ਉੱਤਰਕਾਸ਼ੀ: ਡਰਿਲਿੰਗ ਮੁੜ ਸ਼ੁਰੂ, 13 ਮੀਟਰ ਦਾ ਪੈਂਡਾ ਬਚਿਆ

ਉੱਤਰਕਾਸ਼ੀ: ਡਰਿਲਿੰਗ ਮੁੜ ਸ਼ੁਰੂ, 13 ਮੀਟਰ ਦਾ ਪੈਂਡਾ ਬਚਿਆ

ਉੱਤਰਕਾਸ਼ੀ-ਸਿਲਕਿਆਰਾ ਸੁਰੰਗ ਵਿੱਚ ਫਸੇ 41 ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਡਰਿਲਿੰਗ ਦਾ ਕੰਮ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਮੁੜ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹੁਣ ਸਿਰਫ਼ 13 ਮੀਟਰ ਦਾ ਫਾਸਲਾ ਬਚਿਆ ਹੈ ਤੇ ਜਲਦੀ ਹੀ ਖ਼ੁਸ਼ਖਬਰੀ ਮਿਲ ਸਕਦੀ ਹੈ। ਉਂਜ ਬਦਲਵੀਂ ਯੋਜਨਾ ਵਜੋਂ ਬਚਾਅ ਕਾਰਜਾਂ ਵਿੱਚ ਲੱਗੇ ਕਾਮਿਆਂ ਨੇ ਸੁਰੰਗ ਦੇ ਦੂਜੇ ਸਿਰੇ ’ਤੇ ਕਰੀਬ ਅੱਠ ਮੀਟਰ ਤੱਕ ਖੁਦਾਈ ਮੁਕੰਮਲ ਕਰ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੁਰੰਗ ਦੇ ਸਿਲਕਿਆਰਾ ਸਿਰੇ ਵਾਲੇ ਪਾਸੇ ਮਲਬੇ ਰਾਹੀਂ 800 ਐੱਮਐੱਮ ਵਿਆਸ ਵਾਲੇ ਸਟੀਲ ਦੇ ਪਾਈਪ 44 ਮੀਟਰ ਤੱਕ ਪਾਏ ਜਾ ਚੁੱਕੇ ਹਨ ਤੇ 13 ਮੀਟਰ ਦਾ ਹੋਰ ਫਾਸਲਾ ਤੈਅ ਕਰਨ ਮਗਰੋਂ ਉਹ ਕਾਮਿਆਂ ਤੱਕ ਪਹੁੰਚ ਜਾਣਗੇ। ਚੇਤੇ ਰਹੇ ਕਿ ਅਮਰੀਕੀ ਔਗਰ ਮਸ਼ੀਨ ਅੱਗੇ 22 ਮੀਟਰ ਦੇ ਮਾਰਕ ਉੱਤੇ ਕੋਈ ਸਖ਼ਤ ਚੀਜ਼ ਆਉਣ ਕਰਕੇ ਡਰਿਲਿੰਗ ਦਾ ਕੰਮ ਸ਼ੁੱਕਰਵਾਰ ਤੋਂ ਬੰਦ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਮੁੜ ਫੋਨ ਕਰ ਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਰਾਹਤ ਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।ਐੱਨਐੱਚਆਈਡੀਸੀਐੱਲ ਦੇ ਐੱਮਡੀ ਮਹਿਮੂਦ ਅਹਿਮਦ ਨੇ ਸਿਲਕਿਆਰਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 40 ਮੀਟਰ ਤੇ 50 ਮੀਟਰ ਵਿਚਲਾ ਟੁੱਕੜਾ ‘ਸਭ ਤੋਂ ਅਹਿਮ’ ਹੈ ਤੇ ‘‘ਇਸ ਨੂੰ ਪਾਰ ਕਰਨ ਮਗਰੋਂ ਹੀ ਅਸੀਂ ਵਧੇਰੇ ਵਿਸ਼ਵਾਸ ਨਾਲ ਗੱਲ ਕਰ ਸਕਾਂਗੇ।’’ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਇਸ ਅਪਰੇਸ਼ਨ ਨੂੰ ਹੋਰ ਕਿੰਨਾ ਸਮਾਂ ਲੱਗੇਗਾ ਤਾਂ ਉਨ੍ਹਾਂ ਕਿਹਾ, ‘‘ਜੇ ਕੋਈ ਅੜਿੱਕਾ ਨਾ ਪਿਆ ਤੇ ਇਸੇ ਰਫ਼ਤਾਰ ਨਾਲ ਡਰਿਲਿੰਗ ਦਾ ਕੰਮ ਜਾਰੀ ਰਿਹਾ ਤਾਂ ਸਾਨੂੰ ਬੁੱਧਵਾਰ ਰਾਤ ਜਾਂ ਵੀਰਵਾਰ ਸਵੇਰ ਨੂੰ ਖੁਸ਼ਖਬਰੀ ਮਿਲ ਸਕਦੀ ਹੈ।’’ ਅਹਿਮਦ ਨੇ ਬਦਲਵੀਂ ਯੋਜਨਾ ਬਾਰੇ ਗੱਲ ਕਰਦਿਆਂ ਕਿਹਾ, ‘‘ਅਸੀਂ ਸੁਰੰਗ ਦੇ ਬਾਰਕੋਟ ਸਿਰੇ ਵਾਲੇ ਪਾਸੇ ਵੀ ਹੌਰੀਜ਼ੌਂਟਲ ਡਰਿਲਿੰਗ ਕਰ ਰਹੇ ਹਾਂ। ਤਿੰਨ ਧਮਾਕੇ (ਬਲਾਸਟਿੰਗ) ਕੀਤੇ ਜਾ ਚੁੱਕੇ ਹਨ ਤੇ ਅਸੀਂ ਉਸ ਪਾਸਿਓਂ ਕਰੀਬ ਅੱਠ ਮੀਟਰ ਅੰਦਰ ਦਾਖ਼ਲ ਹੋ ਗਏ ਹਾਂ।’’ ਅਧਿਕਾਰੀਆਂ ਨੇ ਹਾਲਾਂਕਿ ਪਹਿਲਾਂ ਕਿਹਾ ਸੀ ਕਿ ਸੁਰੰਗ ਵਿੱਚ ਫਸੇ ਕਾਮਿਆਂ ਤੱਕ ਪੁੱਜਣ ਲਈ ਬਾਰਕੋਟ ਸਿਰੇ ਤੋਂ ਵਧੇਰੇ ਸਮਾਂ ਲੱਗੇਗਾ।ਅਹਿਮਦ ਨੇ ਕਿਹਾ ਕਿ ਸਿਲਕਿਆਰਾ ਸਿਰੇ ਤੋਂ ਕਾਮਿਆਂ ਤੱਕ ਪਹੁੰਚਣ ਲਈ ਮਲਬੇ ਵਿਚੋਂ ਦੀ ਛੇ ਮੀਟਰ ਲੰਮੀਆਂ ਘੱਟੋ ਘੱਟ ਤਿੰਨ ਹੋਰ ਸਟੀਲ ਪਾਈਪਾਂ ਪਾਉਣੀਆਂ ਪੈਣਗੀਆਂ। ਚੇਤੇ ਰਹੇ ਕਿ ਸੋਮਵਾਰ ਨੂੰ ਮਲਬੇ ਵਿਚ ਦੀ ਛੇ ਇੰਚ ਵਿਆਸ ਵਾਲੀ 57 ਮੀਟਰ ਫੂਡ ਪਾਈਪਲਾਈਨ ਪਾਈ ਗਈ ਸੀ, ਜਿਸ ਵਿਚ ਦੀ ਕਾਮਿਆਂ ਤੱਕ ਫਲ, ਡਰਾਈ ਫਰੂਟ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਗਈਆਂ ਹਨ। ਇਕ ਵਾਰ ਡਰਿਲਿੰਗ ਮੁਕੰਮਲ ਹੋਣ ਮਗਰੋਂ ਸੁਰੰਗ ਵਿੱਚ ਫਸੇ ਮਜ਼ਦੂਰ 800 ਐੱਮਐੱਮ ਵਿਆਸ ਵਾਲੀਆਂ ਸਟੀਲ ਪਾਈਪਾਂ, ਜੋ ਆਪਸ ਵਿੱਚ ਵੈਲਡ ਕੀਤੀਆਂ ਹਨ, ਵਿਚੋਂ ਹੌਲੀ ਹੌਲੀ ਤੁਰ ਕੇ ਬਾਹਰ ਆਉਣਗੇ।ਸੂਬਾ ਸਰਕਾਰ ਵੱਲੋਂ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਤਾਇਨਾਤ ਨੋਡਲ ਅਧਿਕਾਰੀ ਨੀਰਜ ਖੈਰਵਾਲ ਨੇ ਕਿਹਾ ਕਿ ਫੂਡ ਪਾਈਪਲਾਈਨ ਦੀ ਮਦਦ ਨਾਲ ਮਜ਼ਦੂਰਾਂ ਨਾਲ ਸੰਚਾਰ ਸੁਖਾਲਾ ਹੋ ਗਿਆ ਹੈ। ਐੱਨਡੀਆਰਐੱਫ ਤੇ ਐੱਸਡੀਆਰਐੱਫ ਨੇ ਇਨ੍ਹਾਂ ਕਾਮਿਆਂ ਨਾਲ ਆਡੀਓ ਸੰਚਾਰ ਸਥਾਪਿਤ ਕੀਤਾ ਹੈ। ਖੈਰਵਾਲ ਨੇ ਕਿਹਾ, ‘‘ਮਲਬੇ ਦੇ ਦੂਜੇ ਪਾਸੇ ਇਕ ਵਾਇਰ, ਮਾਈਕਰੋਫੋਨ ਤੇ ਸਪੀਕਰ ਭੇਜਿਆ ਗਿਆ ਹੈ ਤੇ ਹੈੱਡਫੋਨ ਦੀ ਮਦਦ ਨਾਲ ਇਸ ਪਾਸੇ ਉਨ੍ਹਾਂ ਨੂੰ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ। ਉਨ੍ਹਾਂ ਕਬਜ਼ੀ ਦੀ ਸ਼ਿਕਾਇਤ ਕੀਤੀ ਹੈ ਕਿਉਂਕਿ ਉਨ੍ਹਾਂ ਪਿਛਲੇ ਕੁਝ ਦਿਨਾਂ ਤੋਂ ਸੀਮਤ ਖਾਣਾ ਖਾਧਾ ਹੈ। ਲੋੜੀਂਦੀਆਂ ਦਵਾਈਆਂ ਉਨ੍ਹਾਂ ਨੂੰ ਭੇਜ ਦਿੱਤੀਆਂ ਹਨ। ਡਾਕਟਰਾਂ ਨੇ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਅਜਿਹੇ ਹਾਲਾਤ ਵਿੱਚ ਮਾਨਸਿਕ ਸਿਹਤ ਨਾਲ ਜੁੜੇ ਮਸਲੇ ਵੀ ਉਭਰ ਸਕਦੇ ਹਨ। ਮਾਨਸਿਕ ਰੋਗਾਂ ਦੇ ਮਾਹਿਰ ਵੀ ਉਨ੍ਹਾਂ ਨਾਲ ਗੱਲ ਕਰਨਗੇ।’’ ਇਨ੍ਹਾਂ ਮਜ਼ਦੂਰਾਂ ਲਈ ਤੌਲੀਏ ਤੇ ਅੰਡਰਗਾਰਮੈਂਟਸ ਜਿਹੀਆਂ ਹੋਰ ਜ਼ਰੂਰੀ ਵਸਤਾਂ ਵੀ ਭੇਜੀਆਂ ਗਈਆਂ ਹਨ।ਇਸ ਤੋਂ ਪਹਿਲਾਂ ਪੀਐੱਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘‘ਅਸੀਂ ਹੁਣ ਤੱਕ 39 ਮੀਟਰ ਤੱਕ ਪਾਈਪ ਧੱਕ ਚੁੱਕੇ ਹਾਂ। ਸਭ ਕੁਝ ਠੀਕ ਹੈ। ਮੈਂ ਉਨ੍ਹਾਂ (ਅੰਦਰ ਫਸੇ ਮਜ਼ਦੂਰਾਂ) ਨਾਲ ਖੁ਼ਦ ਗੱਲ ਕੀਤੀ ਹੈ। ਉਹ ਚੜ੍ਹਦੀ ਕਲਾਂ ਵਿੱਚ ਹਨ।’’ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਮਾਂ-ਸੀਮਾ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਸਾਨੂੰ ਆਸ ਹੈ ਕਿ ਅਸੀਂ ਬਗਵਾਲ ਉਨ੍ਹਾਂ ਦੇ ਨਾਲ ਹੀ ਮਨਾਵਾਂਗੇ।’’ ਇਸ ਸਾਲ ਇਹ ਤਿਓਹਾਰ ਵੀਰਵਾਰ ਨੂੰ ਮਨਾਇਆ ਜਾਣਾ ਹੈ। ਉਧਰ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਕਰਨ ਮਾਹਰਾ ਤੇ ਸੀਨੀਅਰ ਪਾਰਟੀ ਆਗੂ ਪ੍ਰੀਤਮ ਸਿੰਘ ਨੇ ਸਿਲਕਿਆਰਾ ਦਾ ਦੌਰਾ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ।
ਨਵੀਂ ਦਿੱਲੀ: ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (ਐੱਨਐੇੱਚਏਆਈ) ਵੱਲੋਂ ਦੇਸ਼ ਭਰ ਵਿੱਚ ਉਸਾਰੀ ਅਧੀਨ ਸਾਰੀਆਂ 29 ਸੁਰੰਗਾਂ ਦਾ ਸੁਰੱਖਿਆ ਆਡਿਟ ਕਰਵਾਇਆ ਜਾਵੇਗਾ। ਅਧਿਕਾਰਤ ਬਿਆਨ ਮੁਤਾਬਕ ਆਡਿਟ ਦਾ ਮੁੱਖ ਮੰਤਵ ਸੁਰੱਖਿਆ ਤੇ ਉੱਚ ਮਿਆਰ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਸੜਕੀ ਆਵਾਜਾਈ ਤੇ ਹਾਈਵੇਅਜ਼ ਮੰਤਰਾਲੇ ਨੇ ਕਿਹਾ ਕਿ ਐੱਨਐੱਚਏਆਈ ਅਧਿਕਾਰੀਆਂ ਵੱਲੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਮਾਹਿਰਾਂ ਦੀ ਟੀਮ ਤੇ ਹੋਰਨਾਂ ਸੁਰੰਗ ਮਾਹਿਰਾਂ ਨਾਲ ਮਿਲ ਕੇ ਸੁਰੰਗ ਪ੍ਰਾਜੈਕਟਾਂ ਦਾ ਮੁਆਇਨਾ ਕਰਕੇ ਸੱਤ ਦਿਨਾਂ ਅੰਦਰ ਰਿਪੋੋਰਟ ਸੌਂਪੀ ਜਾਵੇਗੀ। ਦੇਸ਼ ਵਿੱਚ ਇਸ ਵੇਲੇ 29 ਸੁਰੰਗਾਂ ਉਸਾਰੀ ਅਧੀਨ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 79 ਕਿਲੋਮੀਟਰ ਦੇ ਕਰੀਬ ਹੈ। ਇਨ੍ਹਾਂ ਵਿਚੋਂ ਹਿਮਾਚਲ ਪ੍ਰਦੇਸ਼ ਵਿੱਚ 12, ਜੰਮੂ ਕਸ਼ਮੀਰ ’ਚ ਛੇ, ਮਹਾਰਾਸ਼ਟਰ, ਉੜੀਸਾ ਤੇ ਰਾਜਸਥਾਨ ਵਿੱਚ ਦੋ ਦੋ ਅਤੇ ਮੱਧ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਉੱਤਰਾਖੰਡ ਤੇ ਦਿੱਲੀ ਵਿਚ ਇਕ ੲਿਕ ਸੁਰੰਗ ਹੈ।