ਸਿਆਸਤ ਦਾ ਸ਼ਿਕਾਰ ਹੋਈ ਵਿਨੇਸ਼ ਫ਼ੋਗਾਟ ਸਦਮੇਂ ’ਚ!

ਸਿਆਸਤ ਦਾ ਸ਼ਿਕਾਰ ਹੋਈ ਵਿਨੇਸ਼ ਫ਼ੋਗਾਟ ਸਦਮੇਂ ’ਚ!

ਜਦੋਂ ਕੋਈ ਕੀਤੀ ਕਰਾਈ ਮਿਹਨਤ ਉੱਤੇ ਪਾਣੀ ਫਿਰ ਜਾਵੇ ਤਾਂ ਉਸ ਲਈ ਦੁਬਾਰਾ ਉੱਠ ਖੜ੍ਹਾ ਹੋਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਜਦੋਂ ਤੁਸੀਂ ਕੋਈ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੰਜੋਇਆ ਹੋਵੇ, ਉਸ ਲਈ ਦਿਨ ਰਾਤ ਮਿਹਨਤ ਕੀਤੀ ਹੋਵੇ ਅਤੇ ਬਿਲਕੁਲ ਆਖਰੀ ਪੜ੍ਹਾਅ ’ਤੇ ਜਾ ਕੇ ਉਹ ਸੁਪਨਾ ਚੂਰੋ ਚੂਰ ਹੋ ਜਾਵੇ ਤਾਂ ਜਿਸ ਨਾਲ ਇਹ ਬੀਤੀ ਹੋਵੇ ਉਸਦੀ ਹਾਲਤ ਬਿਆਨ ਕਰਨੀ ਔਖੀ ਹੋ ਜਾਂਦੀ ਹੈ। ਭਾਰਤ ਦੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨਾਲ ਜੋ ਬੀਤੇ ਦਿਨੀਂ ਉਲੰਪਿਕ ਵਿਚ ਹੋਇਆ ਉਸ ਨਾਲ ਉਸਨੂੰ ਕਦੇ ਵੀ ਨਾ ਭੁੱਲਣ ਵਾਲੀ ਸੱਟ ਲੱਗੀ ਹੈ। ਉਹਦੀ ਕਿਸ਼ਤੀ ਉੱਥੇ ਡੱੁਬੀ ਜਿੱਥੇ ਪਾਣੀ ਘੱਟ ਸੀ, ਭਾਵ ਬਿਲਕੁਲ ਗੋਲਡ ਮੈਡਲ ਦੇ ਨਜ਼ਦੀਕ ਪਹੁੰਚ ਕੇ ਉਸਦਾ 100 ਗ੍ਰਾਮ ਭਾਰ ਉਸਦੀ ਸਾਰੀ ਜ਼ਿੰਦਗੀ ਉੱਤੇ ਭਾਰੂ ਪੈ ਗਿਆ। ਅਸਲ ਵਿਚ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਸਿਆਸਤ ਦਾ ਸ਼ਿਕਾਰ ਹੋਈ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਭਾਰਤ ਦੀਆਂ ਕੁਝ ਮਹਿਲਾ ਪਹਿਲਵਾਨਾਂ ਭਾਰਤੀ ਕੁਸ਼ਤੀ ਸੰਘ ਦੇ ਤਤਕਾਲੀਨ ਪ੍ਰਧਾਨ ਬਿ੍ਰਸ਼ ਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਅਵਾਜ਼ੀ ਉਠਾਈ ਸੀ। ਜਿਸ ਵਿਚ ਮਹਿਲਾ ਪਹਿਲਵਾਨਾਂ ਵਲੋਂ ਬਹੁਤ ਹੀ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਸੀ ਕਿ ਪ੍ਰਧਾਨ ਬਿ੍ਰਜ ਭੂਸ਼ਨ ਸ਼ਰਨ ਸਿੰਘ ਉਹਨਾਂ ਦਾ ਜਿਣਸੀ ਸੋਸ਼ਣ ਕਰ ਰਿਹਾ ਹੈ। ਇਹ ਦੋਸ਼ ਭਾਰਤੀ ਸਮਾਜ ਅਤੇ ਕਾਨੂੰਨ ਵਿਚ ਬਹੁਤ ਹੀ ਖ਼ਤਰਨਾਕ ਸਮਝੇ ਜਾਂਦੇ ਹਨ। ਕੋਈ ਵੀ ਲੜਕੀ ਜਾਂ ਔਰਤ ਆਪਣੀ ਇੱਜ਼ਤ ਨੂੰ ਹਮੇਸ਼ਾ ਬਚਾ ਕੇ ਰੱਖਣ ਲਈ ਯਤਨਸ਼ੀਲ ਰਹਿੰਦੀ ਹੈ ਅਤੇ ਮਾੜੀ ਮੋਟੀ ਗੱਲ ਨੂੰ ਉਹ ਲੁਕਾ ਲੈਂਦੀ ਹੈ ਪਰ ਜਦੋਂ ਪਾਣੀ ਸਿਰ ਉੱਤੋਂ ਦੀ ਵਹਿਣ ਲੱਗੇ ਤਾਂ ਉਹ ਬਗ਼ਾਵਤ ਵੀ ਕਰ ਦੇਂਦੀ ਹੈ। ਜੇਕਰ ਭਾਰਤੀ ਮਹਿਲਾ ਪਹਿਲਵਾਨਾਂ ਨੇ ਬਗ਼ਾਵਤ ਕੀਤੀ ਤਾਂ ਇਸ ਦਾ ਮਤਲਬ ਵੀ ਇਹ ਹੀ ਸਮਝਿਆ ਜਾਣਾ ਚਾਹੀਦਾ ਸੀ ਕਿ ਪਾਣੀ ਸਿਰ ਉੱਤੋਂ ਦੀ ਲੰਘ ਗਿਆ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਅਜਿਹਾ ਨਹੀਂ ਸਮਝਿਆ ਗਿਆ। ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਯੰਤਰ ਮੰਤਰ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ‘ਛੜਿਆਂ’ ਦੀ ਸਰਕਾਰ ਨੂੰ ਧੀਆਂ ਦਾ ਦਰਦ ਮਹਿਸੂਸ ਨਾ ਹੋਇਆ, ਉਲਟਾ ਆਪਣੀ ਸਰਕਾਰੀ ਸ਼ਕਤੀ ਨਾਲ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਲੜਕੀਆਂ ਦੀ ਅਗਵਾਈ ਭਾਰਤ ਦੀ ਪ੍ਰਸਿੱਧ ਮਹਿਲਾ ਪਹਿਲਵਾਨ ਅਤੇ ਦੁਨੀਆਂ ਭਰ ਵਿਚ ਆਪਣੀ ਪਹਿਲਵਾਨੀ ਦਾ ਲੋਹਾ ਮਨਵਾਉਣ ਅਤੇ ਹਰ ਮੁਕਾਬਲੇ ’ਚ ਮੈਡਲ ਜਿੱਤਣ ਵਾਲੀ ਹਰਿਆਣੇ ਸੂਬੇ ਨਾਲ ਸਬੰਧਿਤ ਵਿਨੇਸ਼ ਫ਼ੋਗਾਟ ਕਰ ਰਹੀ ਸੀ। ਪਰ ਸਰਕਾਰੀ ਜ਼ੁਲਮ ਅੱਗੇ ਪਹਿਲਵਾਨਾਂ ਨੂੰ ਝੁਕਣਾ ਪਿਆ ਅਤੇ ਉਹਨਾਂ ਕਾਨੂੰਨੀ ਰਾਹ ਅਪਣਾਉਣ ਦੀ ਰਣਨੀਤੀ ਬਣਾਈ ਕਿਉਂਕਿ ਪਹਿਲਵਾਨਾਂ ਦੀਆਂ ਆਪਣੀਆਂ ਬਹੁਤ ਮਜਬੂਰੀਆਂ ਹੁੰਦੀਆਂ ਹਨ ਜੇਕਰ ਉਹ ਆਪਣੀ ਪ੍ਰੈਕਟਿਸ ਇਕ ਦਿਨ ਵੀ ਛੱਡਦੇ ਹਨ ਤਾਂ ਕਈ ਦਿਨ ਪਿੱਛੇ ਪੈ ਜਾਂਦੇ ਹਨ। ਪਰ ਇਸ ਸੰਘਰਸ਼ ਦੇ ਨਾਲ ਬਿ੍ਰਜ ਭੂਸ਼ਨ ਸ਼ਰਨ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪਏ ਅਤੇ ਕਾਨੂੰਨੀ ਗੁੰਝਲ ਵਿਚ ਫ਼ਸਣਾ ਪਿਆ। ਹੁਣ ਫ਼ੈਸਲਾ ਕੀ ਆਉਂਦਾ ਹੈ ਉਹ ਤਾਂ ਭਵਿੱਖ ਹੀ ਦੱਸੇਗਾ ਪਰ ਹਾਲ ਦੀ ਘੜੀ ਇਸ ਮਾਮਲੇ ਨੂੰ ਪੈਰਿਸ ਉਲੰਪਿਕ ਨਾਲ ਜੋੜ ਕੇ ਵੇਖਣਾ ਜ਼ਰੂਰ ਬਣਦਾ ਹੈ। ਵਿਨੇਸ਼ ਫ਼ੋਗਾਟ ਦੁਨੀਆਂ ਭਰ ਦੇ ਮੁਕਾਬਲਿਆਂ ’ਚ ਤਗਮੇ ਜਿੱਤ ਚੁੱਕੀ ਸੀ ਪਰ ਉਸਦੀ ਜ਼ਿੰਦਗੀ ’ਚ ਇਕ ਓਲੰਪਿਕ ਮੈਡਲ ਦੀ ਹੀ ਕਮੀ ਸੀ। ਰੀਓ 2016 ਉਲੰਪਿਕ ’ਚ ਉਸਦੇ ਸੱਟ ਲੱਗ ਗਈ ਸੀ, ਟੋਕੀਓ 2020 ਉਲੰਪਿਕ ’ਚ ਉਹ ਜਿੱਤ ਨਹੀਂ ਸਕੀ ਅਤੇ 2024 ਫਰਾਂਸ ਉਲੰਪਿਕ ’ਚ ਉਹ ਜਿੱਤ ਕੇ ਵੀ ਹਾਰ ਗਈ।ਭਾਰਤ ਸਰਕਾਰ ਨਾਲ ਲੋਹਾ ਲੈਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵਿਸ਼ਵ ਕੁਸ਼ਤੀ ਮੁਕਾਬਲਿਆਂ ’ਚ ਕਾਂਸੇ ਦਾ ਤਗਮਾ ਜਿੱਤ ਕੇ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਗਈ ਸੀ। ਉਸਨੇ ਉਲੰਪਿਕ ਖੇਡਣ ਤੋਂ ਪਹਿਲਾਂ ਹੀ ਸ਼ੱਕ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਲੰਪਿਕ ਚਾਲਕ ਦਲ ਵਿਚ ਬਿ੍ਰਜ ਭੂਸ਼ਨ ਸ਼ਰਨ ਸਿੰਘ ਦੇ ਚੇਲੇ ਬਾਲਕੇ ਹਨ ਜੋ ਕਿ ਉਸ ਨਾਲ ਕੋਈ ਵੀ ਸਾਜਿਸ਼ ਰਚ ਸਕਦੇ ਹਨ। ਪਰ ਕਿਸੇ ਨੇ ਵੀ ਉਹਦੀ ਬਾਤ ਨਹੀਂ ਸੁਣੀ। ਅੰਤ ਉਹ ਹੋਇਆ ਜੋ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ ’ਚ ਜਿਉਂਦੇ ਜੀਅ ਮੌਤ ਨਾਲੋਂ ਵੀ ਦਰਦਨਾਕ ਹੁੰਦਾ ਹੈ। ਵਿਨੇਸ਼ ਫੋਟਾਟ ਭਾਵੇਂ 53 ਕਿਲੋ ਭਾਰ ਵਰਗ ’ਚ ਜ਼ਿਆਦਾ ਖੇਡਦੀ ਰਹੀ ਹੈ ਪਰ ਉਲੰਪਿਕ ’ਚ ਉਸਨੇ 50 ਕਿਲੋ ਭਾਰ ਵਰਗ ’ਚ ਭਾਗ ਲੈ ਕੇ ਤਕੜੀਆਂ ਪ੍ਰਾਪਤੀਆਂ ਕਰ ਲਈਆਂ ਸਨ। ਉਸਨੇ ਵਿਸ਼ਵ ਜੇਤੂ ਹੋਰ ਪਹਿਲਵਾਨਾਂ ਤੋਂ ਇਲਾਵਾ ਪਿਛਲੀ ਵਾਰ ਦੀ ਉਲੰਪਿਕ ਜੇਤੂ ਪਹਿਲਵਾਨ ਕਿਊਬਾ ਦੀ ਯੁਸਨੇਲੀਆ ਗੁਸਮਾਨ ਨੂੰ ਸੈਮੀਫ਼ਾਈਨਲ ’ਚ ਹਰਾ ਕੇ ਚਾਂਦੀ ਦਾ ਮੈਡਲ ਪੱਕਾ ਕਰ ਲਿਆ ਸੀ, ਜਿਸ ਹਿਸਾਬ ਨਾਲ ਉਹ ਇਸ ਵਾਰ ਜੋਸ਼ ਵਿਚ ਸੀ, ਲੱਗਦਾ ਸੀ ਕਿ ਉਹ ਗੋਲਡ ਵੀ ਜਿੱਤ ਹੀ ਲੈਂਦੀ ਪਰ ਇਕ ਖ਼ਬਰ ਨੇ ਉਸਦੇ ਹੀ ਨਹੀਂ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਭਾਰਤੀ ਦਰਸ਼ਕਾਂ ਦੇ ਹੌਂਸਲੇ ਦੀ ਦੀਵਾਰ ਵੀ ਢਹਿ ਢੇਰੀ ਕਰ ਦਿੱਤੀ। ਉਸਨੂੰ 50 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਹੀ ਨਹੀਂ ਦਿੱਤਾ ਗਿਆ, ਸਗੋਂ ਉਸਦਾ ਚਾਂਦੀ ਦਾ ਮੈਡਲ ਵਿਚ ਹੱਥੋਂ ਜਾਂਦਾ ਲੱਗਾ ਅਤੇ ਇਸ ਮੁਕਾਬਲੇ ’ਚ ਉਸਨੂੰ ਆਖਰੀ ਸਥਾਨ ਦਿੱਤਾ ਗਿਆ। ਵਿਨੇਸ਼ ਫ਼ੋਗਾਟ ਬਾਰੇ ਸਾਹਮਣੇ ਆਏ ਤੱਥਾਂ ਮੁਤਾਬਕ ਪਹਿਲੇ ਗੇੜ ਦੇ ਮੁਕਾਬਲਿਆਂ ਦੌਰਾਨ ਉਸ ਦਾ ਭਾਰ 49.9 ਕਿਲੋ ਸੀ। ਸੈਮੀ ਫ਼ਾਈਨਲ ਸਮੇਤ ਤਿੰਨ ਮੈਚ ਜਿੱਤਣ ਤੋਂ ਬਾਅਦ ਉਸ ਨੇ ਸ਼ਾਮ ਨੂੰ ਥੋੜ੍ਹੀ ਖ਼ੁਰਾਕ ਲਈ ਅਤੇ ਰਾਤ ਸਮੇਂ ਉਸ ਦਾ ਭਾਰ 52.7 ਕਿਲੋ ਦੱਸਿਆ ਜਾ ਰਿਹਾ ਹੈ। ਇਸ ਗੱਲ ਉੱਪਰ ਵੀ ਸ਼ੱਕ ਉੱਭਰ ਰਹੀ ਹੈ ਕਿ ਛੇ-ਛੇ ਮਿੰਟ ਦੀਆਂ ਫ਼ਸਵੇਂ ਮੁਕਾਬਲੇ ਵਾਲੀਆਂ ਤਿੰਨ ਕੁਸ਼ਤੀਆਂ ਲੜਨ ਤੋਂ ਬਾਅਦ ਥੋੜ੍ਹੀ ਖ਼ੁਰਾਕ ਨਾਲ ਇੰਨਾ ਭਾਰ ਕਿਵੇਂ ਵਧ ਗਿਆ? 52.7 ਕਿਲੋ ਭਾਰ ਤੋਂ ਬਾਅਦ ਵਿਨੇਸ਼ ਨੇ ਪਾਣੀ ਤੱਕ ਨਹੀਂ ਪੀਤਾ, ਕੁਝ ਖਾਣਾ ਤਾਂ ਦੂਰ ਦੀ ਗੱਲ ਸੀ। ਉਹ ਪੂਰੀ ਰਾਤ ਸੁੱਤੀ ਨਹੀਂ ਅਤੇ ਵਰਜਿਸ਼ ਵੀ ਕਰਦੀ ਰਹੀ। ਭਾਰ ਵਰਗ ਵਾਲੇ ਖਿਡਾਰੀ ਭਾਰ ਘਟਾਉਣ ਲਈ ਸਟੀਮ ਬਾਥ ਵੀ ਲੈਂਦੇ ਹਨ ਜੋ ਵਿਨੇਸ਼ ਨੇ ਪੱਕਾ ਲਿਆ ਹੋਵੇਗਾ। ਫ਼ਾਈਨਲ ਮੁਕਾਬਲੇ ਦੀ ਸਵੇਰ ਵੇਲੇ ਵਿਨੇਸ਼ ਦਾ ਭਾਰ 50 ਕਿਲੋ 100 ਗ੍ਰਾਮ ਦੱਸਿਆ ਜਾ ਰਿਹਾ ਹੈ। 