ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਨਿਹੰਗ ਸਿੰਘਾਂ ਵੱਲੋਂ ਮੋਰਚਾ ਭਲਕ ਤੋਂ

ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਨਿਹੰਗ ਸਿੰਘਾਂ ਵੱਲੋਂ ਮੋਰਚਾ ਭਲਕ ਤੋਂ

ਚੰਡੀਗੜ੍ਹ, 20 ਜੂਨ (ਪੰਜਾਬੀ ਰਾਈਟਰ)- ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮਿਸਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਚਮਕੌਰ ਸਾਹਿਬ ਨਾਲ ਸਬੰਧਤ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਜੇ ਸਰਕਾਰਾਂ ਵੱਲੋਂ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ 21 ਜੂਨ ਤੋਂ ਕੀਰਤਪੁਰ ਸਾਹਿਬ-ਮਨਾਲੀ ਮਾਰਗ ’ਤੇ ਦੁਬਾਰਾ ‘ਖਾਲਸਾ ਟੈਕਸ’ ਲਗਾਉਣ ਲਈ ਮਜਬੂਰ ਹੋਣਗੇ। 
ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਥੇਬੰਦੀ ਦੇ ਨੁਮਾਇੰਦੇ ਮਹਾਕਾਲ ਬਾਬਾ ਅੱਛਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 12 ਵਜੇ ਮੀਟਿੰਗ ਲਈ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਸੀ ਪਰ ਲੰਬੀ ਉਡੀਕ ਦੇ ਬਾਵਜੂਦ ਕੋਈ ਅਧਿਕਾਰੀ ਨਹੀਂ ਪੁੱਜਿਆ। ਇਸ ਮਗਰੋਂ ਜਥੇਬੰਦੀ ਨੇ ਸਥਾਨਕ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਹੁਣ ਉਹ ਇਸ ਮਾਮਲੇ ’ਤੇ ਸਿੱਧੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਮਸਲੇ ਦਾ ਹੱਲ ਸਰਕਾਰ ਦੇ ਪੱਧਰ ’ਤੇ ਹੀ ਕੀਤਾ ਜਾ ਸਕਦਾ ਹੈ। ਨਿਹੰਗ ਸਿੰਘਾਂ ਦਾ ਦੋਸ਼ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਲੋਕਾਂ ਤੋਂ ਵਸੂਲੇ ਜਾ ਰਹੇ ਟੈਕਸ ਆਮ ਲੋਕਾਂ ’ਤੇ ਵਾਧੂ ਆਰਥਿਕ ਬੋਝ ਬਣ ਰਹੇ ਹਨ। ਪੰਜਾਬ ਅਤੇ ਹੋਰ ਰਾਜਾਂ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਇਨ੍ਹਾਂ ਵਸੂਲੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਟੈਕਸਾਂ ਨੂੰ ‘ਜਜ਼ੀਆ’ ਅਤੇ ‘ਗੁੰਡਾ ਟੈਕਸ’ ਕਰਾਰ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਖ਼ਿਲਾਫ਼ ਲੋਕਾਂ ਵਿੱਚ ਵੱਡੀ ਨਾਰਾਜ਼ਗੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਲਗਾਏ ਜਾਣ ਵਾਲੇ ‘ਖਾਲਸਾ ਟੈਕਸ’ ਤੋਂ ਪ੍ਰਾਪਤ ਰਕਮ ਨੂੰ ਸਰਬੱਤ ਦੇ ਭਲੇ ਅਤੇ ਲੋਕ-ਭਲਾਈ ਦੇ ਕਾਰਜਾਂ ਲਈ ਵਰਤਿਆ ਜਾਵੇਗਾ। ਕਿਸੇ ਤੋਂ ਜ਼ਬਰਦਸਤੀ ਰਕਮ ਨਹੀਂ ਲਈ ਜਾਵੇਗੀ, ਸਗੋਂ ਲੋਕਾਂ ਨੂੰ ਸੇਵਾ ਦੇ ਰੂਪ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 21 ਜੂਨ ਤੱਕ ਸਰਕਾਰ ਵੱਲੋਂ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਗਿਆ ਤਾਂ ਕੀਰਤਪੁਰ ਸਾਹਿਬ ਨੇੜੇ ਐੱਨ ਐੱਚ ਏ ਆਈ ਟੌਲ ਪਲਾਜ਼ਾ ਕੋਲ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਮੁਹਿੰਮ ਨੂੰ ਸਥਾਨਕ ਲੋਕਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਮੌਜੂਦ ਸਨ।