ਪਹਿਲੀ ਵਾਰ ਅਮੈਰਿਕਨ ਕਾਂਗਰਸ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ

ਪਹਿਲੀ ਵਾਰ ਅਮੈਰਿਕਨ ਕਾਂਗਰਸ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ

ਅਮਰੀਕੀ ਸਿੱਖਾਂ ਦੇ ਇਤਿਹਾਸ ’ਚ ਸੁਨਿਹਰੀ ਜੁੜਿਆ ਪੰਨਾ 
ਵਾਸ਼ਿੰਗਟਨ (ਪੰਜਾਬੀ ਰਾਈਟਰ)  ਅਮਰੀਕਾ ’ਚ ਸਿੱਖਾਂ ਦੇ ਇਤਿਹਾਸ ਵਿਚ ਉਸ ਵੇਲੇ ਸੁਨਿਹਰੀ ਪੰਨਾ ਜੁੜ ਗਿਆ ਜਦੋਂ ਪਹਿਲੀ ਵਾਰ ਅਮੈਰਿਕਨ ਕਾਂਗਰਸ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਭਾਈ ਜਸਵਿੰਦਰ ਸਿੰਘ ਜੀ ਨੇ ਕੀਤੀ ਜੋ ਕਿ ਗੁਰਦੁਆਰਾ ਸਾਹਿਬ ਪਾਈਨ ਹਿੱਲ ਨਿਊਜਰਸੀ ’ਚ ਬਤੌਰ ਗ੍ਰੰਥੀ ਸੇਵਾ ਕਰਦੇ ਹਨ। ਅਮੈਰਿਕਨ ਕਾਂਗਰਸ ਵਿਚ ਅਰਦਾਸ ਸਮਾਗਮ ਅਯੋਜਿਤ ਕਰਨ ਲਈ ਨਿਊਜਰਸੀ ਦੇ ਕਾਂਗਰਸਮੈਨ ਡੌਨਲਡ ਨੌਕਰੌਸ, ਸਿੱਖ ਕਾਕਸ ਤੋਂ ਡਾ. ਪਿ੍ਰਤਪਾਲ ਸਿੰਘ ਅਤੇ ਨਿਊਜਰਸੀ ਤੋਂ ਸਿੱਖਾਂ ਦੀ ਜਾਣੀ ਪਛਾਣੀ ਹਸਤੀ ਭਾਈ ਹਰਜਿੰਦਰ ਸਿੰਘ ਪਾਈਨ ਹਿੱਲ ਅਤੇ ਜੁਗਰਾਜ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ। ਇਸ ਅਰਦਾਸ ਸਮਾਗਮ ’ਚ ਨਿਊਯਾਰਕ ਅਤੇ ਨਿਊਜਰਸੀ ਤੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਹ ਪਹਿਲੀ ਵਾਰ ਸੀ ਕਿ ਅਰਦਾਸ ਸਮਾਗਮ ਦੌਰਾਨ ਗੈਲਰੀ ਵਿਚ ਸੁਸ਼ੋਭਿਤ ਸੰਗਤ ਵਿਚ ਬੀਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਅਰਦਾਸ ਉਪਰੰਤ ਨਿਊਜਰਸੀ ਦੇ ਕਾਂਗਰਸਮੈਨ ਡੌਨਲਡ ਨੌਕਰੌਸ ਨੇ ਭਾਰਤ-ਕਨੇਡਾ ਸਬੰਧਾਂ ’ਚ ਚੱਲਦੇ ਤਣਾਅ ਸਬੰਧੀ ਅਮਰੀਕਾ ਦਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਅਮਰੀਕਾ ਲਿਖਣ ਅਤੇ ਬੋਲਣ ਦੇ ਅਧਿਕਾਰਾਂ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਦਾ ਝੰਡਾਬਰਦਾਰ ਹੈ। ਉਹ ਕਨੇਡਾ ਦੇ ਆਪਣੇ ਨਾਗਰਿਕਾਂ ਦੀ ਰੱਖਿਆ ਦੇ ਸੰਕਲਪ ਦਾ ਸਮਰਥਨ ਕਰਦਾ ਹੈ। ਕੁਲ ਮਿਲਾ ਕੇ ਇਹ ਸਮਾਗਮ ਬਹੁਤ ਹੀ ਜ਼ਿਆਦਾ ਸਫ਼ਲ ਰਿਹਾ ਅਤੇ ਇਸ ਨਾਲ ਅਮਰੀਕਾ ਵਸਦੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਫੈਲ ਗਈ।