ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਲਈ ਚਰਚਾਵਾਂ ਤੇਜ਼, ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀਆਂ ਦੇ ਅਹੁਦਿਆਂ ’ਤੇ ਫ਼ਸਿਆ ਪੇਚ

ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਲਈ ਚਰਚਾਵਾਂ ਤੇਜ਼, ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀਆਂ ਦੇ ਅਹੁਦਿਆਂ ’ਤੇ ਫ਼ਸਿਆ ਪੇਚ

ਚੰਡੀਗੜ੍ਹ, 27 ਅਗਸਤ (ਪੰਜਾਬੀ ਰਾਈਟਰ)- ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਚਰਚਾ ਤੇਜ਼ ਹੋ ਗਈ ਹੈ। ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉੱਪ-ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ-ਆਪਣੀਆਂ ਸ਼ਰਤਾਂ ’ਤੇ ਵਿਚਾਰ-ਵਟਾਂਦਰਾ ਕਰ ਰਹੀਆਂ ਹਨ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਨੇ 117 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ ਪਰ ਅੰਦਰੂਨੀ ਤੌਰ ’ਤੇ ਪਾਰਟੀ ਨੇ ਗੱਠਜੋੜ ਹੋਣ ਦੀ ਸੂਰਤ ’ਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ’ਚੋਂ 45 ਹਲਕੇ ਉਹ ਹਨ, ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ।
2024 ਦੀਆਂ ਚੋਣਾਂ ਵਿੱਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ’ਤੇ ਦੂਜੇ ਅਤੇ 16 ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ ਸੀ ਜਿਸ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ 9 ਸੀਟਾਂ ’ਤੇ ਪਹਿਲੇ, 5 ’ਤੇ ਦੂਜੇ ਅਤੇ 5 ਸੀਟਾਂ ’ਤੇ ਹੀ ਤੀਜੇ ਸਥਾਨ ’ਤੇ ਰਿਹਾ ਸੀ। ਭਾਜਪਾ ਦੇ ਮੱੁਲਾਂਕਣ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ, ਤਾਂ ਇਹ ਗੱਠਜੋੜ 25 ਹੋਰ ਸੀਟਾਂ ’ਤੇ ਅੱਗੇ ਹੁੰਦਾ। ਇਸ ਤਰ੍ਹਾਂ ਕੁੱਲ 57 ਸੀਟਾਂ ’ਤੇ ਸਥਿਤੀ ਮਜ਼ਬੂਤ ਹੁੰਦੀ ਜੋ 59 ਦੇ ਬਹੁਮਤ ਅੰਕੜੇ ਦੇ ਨੇੜੇ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਅਹਿਮ ਮੁੱਦੇ ਹਨ। ਪੁਰਾਣੇ ਗੱਠਜੋੜ ਵੇਲੇ ਭਾਜਪਾ 23 ਸੀਟਾਂ ’ਤੇ ਲੜਦੀ ਸੀ ਅਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਕੋਲ ਰਹਿੰਦਾ ਸੀ। ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ‘ਛੋਟੇ ਭਰਾ’ ਦੀ ਭੂਮਿਕਾ ਵਿੱਚ ਨਹੀਂ ਰਹੇਗੀ। ਇਸ ਲਈ ਮੁੱਖ ਮੰਤਰੀ ਬਾਰੇ ਫ਼ੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰੀ ਕਰ ਰਹੀ ਹੈ ਪਰ ਅਹਿਮ ਗੱਲ ਇਹ ਹੈ ਕਿ ਸੰਤੋਸ਼ ‘ਆਪ’ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਅਕਾਲੀ ਦਲ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ।