ਅਮਰੀਕਾ ਨੇ ਵੈਂਜ਼ੂਏਲਾ ਤੋਂ ਸੋਧਿਆ ਯੂਰੇਨੀਅਮ ਸੁਰੱਖਿਅਤ ਬਾਹਰ ਕੱਢਿਆ

ਅਮਰੀਕਾ ਨੇ ਵੈਂਜ਼ੂਏਲਾ ਤੋਂ ਸੋਧਿਆ ਯੂਰੇਨੀਅਮ ਸੁਰੱਖਿਅਤ ਬਾਹਰ ਕੱਢਿਆ

ਵਾਸ਼ਿੰਗਟਨ, 11 ਮਈ (ਪੰਜਾਬੀ ਰਾਈਟਰ)- ਅਮਰੀਕੀ ਊਰਜਾ ਵਿਭਾਗ ਦੇ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੈਨੇਜ਼ੁਏਲਾ ਦੇ ਪੁਰਾਣੇ ਰਿਸਰਚ ਰਿਐਕਟਰ ’ਚੋਂ ਸਾਰਾ ਸੋਧਿਆ ਹੋਇਆ ਯੂਰੇਨੀਅਮ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਦੱਖਣੀ ਅਮਰੀਕਾ ਅਤੇ ਅਮਰੀਕਾ ਨੂੰ ਪਰਮਾਣੂ ਸੁਰੱਖਿਆ ਜੋਖਮਾਂ ਤੋਂ ਬਚਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਦੱਸਿਆ ਹੈ। ਇਹ ਮਿਸ਼ਨ ਵੈਨੇਜ਼ੁਏਲਾ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ, ਬਰਤਾਨੀਆ ਦੇ ਮਾਹਿਰਾਂ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜਿ੍ਹਆ ਗਿਆ। ਰਿਐਕਟਰ ਤੋਂ ਲਗਪਗ 13.5 ਕਿਲੋਗ੍ਰਾਮ (30 ਪੌਂਡ) ਯੂਰੇਨੀਅਮ ਹਟਾਇਆ ਗਿਆ ਹੈ, ਜੋ 1991 ਵਿੱਚ ਖੋਜ ਕਾਰਵਾਈਆਂ ਬੰਦ ਹੋਣ ਤੋਂ ਬਾਅਦ ਵਾਧੂ ਸਮੱਗਰੀ ਵਜੋਂ ਉੱਥੇ ਪਿਆ ਸੀ। ਅਮਰੀਕੀ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਬ੍ਰੈਂਡਨ ਵਿਲੀਅਮਜ਼ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਦੂਰਅੰਦੇਸ਼ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ’ ਕਿਹਾ ਕਿ ਜੋ ਕੰਮ ਸਾਲਾਂ ਵਿੱਚ ਹੋਣਾ ਸੀ, ਉਹ ਟੀਮਾਂ ਨੇ ਕੁਝ ਮਹੀਨਿਆਂ ਵਿੱਚ ਹੀ ਪੂਰਾ ਕਰ ਦਿੱਤਾ। ਯੂਰੇਨੀਅਮ ਨੂੰ ਸੁਰੱਖਿਅਤ ਢੰਗ ਨਾਲ ਪੈਕ ਕਰ ਕੇ ਵੈਨੇਜ਼ੁਏਲਾ ਦੀ ਬੰਦਰਗਾਹ ਤੱਕ ਪਹੁੰਚਾਇਆ ਗਿਆ ਅਤੇ ਉੱਥੋਂ ਬਰਤਾਨਵੀ ਜਹਾਜ਼ ਰਾਹੀਂ ਅਮਰੀਕਾ ਲਿਆਂਦਾ ਗਿਆ।