ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਹਰਿਆਣਾ ’ਚ ਖੇਡੇਗੀ ਸਿਆਸੀ ਕੁਸ਼ਤੀ!

ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਹਰਿਆਣਾ ’ਚ ਖੇਡੇਗੀ ਸਿਆਸੀ ਕੁਸ਼ਤੀ!

ਹੁਣੇ ਹੁਣੇ ਹੋ ਕੇ ਹਟੀਆਂ ਉਲੰਪਿਕ ਖੇਡਾਂ ਦੌਰਾਨ ਜਿੱਥੇ ਭਾਰਤ ਦੇ ਬਹੁਤ ਸਾਰੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤੇ ਉੱਥੇ ਵਿਨੇਸ਼ ਫੋਗਾਟ ਮੈਡਲ ਨਾ ਜਿੱਤ ਕੇ ਵੀ ਬਾਕ ਸਾਰੇ ਖਿਡਾਰੀਆਂ ਨਾਲੋਂ ਚਰਚਾ ਖੱਟ ਗਈ। ਅਸਲ ਵਿਚ ਉਹਦੇ ਵਲੋਂ ਭਾਰਤੀ ਕੁਸ਼ਤੀ ਸੰਘ ਦੇ ਉਸ ਵੇਲੇ ਦੇ ਪ੍ਰਧਾਨ ਤੇ ਹੁਣ ਸਾਬਕਾ ਪ੍ਰਧਾਨ ਭੂਸ਼ਨ ਸ਼ਰਨ ਸਿੰਘ ਵਲੋਂ ਮਹਿਲਾ ਕੁਸ਼ਤੀ ਪਹਿਲਵਾਨਾਂ ਦੇ ਕੀਤੇ ਜਾਂਦੇ ਸੋਸ਼ਣ ਖਿਲਾਫ਼ ਝੰਡਾ ਬੁਲੰਦ ਕੀਤਾ ਗਿਆ ਸੀ। ਉਸ ਵੇਲੇ ਤੋਂ ਹੀ ਉਹ ਭਾਜਪਾ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗੀ ਸੀ। ਉਹ ਇਕ ਵਧੀਆ ਪਹਿਲਵਾਨ ਹੈ ਅਤੇ ਉਸਨੇ ਉਲੰਪਿਕ ਵਿਚ ਉਸ ਪਹਿਲਵਾਨ ਨੂੰ ਵੀ ਹਰਾ ਦਿੱਤਾ ਜਿਹੜੀ ਅੱਜ ਤੱਕ ਹਾਰੀ ਹੀ ਨਹੀਂ ਸੀ। ਪਰ ‘ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ਦੀ ਕਹਾਵਤ ਅਨੁਸਾਰ ਸਰਕਾਰ ਨੇ ਐਸੀ ਚਾਲ ਖੇਡੀ ਕਿ ਉਹ ਜਿੱਤ ਕੇ ਵੀ ਸਿਰਫ 50 ਗ੍ਰਾਮ ਵੱਧ ਭਾਰ ਕਾਰਨ ਡਿਸਕੁਆਲੀਫ਼ਾਈ ਕਰ ਦਿੱਤੀ ਗਈ। ਇਹ ਉਹਨੂੰ ਹੀ ਪਤਾ ਹੋਵੇਗਾ ਕਿ ਉਸ ਦੇ ਦਿਲ ਉੱਤੇ ਕੀ ਬੀਤੀ ਹੋਵੇਗੀ ਪਰ ਭਾਰਤ ਸਰਕਾਰ ਵਲੋਂ ਉਸ ਦੇ ਨਾਲ ਗਏ ਸਟਾਫ਼ ਦੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਕਿ ਉਹਨਾਂ ਦੇ ਨਾਲ ਹੁੰਦੇ ਹੋਏ ਵੀ ਭਾਰ ਕਿਵੇਂ ਵਧ ਗਿਆ। ਖੈਰ! ਭਾਰਤ ਦੀ ਜੁਝਾਰੂ ਬੇਟੀ ਦਾ ਕੈਰੀਅਰ ਸਿਆਸਤਦਾਨਾਂ ਦੀ ਭੇਂਟ ਚੜ ਗਿਆ। ਤਕੜੀਆਂ ਤਕੜੀਆਂ ਪਹਿਲਵਾਨਾਂ ਨੂੰ ਢਾਹੁਣ ਵਾਲੀ ਵਿਨੇਸ਼ ਫੋਗਾਟ ਸਿਆਸਤਦਾਨਾਂ ਦੇ ਦਾਅ ਪੇਚ ਸਹਾਰ ਨਾ ਸਕੀ ਅਤੇ ਹਾਰ ਗਈ। ਪਰ ਉਸਨੇ ਹਾਰ ਨਹੀਂ ਮੰਨੀ ਅਤੇ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਕੀਤੀ ਹੈ। ਇਸ ਪਾਰੀ ’ਚ ਸਿਆਸਤਦਾਨਾਂ ਵੱਲ ਨੂੰ ਸਿੱਧੀ ਹੋਵੇਗੀ ਜਿਹੜੇ ਸਿਆਸਤ ਦੀ ਵਰਤੋਂ ਕਰ ਕੇ ਧੱਕੇਸ਼ਾਹੀ ਕਰਦੇ ਹਨ, ਵਿਨੇਸ਼ ਉਹਨਾਂ ਨਾਲ ਸਿੰਗ ਫਸਾਵੇਗੀ।
ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਦੇਸ਼ ਦੇ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫ਼ੋਗਾਟ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਦਿੱਤਾ ਹੈ। ਦੋਵੇਂ ਸਟਾਰ ਪਹਿਲਵਾਨ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬਜਰੰਗ ਪੂਨੀਆ ਅਤੇ ਵਿਨੇਸ਼ ਫ਼ੋਗਾਟ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਮਿਲਣ ਪਹੁੰਚੇ, ਜਿਸ ਤੋਂ ਬਾਅਦ ਦੋਵੇਂ ਕਾਂਗਰਸ ਹੈੱਡਕੁਆਰਟਰ ਪਹੁੰਚੇ ਅਤੇ ਪਾਰਟੀ ’ਚ ਸ਼ਾਮਲ ਹੋ ਗਏ। ਓਲੰਪਿਕ ’ਚ ਇਤਿਹਾਸ ਰਚਣ ਵਾਲੇ ਬਜਰੰਗ ਪੂਨੀਆ ਅਤੇ ਵਿਨੇਸ਼ ਫ਼ੋਗਾਟ ਦੀਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈ ਜਿਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕੇਸ਼ੀ ਵੇਣੂਗੋਪਾਲ ਵੀ ਮੌਜੂਦ ਸਨ।
ਇਸ ਮੌਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਪੋਸਟ ਕਰਦੇ ਹੋਏ ਕਿਹਾ, ਚੱਕ ਦੇ ਇੰਡੀਆ, ਚੱਕ ਦੇ ਹਰਿਆਣਾ! ਮੈਂ ਸਾਡੇ ਪ੍ਰਤਿਭਾਸ਼ਾਲੀ ਚੈਂਪੀਅਨ ਵਿਨੇਸ਼ ਫ਼ੋਗਾਟ ਅਤੇ ਬਜਰੰਗ ਪੂਨੀਆ ਨੂੰ ਮਿਲਿਆ, ਜਿਨਾਂ ਨੇ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਸਾਨੂੰ ਤੁਹਾਡੇ ਦੋਵਾਂ ’ਤੇ ਮਾਣ ਹੈ।
ਪੈਰਿਸ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਅਤੇ ਲਗਾਤਾਰ ਤਿੰਨ ਵਿਰੋਧੀਆਂ ਨੂੰ ਹਰਾਉਣ ਵਾਲੀ ਵਿਨੇਸ਼ ਫ਼ੋਗਾਟ ਅਤੇ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ ਨੇ ਬੁੱਧਵਾਰ ਨੂੰ ਪਾਰਟੀ ਦੇ ਦਿੱਗਜ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨਾਲ ਪਹਿਲਵਾਨਾਂ ਦੀ ਇਹ ਮੁਲਾਕਾਤ 15 ਮਿੰਟ ਤੱਕ ਚੱਲੀ। ਇਸ ਮੁਲਾਕਾਤ ਤੋਂ ਬਾਅਦ ਹੀ ਕਿਆਸ ਅਰਾਈਆਂ ਲਗਾਈਆਂ ਜਾਣ ਲੱਗੀਆਂ ਕਿ ਇਹ ਦੋਵੇਂ ਪਹਿਲਵਾਨ ਕਾਂਗਰਸ਼ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਕਿ ਸੱਚ ਸਾਬਤ ਹੋਇਆ।
ਦੂਜੇ ਪਾਸੇ ਭਾਰਤੀ ਰੇਲਵੇ ਨੇ ਵੀ ਅੱਜ ਵਿਨੇਸ਼ ਫ਼ੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਵਿਨੇਸ਼ ਫ਼ੋਗਾਟ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਉਨਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਉਸ ਲਈ ਚੋਣ ਲੜਨ ਦਾ ਰਾਹ ਪੂਰੀ ਤਰਾਂ ਸਾਫ਼ ਹੋ ਗਿਆ ਹੈ। ਜੇਕਰ ਉਨਾਂ ਦਾ ਅਸਤੀਫ਼ਾ ਸਵੀਕਾਰ ਨਾ ਕੀਤਾ ਗਿਆ ਹੁੰਦਾ ਤਾਂ ਵਿਨੇਸ਼ ਫ਼ੋਗਾਟ ਚੋਣ ਮੈਦਾਨ ’ਚ ਉੱਤਰਦੀ ਤਾਂ ਸੰਕਟ ਪੈਦਾ ਹੋ ਸਕਦਾ ਸੀ। ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਅਹੁਦੇ ’ਤੇ ਹੈ ਅਤੇ ਉਹ ਚੋਣ ਲੜਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਵਿਭਾਗ ਵਲੋਂ ਉਹ ਅਸਤੀਫ਼ਾ ਪ੍ਰਵਾਨ ਹੋਇਆ ਹੋਣਾ ਚਾਹੀਦਾ ਹੈ। ਉਮੀਦਵਾਰੀ ਲਈ ਨਾਮਕਰਨ ਦਸਤਾਵੇਜ਼ ਦੇ ਨਾਲ ਐੱਨ.ਓ.ਸੀ. ਵੀ ਨੱਥੀ ਕਰਨੀ ਪੈਂਦੀ ਹੈ, ਤਾਂ ਹੀ ਰਿਟਰਨਿੰਗ ਅਫ਼ਸਰ ਅਰਜ਼ੀ ਨੂੰ ਸਵੀਕਾਰ ਕਰੇਗਾ। ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ। ਇਸ ਦੀ ਆਖਰੀ ਤਰੀਕ 12 ਸਤੰਬਰ ਹੈ, ਜਿਸ ਤੋਂ ਠੀਕ ਪਹਿਲਾਂ ਵਿਨੇਸ਼ ਫ਼ੋਗਾਟ ਲਈ ਇਹ ਰਾਹਤ ਦੀ ਖ਼ਬਰ ਹੈ।
