ਭਾਜਪਾ ਨੇ ਮਾਰੀ ਬੜ੍ਹਕ: ਪੰਜਾਬ ਦੀ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਾਂਗੇ: ਸੰਤੋਸ਼

ਭਾਜਪਾ ਨੇ ਮਾਰੀ ਬੜ੍ਹਕ: ਪੰਜਾਬ ਦੀ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਾਂਗੇ: ਸੰਤੋਸ਼

ਚੰਡੀਗੜ੍ਹ, 25 ਅਗਸਤ (ਪੰਜਾਬੀ ਰਾਈਟਰ)- ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਸ. ਸੰਤੋਸ਼ ਨੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 117 ਸੀਟਾਂ ਨੂੰ ਧਿਆਨ ’ਚ ਰੱਖ ਕੇ ਪੂਰੀ ਤਾਕਤ ਤੇ ਇਕਜੁੱਟਤਾ ਨਾਲ ਤਿਆਰੀਆਂ ਵਿੱਚ ਜੁਟ ਜਾਣ। ਉਹ ਇੱਥੇ ਅਮਰ ਆਸ਼ਰਮ ਵਿਖੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਨੂੰ ਸੰਬੋਧਨ ਕਰ ਰਹੇ ਸਨ| ਭਾਜਪਾ ਦੇ ਅਹਿਮ ਰਣਨੀਤੀਕਾਰਾਂ ’ਚੋਂ ਇੱਕ ਸੰਤੋਸ਼ ਨੇ ਚੋਣਾਂ ਬਾਰੇ ਬਿਆਨ ਦੇ ਕੇ ਅਕਾਲੀ ਦਲ-ਭਾਜਪਾ ਗੱਠਜੋੜ ਦੀ ਛਿੜੀ ਚਰਚਾ ਨੂੰ ਇੱਕ ਵਾਰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ ਹੈ| ਉਨ੍ਹਾਂ ਇਹ ਵੀ ਆਖਿਆ ਕਿ 2027 ’ਚ ਪੰਜਾਬ ’ਚ ਕਮਲ ਜ਼ਰੂਰ ਖਿੜੇਗਾ| ਉਨ੍ਹਾਂ ਬੂਥ ਪੱਧਰ ’ਤੇ ਭਾਜਪਾ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਵੀ ਦਿੱਤਾ| ਮੀਟਿੰਗ ਦੌਰਾਨ ਸੰਤੋਸ਼ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਤੋਂ ਜਥੇਬੰਦਕ ਗਤੀਵਿਧੀਆਂ ਦਾ ਵੇਰਵਾ ਲੈਂਦਿਆਂ ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ| ਮੀਟਿੰਗ ’ਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਇੰਚਾਰਜ ਪ੍ਰੋ. ਨਰਿੰਦਰ ਸਿੰਘ ਰੈਣਾ, ਸੰਗਠਨ ਮੰਤਰੀ ਸ੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਅਨੀਲ ਸਰੀਨ, ਪਰਨੀਤ ਕੌਰ, ਜੈਇੰਦਰ ਕੌਰ, ਗੁਰਜੀਤ ਸਿੰਘ ਕੋਹਲੀ, ਗੁਰਤੇਜ ਸਿੰਘ ਢਿੱਲੋਂ, ਕੰਵਰਵੀਰ ਸਿੰਘ ਟੌਹੜਾ, ਰਮੇਸ਼ ਗੋਇਲ ਡਕਾਲਾ, ਚਰਨਜੀਤ ਸਿੰਘ ਬਰਾੜ, ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਮੀਟਿੰਗ ਦੌਰਾਨ ਬੀਬਾ ਜੈਇੰਦਰ ਕੌਰ ਨੇ ਸਥਾਨਕ ਪ੍ਰਸ਼ਾਸਨ ’ਤੇ ਭਾਜਪਾ ਦੇ ਲਗਾਏ ਫਲੈਕਸ ਬੋਰਡ ਅਤੇ ਝੰਡੇ ਹਟਾਉਣ ਦਾ ਮੁੱਦਾ ਵੀ ਉਠਾਇਆ|