
ਖ਼ਾਨ ਯੂਨਿਸ-ਅਮਰੀਕਾ ਵੱਲੋਂ ਆਮ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਥੋੜੇ ਸਮੇਂ ਵਾਸਤੇ ਜੰਗਬੰਦੀ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਮਾਸ ਦਾ ਖ਼ਾਤਮਾ ਕਰਕੇ ਰਹਿਣਗੇ। ਇਜ਼ਰਾਇਲੀ ਜੈੱਟਾਂ ਨੇ ਐਤਵਾਰ ਤੜਕੇ ਗਾਜ਼ਾ ਪੱਟੀ ਦੇ ਇਕ ਸ਼ਰਨਾਰਥੀ ਕੈਂਪ ’ਤੇ ਬੰਬ ਸੁੱਟੇ ਜਿਸ ’ਚ 38 ਵਿਅਕਤੀ ਮਾਰੇ ਗਏ। ਗਾਜ਼ਾ ’ਚ ਮੌਤਾਂ ਦੀ ਗਿਣਤੀ ਵਧਣ ਦੇ ਨਾਲ ਕੌਮਾਂਤਰੀ ਪੱਧਰ ’ਤੇ ਲੋਕਾਂ ਦਾ ਗੁੱਸਾ ਵੀ ਵਧਦਾ ਜਾ ਰਿਹਾ ਹੈ। ਵਾਸ਼ਿੰਗਟਨ ਤੋਂ ਲੈ ਕੇ ਬਰਲਿਨ ਤੱਕ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਕੇ ਤੁਰੰਤ ਗੋਲੀਬੰਦੀ ਦੀ ਮੰਗ ਕੀਤੀ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਤਰਜਮਾਨ ਮੇਧਤ ਅੱਬਾਸ ਨੇ ਕਿਹਾ ਕਿ ਮੱਧ ਗਾਜ਼ਾ ਦੇ ਮਗ਼ਾਜ਼ੀ ਸ਼ਰਨਾਰਥੀ ਕੈਂਪ ’ਤੇ ਹੋਏ ਹਵਾਈ ਹਮਲੇ ’ਚ 38 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਕੈਂਪ ’ਚ ਰਹਿੰਦੇ ਅਰਾਫ਼ਾਤ ਅਬੂ ਮਸ਼ਾਈਆ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਕਈ ਉਹ ਬਹੁ-ਮੰਜ਼ਿਲਾ ਘਰ ਢਹਿ-ਢੇਰੀ ਹੋ ਗਏ ਹਨ ਜਿਥੇ ਲੋਕਾਂ ਨੇ ਪਨਾਹ ਲਈ ਹੋਈ ਸੀ। ਘਰਾਂ ਦੇ ਮਲਬੇ ਨੂੰ ਦੇਖਦਿਆਂ ਉਸ ਨੇ ਕਿਹਾ ਕਿ ਇਹ ਸ਼ਰੇਆਮ ਕਤਲੇਆਮ ਹੈ। ‘ਮੈਂ ਚੁਣੌਤੀ ਦਿੰਦਾ ਹਾਂ ਕਿ ਇਥੇ ਕੋਈ ਲੜਾਕਾ ਨਹੀਂ ਸੀ।’ ਇਜ਼ਰਾਇਲੀ ਫ਼ੌਜ ਨੇ ਕੋਈ ਫੌਰੀ ਪ੍ਰਤੀਕਰਮ ਨਹੀਂ ਦਿੱਤਾ ਹੈ। ਇਕ ਹੋਰ ਵੱਖਰੇ ਹਮਲੇ ’ਚ ਅਲ-ਕੁਦਸ ਹਸਪਤਾਲ ਨੇੜੇ ਇਕ ਇਮਾਰਤ ਤਬਾਹ ਹੋ ਗਈ। ਫਲਸਤੀਨੀ ਰੈੱਡ ਕ੍ਰਿਸੈਂਟ ਬਚਾਅ ਸੇਵਾ ਨੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ’ਚ ਮੈਡੀਕਲ ਵਰਕਰ ਇਕ ਜ਼ਖ਼ਮੀ ਔਰਤ ਨੂੰ ਹਸਪਤਾਲ ਲਜਿਾ ਰਹੇ ਹਨ ਅਤੇ ਉਨ੍ਹਾਂ ਪਿੱਛੇ ਬੱਚੇ ਭੱਜ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 9400 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਤਲ ਅਲ-ਜ਼ਾਤਰ ਦੇ ਇਕ ਖੂਹ ’ਤੇ ਹੋਏ ਹਮਲੇ ਕਾਰਨ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਸਪਲਾਈ ਕੱਟ ਗਈ ਹੈ।