50 ਗ੍ਰਾਮ ਤੱਕ ਭਾਰ ਦੀ ਛੋਟ ਹੋਣ ਕਰ ਕੇ 50 ਗ੍ਰਾਮ ਵੱਧ ਭਾਰ ਨਾਲ ਉਹ ਅਯੋਗ ਐਲਾਨੀ ਗਈ। ਬਿਨਾ ਸ਼ੱਕ ਭਾਰਤ ਦੀ ਬੇਟੀ ਅਤੇ ਮੋਦੀ ਸਰਕਾਰ ਦੀਆਂ ਅੱਖਾਂ ’ਚ ਰੜਕਦੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਦਾ ਦਿਲ ਅਤੇ ਮੈਡਲ ਜਿੱਤਣ ਦਾ ਸੁਪਨਾ ਦੋਵੇਂ ਟੱੁਟ ਗਏ ਹਨ, ਉਹ ਆਪਣੀ ਉਮਰ ਦੇ ਹਿਸਾਬ ਨਾਲ ਅਗਲੀ ਉਲੰਪਿਕ ਖੇਡਣ ਤੋਂ ਅਸਮਰੱਥ ਜਾਪਦੀ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਸਨੇ ਭਾਵੁਕ ਪੋਸਟ ’ਚ ਲਿਖਿਆ ‘ਮਾਂ ਕੁਸ਼ਤੀ ਜੀਤ ਗਈ ਮੈਂ ਹਾਰ ਗਈ, ਅਬ ਤਾਕਤ ਨਹੀਂ ਰਹੀ’। ਇਹ ਪੜ੍ਹ ਕੇ ਕਿਸੇ ਵੀ ਨਰਮ ਦਿਲ ਇਨਸਾਨ ਦੀਆਂ ਅੱਖਾਂ ਵਿਚੋਂ ਪਾਣੀ ਜ਼ਰੂਰ ਆ ਜਾਵੇਗਾ ਪਰ ਜ਼ਾਲਮ ਲੋਕ ਖੁਸ਼ ਜ਼ਰੂਰ ਹੋਏ ਕਿ ਉਹਨਾਂ ਜ਼ੁਲਮ ਦਾ ਵਿਰੋਧ ਕਰਨ ਵਾਲੀ ਅਜੇਤੂ ਖਿਡਾਰੀ ਨੂੰ ਹਰਾ ਦਿੱਤਾ।ਹੁਣ ਗੱਲ ਕਰਦੇ ਹਾਂ ਭਾਰਤੀ ਖੇਡ ਦਲ ਦੀ, ਜੋ ਕਰੋੜਾਂ ਰੁਪਏ ਤਨਖ਼ਾਹਾਂ ਇਸੇ ਗੱਲ ਦੀਆਂ ਦੀਆਂ ਹੀ ਲੈਂਦਾ ਹੈ ਕਿ ਖਿਡਾਰੀਆਂ ਦੀ ਸਿਹਤ ਦਾ ਖਿਆਲ ਰੱਖਣਾ, ਮੁਕਾਬਲੇ ਬਾਰੇ ਹਰ ਜਾਣਕਾਰੀ ਖਿਡਾਰੀ ਨਾਲ ਸਾਂਝੀ ਕਰਨਾ ਆਦਿ। ਕਿਉਂਕਿ ਖਿਡਾਰੀ ਦਾ ਫੋਕਸ ਆਪਣੀ ਖੇਡ ਉੱਤੇ ਹੁੰਦਾ ਹੈ ਉਸਨੂੰ ਹੋਰ ਆਲੇ ਦੁਆਲੇ ਦੀਆਂ ਗੱਲਾਂ ਬਾਰੇ ਕੋਈ ਸਰੋਕਾਰ ਨਹੀਂ ਹੁੰਦਾ, ਇਸ ਲਈ ਖੇਡ ਦਲ ਨੇ ਹੀ ਸਭ ਕੁਝ ਸੰਭਾਲਣਾ ਹੁੰਦਾ ਹੈ। ਇਹ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਖੇਡ ਦਲ ਦੇ ਮੈਂਬਰ ਵਿਨੇਸ਼ ਫੋਗਾਟ ਦੇ ਭਾਰ ਉੱਤੇ ਨਜ਼ਰ ਕਿਉਂ ਨਹੀਂ ਰੱਖ ਸਕੇ। ਵਿਨੇਸ਼ ਫੋਗਾਟ ਉਹਨਾਂ ਤੋਂ ਚੋਰੀ ਤਾਂ ਕੁਝ ਖਾ ਕੇ ਆਪਣਾ ਸੁਪਨਾ ਚਕਨਾਚੂਰ ਨਹੀਂ ਕਰ ਸਕਦੀ, ਉਸਨੂੰ ਕਿਹੜੀ ਚੀਜ਼ ਦਿੱਤੀ ਗਈ ਜਿਸ ਨਾਲ ਉਸਦਾ ਭਾਰ ਇਕਦਮ ਵਧ ਗਿਆ? ਕੀ ਵਿਨੇਸ਼ ਫੋਗਾਟ ਵਲੋਂ ਮੁਕਾਬਲੇ ਤੋਂ ਪਹਿਲਾਂ ਜ਼ਾਹਿਰ ਕੀਤਾ ਗਿਆ ਸ਼ੱਕ ਸਹੀ ਸਾਬਤ ਹੋਇਆ ਹੈ, ਇਹ ਕੁਝ ਸਵਾਲ ਹਨ ਜਿਹਨਾਂ ਦਾ ਜਵਾਬ ਭਾਰਤੀ ਖੇਡ ਪ੍ਰਸ਼ੰਸ਼ਕ ਚਾਹੁੰਦੇ ਹਨ। ਵਿਨੇਸ਼ ਫੋਗਾਟ ਦਾ ਉਲੰਪਿਕ ਮੈਡਲ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਚੱੁਕਾ ਹੈ, ਦੁਨੀਆਂ ਭਰ ਦੀਆਂ ਮਹਿਲਾ ਪਹਿਲਵਾਨਾਂ ਨੂੰ ਹਰਾਉਣ ਵਾਲੀ ਸਿਆਸੀ ਭਲਵਾਨਾਂ ਤੋਂ ਚਿੱਤ ਹੋ ਗਈ ਜਾਪਦੀ ਹੈ, ਪਰ ਭਾਰਤੀ ਖੇਡ ਇਤਿਹਾਸ ਵਿਚ ਪਹਿਲੀ ਵਾਰ ਹੋਈ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਇਸ ਮਾਮਲੇ ਦੀਆਂ ਪਰਤਾਂ ਉਧੇੜੀਆਂ ਜਾਣੀਆਂ ਚਾਹੀਦੀਆਂ ਹਨ। ਏਨੀਆਂ ਵੱਡੀਆਂ ਖੇਡਾਂ ਵਿਚ ਉਸਦੇ ਸਹਿਯੋਗੀ ਦਲ ਤੋਂ ਇੰਨੀ ਵੱਡੀ ਭੱੁਲ ਕਿਵੇਂ ਹੋਈ ਜਾਂ ਕਿੱਥੇ ਕੁਤਾਹੀ ਹੋਈ ਇਹ ਸਭ ਕੁਝ ਸਮਝਣ ਦੀ ਅਤੇ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ। ਵਿਨੇਸ਼ ਫੋਗਾਟ ਜੋ ਗੋਲਡ ਜਿੱਤਣ ਦਾ ਸੁਪਨਾ ਵਰ੍ਹਿਆਂ ਤੋਂ ਆਪਣੇ ਸੀਨੇ ਅੰਦਰ ਦੱਬ ਕੇ ਬੈਠੀ ਸੀ ਉਹ ਹਮੇਸ਼ਾ ਹਮੇਸ਼ਾ ਲਈ ਦੱਬਿਆ ਹੀ ਰਹਿ ਜਾਵੇਗਾ ਕਿਉਂਕਿ ਉਹ ਏਨੀ ਟੱੁਟ ਚੱੁਕੀ ਹੈ ਉਸਨੇ ਸੰਨਿਆਸ ਲੈਣ ਦਾ ਹੀ ਐਲਾਨ ਕਰ ਦਿੱਤਾ ਹੈ। ਪਰ ਜੇਕਰ ਸਰਕਾਰ ਨੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਹੈ ਤਾਂ ਉਸਨੂੰ ਇਸ ਮਾਮਲੇ ਦੀ ਜਾਂਚ ਕਰਨੀ ਹੀ ਪਵੇਗੀ। ਆਮੀਨ!