ਉੱਤਰਕਾਸ਼ੀ-ਸਿਲਕਿਆਰਾ ਸੁਰੰਗ ’ਚ ਫਸੇ 41 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸਾਂ ਨੂੰ ਅੱਜ ਮੁੜ ਧੱਕਾ ਲੱਗਿਆ ਜਦੋਂ ਸਾਜ਼ੋ-ਸਾਮਾਨ ਲਈ ਬਣਾਏ ਗਏ ਪਲੈਟਫਾਰਮ ’ਤੇ ਕੁਝ ਤਰੇੜਾਂ ਆ ਗਈਆਂ ਅਤੇ ਡਰਿਲਿੰਗ ਦਾ ਕੰਮ ਵਿਚਕਾਰ ਹੀ ਛੱਡਣਾ ਪੈ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਿਸ ਪਲੈਟਫਾਰਮ ’ਤੇ 25 ਟਨ ਦੀ ਔਗਰ ਮਸ਼ੀਨ ਨੂੰ ਰੱਖਿਆ ਗਿਆ ਹੈ, ਉਸ ਨੂੰ ਪੱਕਾ ਕਰਨ ਮਗਰੋਂ ਹੀ ਡਰਿਲਿੰਗ ਸ਼ੁਰੂ ਹੋਵੇਗੀ। ਸੁਰੰਗ ਅੰਦਰੋਂ ਕਾਮਿਆਂ ਨੂੰ ਬਾਹਰ ਕੱਢਣ ਲਈ ਸਟੀਲ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪਹਿਲਾਂ ਬੁੱਧਵਾਰ ਰਾਤ ਨੂੰ ਆਖਿਆ ਜਾ ਰਿਹਾ ਸੀ ਕਿ ਮਜ਼ਦੂਰਾਂ ਨੂੰ ਕਿਸੇ ਸਮੇਂ ਵੀ ਸੁਰੰਗ ਅੰਦਰੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਅੱਜ ਪੂਰਾ ਦਿਨ ਬੀਤਣ ਮਗਰੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ। ਕੌਮਾਂਤਰੀ ਮਾਹਿਰ ਅਰਨੌਲਡ ਡਿਕਸ ਨੇ ਦੇਰ ਸ਼ਾਮ ਕਿਹਾ ਕਿ ਮਲਬੇ ਨੂੰ ਹਟਾਉਣ ਲਈ ਡਰਿਲਿੰਗ ਮਸ਼ੀਨ ਔਗਰ ਨੂੰ ਤੀਜੀ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਲੋਹੇ ਦਾ ਢਾਂਚਾ ਆਉਣ ਕਾਰਨ ਅਮਰੀਕੀ ਮਸ਼ੀਨ ਛੇ ਘੰਟਿਆਂ ਤੱਕ ਮਲਬਾ ਨਹੀਂ ਹਟਾ ਸਕੀ ਸੀ। ਬਾਅਦ ’ਚ ਮਾਹਿਰਾਂ ਨੇ ਇਸ ਢਾਂਚੇ ਨੂੰ ਕੱਟ ਦਿੱਤਾ ਸੀ। ਡਿਕਸ ਨੇ ਅੜਿੱਕਾ ਪੈਣ ਵਾਲੀਆਂ ਮੁਸ਼ਕਲਾਂ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਹੈ ਅਤੇ ਇਹ ਫੌਰੀ ਸਪੱਸ਼ਟ ਨਹੀਂ ਹੋ ਸਕਿਆ ਕਿ ਬਚਾਅ ਕਾਰਜਾਂ ’ਚ ਹੋਰ ਦੇਰੀ ਹੋਵੇਗੀ ਜਾਂ ਨਹੀਂ। ਉਂਜ ਉਸ ਨੇ ਆਸ ਜਤਾਈ ਕਿ ਬਚਾਅ ਕਾਰਜਾਂ ’ਚ ਸਫ਼ਲਤਾ ਜ਼ਰੂਰ ਮਿਲੇਗੀ ਅਤੇ ਕੰਮ ਬੜੇ ਧਿਆਨ ਨਾਲ ਕੀਤਾ ਜਾ ਰਿਹਾ ਹੈ। ਡਿਕਸ ਨੇ ਜਲਦਬਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਹਾਲਾਤ ਗੁੰਝਲਦਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਫਸੇ ਹੋਏ ਕਾਮੇ ਸੁਰੱਖਿਅਤ ਅਤੇ ਤੰਦਰੁਸਤ ਹਨ । ਜਲਦਬਾਜ਼ੀ ਕਰਨ ਨਾਲ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ। ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਪ੍ਰਧਾਨ ਮੰਤਰੀ ਦਫ਼ਤਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਪੱਤਰਕਾਰਾਂ ਨੂੰ ਦੱਸਿਆ,‘‘ਲੋਹੇ ਦੇ ਸਰੀਏ ਕਾਰਨ ਪੈਦਾ ਹੋਈ ਸਮੱਸਿਆ ਨੂੰ ਦੂਰ ਕਰ ਲਿਆ ਗਿਆ ਹੈ। ਗੈਸ ਕਟਰ ਦੀ ਵਰਤੋਂ ਕਰਕੇ ਸਰੀਏ ਨੂੰ ਕੱਟ ਦਿੱਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਬੁੱਧਵਾਰ ਸ਼ਾਮ ਮਲਬੇ ਦੇ 45 ਮੀਟਰ ਅੰਦਰ ਤੱਕ ਡਰਿਲਿੰਗ ਪੂਰੀ ਕਰ ਲਈ ਗਈ ਸੀ ਪਰ ਉਸ ਮਗਰੋਂ ਮਲਬੇ ’ਚ ਲੋਹੇ ਦਾ ਸਰੀਆ ਮਿਲਣ ਕਾਰਨ ਪੰਜ-ਛੇ ਘੰਟੇ ਕੰਮ ਰੁਕਿਆ ਰਿਹਾ। ਔਗਰ ਮਸ਼ੀਨ ਨਾਲ ਡਰਿਲਿੰਗ ਕਰਕੇ ਉਸ ’ਚ ਛੇ-ਛੇ ਮੀਟਰ ਲੰਬੇ, 800 ਮਿਲੀਮੀਟਰ ਦੇ ਪਾਈਪਾਂ ਨੂੰ ਜੋੜ ਕੇ ਕਾਮਿਆਂ ਨੂੰ ਬਾਹਰ ਕੱਢਣ ਦਾ ਰਾਹ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਹ ਤਿਆਰ ਹੋਣ ਮਗਰੋਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੇ ਜਵਾਨ ਸੁਰੰਗ ’ਚ ਜਾਣਗੇ ਅਤੇ ਕਾਮਿਆਂ ਨੂੰ ਇਕ-ਇਕ ਕਰਕੇ ਬਾਹਰ ਲਿਆਉਣਗੇ ਜਿਸ ਲਈ ਅਭਿਆਸ ਕਰ ਲਿਆ ਗਿਆ ਹੈ। ਕਾਮਿਆਂ ਨੂੰ ਪਹੀਏ ਵਾਲੇ ਘੱਟ ਉਚਾਈ ਦੇ ਸਟਰੈਚਰਾਂ ’ਤੇ ਲਿਟਾ ਕੇ ਬਾਹਰ ਲਿਆਂਦਾ ਜਾਵੇਗਾ। ਇਸ ਦੌਰਾਨ ਕਾਮਿਆਂ ਨੂੰ ਆਕਸੀਜਨ, ਭੋਜਨ, ਪਾਣੀ, ਦਵਾਈਆਂ ਅਤੇ ਹੋਰ ਸਾਮਾਨ ਪਾਈਪਲਾਈਨ ਰਾਹੀਂ ਪਹੁੰਚਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੁਰੰਗ ’ਚ ਫਸੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਸਾਰੇ ਠੀਕ ਹਨ। ਉਨ੍ਹਾਂ ਸੁਰੰਗ ਦੇ ਬਾਹਰ ਸਥਾਨਕ ਬੌਖ ਨਾਗ ਦੇਵਤਾ ਤੋਂ ਸਾਰੇ ਕਾਮਿਆਂ ਦੀ ਸੁੱਖ-ਸਾਂਦ ਲਈ ਪ੍ਰਾਰਥਨਾ ਕੀਤੀ। ਰੁੜਕੀ ਸਥਿਤ ਕੇਂਦਰੀ ਖਨਨ ਅਤੇ ਈਂਧਣ ਖੋਜ ਸੰਸਥਾਨ ਦੇ ਤਿੰਨ ਵਿਗਿਆਨੀ ਵੀ ਮੌਕੇ ’ਤੇ ਪੁੱਜੇ ਹਨ। ਇਨ੍ਹਾਂ ’ਚ ਸੁਰੰਗ ਮਾਹਿਰ ਆਰ ਡੀ ਦਿਵੇਦੀ ਵੀ ਸ਼ਾਮਲ ਹਨ।
.jpg)
.jpg)
.jpg)

.jpg)
















.jpg)
































.jpg)























.jpg)





.jpg)



















