
ਉੱਤਰਕਾਸ਼ੀ-ਪਿਛਲੇ 15 ਦਿਨਾਂ ਤੋਂ ਸਿਲਕਿਆਰਾ ਸੁਰੰਗ ’ਚ ਫਸੇ 41 ਵਰਕਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੇ ਉਪਰੋਂ 36 ਮੀਟਰ ਤੱਕ ਡਰਿਲਿੰਗ ਹੋ ਚੁੱਕੀ ਹੈ। ਸੁਰੰਗ ਉਪਰੋਂ 86 ਮੀਟਰ ਤੱਕ ਡਰਿਲਿੰਗ ਕਰਨੀ ਪਵੇਗੀ। ਸੁਰੰਗ ਅੰਦਰੋਂ ਮਲਬੇ ਨੂੰ ਹੱਥਾਂ ਨਾਲ ਹਟਾਉਣ ਲਈ ਵਿਸ਼ੇਸ਼ ਮਾਈਨਰ ਪਹੁੰਚ ਚੁੱਕੇ ਹਨ ਅਤੇ ਡਰਿਲਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਮਲਬੇ ’ਚ ਫਸੇ ਔਗਰ ਮਸ਼ੀਨ ਦੇ ਹਿੱਸਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ ਕੇ ਮਿਸ਼ਰਾ, ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਐੱਸ ਐੱਸ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮਿਸ਼ਰਾ ਨੇ ਸੁਰੰਗ ’ਚ ਫਸੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਬਣਾਈ ਰੱਖਣ ਲਈ ਕਿਹਾ। ਮਿਸ਼ਰਾ ਨੇ ਵਰਕਰਾਂ ਦਾ ਹਾਲ-ਚਾਲ ਪੁੱਛਦਿਆਂ ਕਿਹਾ ਕਿ ਵੱਖ ਵੱਖ ਏਜੰਸੀਆਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਫਸੇ ਹੋਏ ਵਰਕਰਾਂ ਵੱਲੋਂ ਗੱਬਰ ਸਿੰਘ ਨੇਗੀ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਸੁਰੰਗ ਅੰਦਰ ਭੇਜੀ ਗਈ ਸੰਚਾਰ ਪ੍ਰਣਾਲੀ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਮਲਬੇ ’ਚ ਫਸੀ ਔਗਰ ਮਸ਼ੀਨ ਦੇ ਬਲੇਡ ਅਤੇ ਸ਼ਾਫਟ ਕੱਟਣ ਵਾਲੇ ਵਰਕਰਾਂ ਟਿੰਕੂ ਦੂਬੇ, ਅਮਿਤ, ਸ਼ਸ਼ੀਕਾਂਤ, ਝਾਰੂ ਰਾਮ, ਰਾਧੇ ਰਮਨ ਦੂਬੇ, ਓਮ ਪ੍ਰਕਾਸ਼, ਐੱਨ ਡੀ ਅਹਿਮਦੀ ਨਾਲ ਗੱਲ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਡਰਿਲਿੰਗ ਕਰ ਰਹੀ ਔਗਰ ਮਸ਼ੀਨ ਦੇ ਟੁੱਟਣ ਮਗਰੋਂ ਬਦਲਵਾਂ ਰਾਹ ਤਿਆਰ ਕਰਨ ਲਈ ਐਤਵਾਰ ਨੂੰ ਸੁਰੰਗ ਦੇ ਉਪਰੋਂ ਡਰਿਲਿੰਗ ਸ਼ੁਰੂ ਕੀਤੀ ਗਈ ਸੀ।