵਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਗਾ ਦਿੱਤੀ। ਉਹਨੇ ‘ਦੇਖ ਲਵੀਂ ਤਕਦੀਰੇ’, ‘ਮੈਂ ਤਾਂ ਕਹਿੰਨਾ ਸਾਰਿਆਂ ਦਾ ਕੰਮ ਫੁੱਲ ਚੱਲੇ’, ‘ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾ ਲਾਂ ਬੱੁਕਲ’ ਅਤੇ ਦਰਜ਼ਨਾਂ ਗੀਤਾਂ ਨਾਲ ਛਹਿਬਰ ਲਗਾ ਦਿੱਤੀ। 
    ਗੀਤਾਂ ਦੇ ਨਾਲ ਨਾਲ ਉਸਨੇ ਭਾਵੁਕ ਹੋ ਕੇ ਦੱਸਿਆ ਕਿ ਕਿਸਾਨੀ ਅੰਦੋਲਨ ਵਿਚ ਸ਼ਾਮਿਲ ਹੋਣ ਦਾ ਖਮਿਆਜ਼ਾ ਉਸਨੂੰ ਕੇਂਦਰੀ ਏਜੰਸੀ ਦੀ ਰੇਡ ਦਾ ਸਾਹਮਣਾ ਕਰ ਕੇ ਚੁਕਾਉਣਾ ਪਿਆ। ਉਸ ਨੇ ਇਸ ਮੌਕੇ ਪੰਜਾਬੀ ਦੇ ਸਿਰਮੌਰ ਤੇ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਨੂੰ ਉਹਨਾਂ ਦਾ ਗੀਤ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਗਾ ਕੇ ਸ਼ਰਧਾਂਜਲੀ ਦਿੱਤੀ। ਇਸ ਸੱਭਿਆਚਾਰਕ ਪ੍ਰੋਗਰਾਮ ’ਚ ਇਲਾਕੇ ਭਰ ’ਚੋਂ 500 ਤੋਂ ਵੱਧ ਸਰੋਤੇ ਪਹੁੰਚੇ ਅਤੇ ਕੁਲ ਮਿਲਾ ਕੇ ਮੇਲਾ ਮੁਕੰਮਲ ਰੂਪ ’ਚ ਕਾਮਯਾਬ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਆਗਿਆਪਾਲ ਸਿੰਘ ਬਾਠ ਨੇ ਬਾਖੂਬੀ ਨਿਭਾਈ। ਇਸ ਮੇਲੇ ’ਚ ਇਲਾਕੇ ਦੇ ਬਿਜ਼ਨਸਮੈਨਾਂ ਨੇ ਖੱੁਲ੍ਹ ਕੇ ਸਹਿਯੋਗ ਕੀਤਾ ਅਤੇ ਇਹ ਮੇਲਾ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਉੱਥੇ ਕਿਸਾਨੀ ਸੰਘਰਸ਼ ਦੀਆਂ ਯਾਦਾਂ ਵੀ ਤਾਜ਼ਾ ਕਰ ਗਿਆ।