ਕਾਂਗਰਸ ਨੇ ਵਿਨੇਸ਼ ਫ਼ੋਗਾਟ ਨੂੰ ਉਨਾਂ ਦੇ ਸਹੁਰੇ ਘਰ ਜੁਲਾਨਾ ਤੋਂ ਟਿਕਟ ਦਿੱਤੀ ਹੈ। ਕਾਂਗਰਸ ਲੰਬੇ ਸਮੇਂ ਤੋਂ ਜੁਲਾਨਾ ਸੀਟ ’ਤੇ ਜਿੱਤ ਦੀ ਉਡੀਕ ਕਰ ਰਹੀ ਹੈ। ਕਾਂਗਰਸ ਨੇ ਪਿਛਲੀ ਵਾਰ 2005 ਵਿੱਚ ਇਹ ਸੀਟ ਜਿੱਤੀ ਸੀ। ਪਾਰਟੀ ਦੀ ਵਿਗੜ ਰਹੀ ਸਾਖ਼ ਨੂੰ ਸੁਧਾਰਨ ਲਈ ਪਾਰਟੀ ਨੇ ਵਿਨੇਸ਼ ਫ਼ੋਗਾਟ ਨੂੰ ਉਮੀਦਵਾਰ ਬਣਾ ਕੇ ਵੱਡਾ ਜੂਆ ਖੇਡਿਆ ਹੈ। ਵਿਨੇਸ਼ ਦਾ ਮੁਕਾਬਲਾ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਮੌਜੂਦਾ ਵਿਧਾਇਕ ਅਮਰਜੀਤ ਢਾਂਡਾ ਨਾਲ ਹੋਵੇਗਾ। ਜੇ.ਜੇ.ਪੀ. ਨੇ 2019 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਅਮਰਜੀਤ ਢਾਂਡਾ ਨੇ ਭਾਜਪਾ ਦੇ ਪਰਮਿੰਦਰ ਸਿੰਘ ਢੁੱਲ ਨੂੰ 24,193 ਹਜ਼ਾਰ ਵੋਟਾਂ ਨਾਲ ਹਰਾਇਆ। ਢਾਂਡਾ ਨੂੰ 61,942 ਵੋਟਾਂ ਮਿਲੀਆਂ ਸਨ ਜਦਕਿ ਢੁੱਲ 37,749 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ।
ਚੋਣਾਂ ਦੇ ਨਤੀਜੇ ਜੋ ਮਰਜ਼ੀ ਹੋਣ ਪਰ ਹੁਣ ਵਿਨੇਸ਼ ਫੋਗਾਟ ਸਿਆਸੀ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਅਤੇ ਆਜ਼ਾਦ ਹੈ। ਉਸਨੇ ਸਿਆਸਤਦਾਨਾਂ ਵਲੋਂ ਦਿੱਤਾ ਗਿਆ ਮਾਨਸਿਕ ਤਸ਼ੱਦਦ ਝੱਲਿਆ ਹੈ। ਉਹਦੇ ਦਿਲ ਵਿਚ ਇਹਨਾ ਜ਼ਾਲਮ ਸਿਆਸਤਦਾਨਾ ਦੇ ਧੌਣ ਉੱਤੇ ਗੋਡਾ ਰੱਖਣ ਦੀਆਂ ਬਹੁਤ ਸਾਰੀਆਂ ਸਕੀਮਾਂ ਹੋਣਗੀਆਂ। ਹਰਿਆਣਾ ਦੇ ਲੋਕਾਂ ਦਾ ਸੁਭਾਅ ਲਗਭਗ ਪੰਜਾਬੀਆਂ ਵਾਲਾ ਹੀ ਹੈ ਅਤੇ ਉਹ ਵੀ ਤਸ਼ੱਦਦ ਅਤੇ ਵਧੀਕੀ ਦੇ ਖ਼ਿਲਾਫ਼ ਭੁਗਤਦੇ ਆ ਇਸ ਲਈ ਲੱਗਦਾ ਹੈ ਕਿ ਦੇਸ਼ ਦੀ ਧੀ ਵਿਨੇਸ਼ ਫੋਗਾਟ ਨੂੰ ਜ਼ਰੂਰ ਜਿਤਾਉਣਗੇ। ਵਿਨੇਸ਼ ਫੋਗਾਟ ਸਿਆਸਤ ਵਿਚ ਪੈਸੇ ਜਾਂ ਫ਼ੇਮ ਲਈ ਨਹੀਂ ਆਈ ਅਸੀਂ ਜਾਣਦੇ ਹਾਂ ਕਿ ਇਹ ਦੋਵੇਂ ਚੀਜ਼ਾਂ ਉਸ ਕੋਲ ਪਹਿਲਾਂ ਹੀ ਸਨ। ਉਸਦੇ ਦਿਲ ਵਿਚ ਇਕ ਅੱਗ ਬਲ ਰਹੀ ਹੈ ਉਹਨਾਂ ਸ਼ਾਤਰ ਸਿਆਸਦਾਨਾਂ ਦੇ ਖਿਲਾਫ਼ ਜਿਹੜੇ ਆਪਣੀ ਸਿਆਸਤ ਨਾਲ ਭੋਲੇ ਭੋਲੇ ਲੋਕਾਂ ਦਾ ਸ਼ਿਕਾਰ ਕਰਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੇ ਹਨ। ਉਸਦੇ ਸਿਆਸਤ ਵਿਚ ਪੈਰ ਧਰਨ ’ਤੇ ਭੂਸ਼ਨ ਸ਼ਰਨ ਸਿੰਘ ਲਗਾਤਾਰ ਬਿਆਨ ਦੇ ਰਹੇ ਹਨ ਵਿਨੇਸ਼ ਫ਼ੋਗਾਟ ਪਹਿਲਾਂ ਹੀ ਕਾਂਗਰਸ ਦੇ ਇਸ਼ਾਰਿਆਂ ਉੱਤੇ ਚੱਲ ਰਹੀ ਸੀ ਤਾਂ ਹੀ ਮੇਰੇ ਉੱਤੇ ਦੋਸ਼ ਲਗਾਏ ਗਏ ਸਨ। ਅਸਲ ਵਿਚ ਜਿਹੜਾ ਤੁਹਾਡਾ ਵਿਰੋਧੀ ਹੋਵੇ ਉਸ ਨੂੰ ਢਾਹੁਣ ਲਈ ਉਸਦੇ ਹੀ ਵਿਰੋਧੀ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਉਸਦੇ ਖੇਮੇ ਵਿਚ ਜਾਣਾ ਪੈਂਦਾ ਹੈ। ‘ਦੁਸ਼ਮਣ ਦਾ ਦੁਸ਼ਮਣ ਦੋਸਤ’ ਦੀ ਕਹਾਵਤ ਅਨੁਸਾਰ ਭੂਸ਼ਨ ਸ਼ਰਨ ਸਿੰਘ ਨੂੰ ਤਾਰੇ ਦਿਖਾਉਣ ਲਈ ਉਹ ਭਾਜਪਾ ਵਿਚ ਤਾਂ ਜਾ ਨਹੀਂ ਸੀ ਸਕਦੀ ਇਸ ਲਈ ਉਸਨੇ ਕਾਂਗਰਸ ਵਿਚ ਜਾਣਾ ਹੀ ਬਿਹਤਰ ਸਮਝਿਆ ਕਿਉਂਕਿ ਕਾਂਗਰਸ ਹੀ ਭਾਜਪਾ ਨੂੰ ਟੱਕਰ ਦੇ ਸਕਦੀ ਹੈ। ਵਿਨੇਸ਼ ਫੋਗਾਟ ਦੇ ਫ਼ੈਸਲੇ ਨੂੰ ਅਸੀਂ ਸਹੀ ਮੰਨਦੇ ਹਾਂ ਕਿਉਂਕਿ ਜੇਕਰ ਅਜਿਹੇ ਸੱਟਾਂ ਖਾਧੇ ਹੋਏ ਸਿਆਸਤਦਾਨ ਭਾਰਤ ਦੀ ਸਿਆਸਤ ਵਿਚ ਜਾਣਗੇ ਤਾਂ ਉਹ ਇੰਨਾ ਜ਼ਰੂਰ ਸੋਚਣਗੇ ਕਿ ਜੋ ਸਾਡੇ ਨਾਲ ਹੋਈ ਹੈ ਕਿਸੇ ਹੋਰ ਨਾਲ ਨਾ ਹੋਵੇ। ਇਸ ਲਈ ਹਰਿਆਣਾ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਿਨੇਸ਼ ਫੋਗਾਟ ਦਾ ਸਾਥ ਦੇਣ ਤਾਂ ਉਹ ਸਿਆਸੀ ਗੰਦਗੀ ਨੂੰ ਸਾਫ਼ ਕਰਨ ਲਈ ਮੌਕਾ ਹਾਸਲ ਕਰ ਸਕੇ। ਆਮੀਨ!