ਦੋ ਟੈਂਕਰਾਂ 'ਤੇ ਹਮਲੇ ਤੋਂ ਬਾਅਦ ਅਮਰੀਕਾ-ਇਰਾਨ ਜੰਗਬੰਦੀ 'ਤੇ ਮੰਡਰਾਉਣ ਲੱਗੇ ਸੰਕਟ ਦੇ ਬੱਦਲ

ਦੋ ਟੈਂਕਰਾਂ 'ਤੇ ਹਮਲੇ ਤੋਂ ਬਾਅਦ ਅਮਰੀਕਾ-ਇਰਾਨ ਜੰਗਬੰਦੀ 'ਤੇ ਮੰਡਰਾਉਣ ਲੱਗੇ ਸੰਕਟ ਦੇ ਬੱਦਲ

ਵਾਸ਼ਿੰਗਟਨ (ਪੰਜਾਬੀ ਰਾਈਟਰ)- ਅਮਰੀਕਾ ਵੱਲੋਂ ਹੋਰਮੁਜ਼ ਜਲਮਾਰਗ ਦੇ ਨੇੜੇ ਇਰਾਨ ਦੇ ਦੋ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਨਾਜ਼ੁਕ ਜੰਗਬੰਦੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਦੌਰਾਨ, ਅਮਰੀਕੀ ਜਲ ਸੈਨਾ ਦੇ ਖੇਤਰੀ ਹੈੱਡਕੁਆਰਟਰ ਦੀ ਮੇਜ਼ਬਾਨੀ ਕਰਨ ਵਾਲੇ ਬਹਿਰੀਨ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਸ ਨੇ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ 41 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ੁੱਕਰਵਾਰ ਨੂੰ ਹੋਏ ਹਮਲਿਆਂ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਜੰਗਬੰਦੀ ਨੂੰ ਲੈ ਕੇ ਸ਼ੰਕੇ ਹੋਰ ਡੂੰਘੇ ਹੋ ਗਏ ਹਨ। ਅਮਰੀਕਾ ਜੰਗ ਖਤਮ ਕਰਨ, ਜਲਮਾਰਗ ਨੂੰ ਦੁਬਾਰਾ ਖੋਲ੍ਹਣ ਅਤੇ ਇਰਾਨ ਦੇ ਵਿਵਾਦਿਤ ਪਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਨਾਲ ਜੁੜੇ ਸਮਝੌਤੇ ਦੇ ਆਪਣੇ ਤਾਜ਼ਾ ਪ੍ਰਸਤਾਵ 'ਤੇ ਇਰਾਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ, ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਨਾਲ ਜੁੜੇ ਇੱਕ ਸਮੂਹ ਦਾ ਮੈਂਬਰ ਹੋਣ ਦੇ ਦੋਸ਼ ਵਿੱਚ 41 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਸਮੂਹ ਨਾਲ ਜੁੜੇ ਹੋਰ ਲੋਕਾਂ ਖਿਲਾਫ ਅਗਲੀ ਕਾਰਵਾਈ ਲਈ ਜਾਂਚ ਜਾਰੀ ਹੈ, ਪਰ ਉਸਨੇ ਇਸ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਬਹਿਰੀਨ ਵਿੱਚ ਸੁਨੀ ਮੁਸਲਿਮ ਰਾਜਸ਼ਾਹੀ ਦਾ ਸ਼ਾਸਨ ਹੈ, ਪਰ ਇਰਾਨ ਵਾਂਗ ਇਸਦੀ ਜ਼ਿਆਦਾਤਰ ਆਬਾਦੀ ਸ਼ੀਆ ਹੈ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਬਹਿਰੀਨ ਨੇ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਬਹਾਨਾ ਬਣਾ ਕੇ ਦੇਸ਼ ਵਿੱਚ ਅਸਹਿਮਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਦਾ ਪੰਜਵਾਂ ਬੇੜਾ ਬਹਿਰੀਨ ਵਿੱਚ ਤਾਇਨਾਤ ਹੈ। ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਦੋ ਇਰਾਨੀ ਟੈਂਕਰਾਂ ਦੀ ਵੀਡੀਓ ਜਾਰੀ ਕੀਤੀ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਉਨ੍ਹਾਂ ਦੀਆਂ ਚਿਮਨੀਆਂ 'ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ ਇੱਕ ਅਮਰੀਕੀ ਫੌਜੀ ਜਹਾਜ਼ ਨੇ ਇੱਕ ਟੈਂਕਰ ਦੇ ਹੇਠਲੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਬਾਰੇ ਅਮਰੀਕੀ ਫੌਜ ਦਾ ਕਹਿਣਾ ਸੀ ਕਿ ਉਹ ਉਸ ਦੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉੱਥੇ ਹੀ ਇਰਾਨ ਦੀ ਇੱਕ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਅਮਰੀਕਾ ਵੱਲੋਂ ਰਾਤ ਵੇਲੇ ਕੀਤੇ ਗਏ ਹਮਲੇ ਕਾਰਨ ਇੱਕ ਮਾਲਵਾਹਕ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ ਇੱਕ ਮਲਾਹ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਅਜੇ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਉਹੀ ਜਹਾਜ਼ ਹੈ ਜਿਸ 'ਤੇ ਅਮਰੀਕਾ ਨੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ ਜਾਂ ਕੋਈ ਹੋਰ।