ਟਰੰਪ ਦੇ ਸਮਾਗਮ ਦੌਰਾਨ ਹੋਈ ਗੋਲੀਬਾਰੀ ਗੂੰਜ ਵਿਸ਼ਵ 'ਚ ਗੂੰਜੀ, ਆਗੂਆਂ ਨੇ ਦਿੱਤੀ ਆਪੋ ਆਪਣੀ ਪ੍ਰਤੀਕਿਰਿਆ

ਟਰੰਪ ਦੇ ਸਮਾਗਮ ਦੌਰਾਨ ਹੋਈ ਗੋਲੀਬਾਰੀ ਗੂੰਜ ਵਿਸ਼ਵ 'ਚ ਗੂੰਜੀ, ਆਗੂਆਂ ਨੇ ਦਿੱਤੀ ਆਪੋ ਆਪਣੀ ਪ੍ਰਤੀਕਿਰਿਆ

ਵਾਸ਼ਿੰਗਟਨ ਡੀ.ਸੀ. (ਪੰਜਾਬੀ ਰਾਈਟਰ)- ਆਲਮੀ ਆਗੂਆਂ ਨੇ ਸ਼ਨਿੱਚਰਵਾਰ ਰਾਤ ਵਾਈਟ ਹਾਊਸ ਦੇ ਪੱਤਰਕਾਰਾਂ ਲਈ ਆਯੋਜਿਤ ਰਾਤਰੀ ਭੋਜ (ਡਿਨਰ) ਪ੍ਰੋਗਰਾਮ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਰਾਹਤ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਹੋਰ ਸਾਰੇ ਮਹਿਮਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੇ ਨਾਲ ਹੀ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਲੋਕਤੰਤਰ ਅੰਦਰ ਸਿਆਸੀ ਹਿੰਸਾ ਲਈ ਕੋਈ ਵੀ ਥਾਂ ਨਹੀਂ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ ਹੋਈ ਗੋਲੀਬਾਰੀ ਨੂੰ ਚਿੰਤਾਜਨਕ ਘਟਨਾ ਦੱਸਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਵਾਈਟ ਹਾਊਸ ਪੱਤਰਕਾਰਾਂ ਦੇ ਰਾਤਰੀ ਭੋਜ ਦੌਰਾਨ ਗੋਲੀ ਚੱਲਣ ਦੀ ਖ਼ਬਰ ਸੁਣ ਕੇ ਉਹ ਚਿੰਤਤ ਸਨ, ਪਰ ਹੁਣ ਉਨ੍ਹਾਂ ਨੂੰ ਰਾਹਤ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਹੋਰ ਸਾਰੇ ਮਹਿਮਾਨ ਸੁਰੱਖਿਅਤ ਹਨ। ਕਾਰਨੀ ਨੇ ਅੱਗੇ ਕਿਹਾ ਕਿ ਕਿਸੇ ਵੀ ਲੋਕਤੰਤਰ ਵਿੱਚ ਸਿਆਸੀ ਹਿੰਸਾ ਨੂੰ ਕਬੂਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਉਨ੍ਹਾਂ ਦੀ ਪੂਰੀ ਹਮਦਰਦੀ ਹੈ।
ਉੱਥੇ ਹੀ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ "ਇਹ ਚੰਗੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਹਾਲੀਆ ਘਟਨਾਕ੍ਰਮ ਤੋਂ ਬਾਅਦ ਸੁਰੱਖਿਅਤ ਹਨ।'' ਜਦਕਿ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਲੋਕ ਸੁਰੱਖਿਅਤ ਹਨ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, "ਅਸੀਂ ਤੁਰੰਤ ਕਾਰਵਾਈ ਲਈ ਸੀਕਰੇਟ ਸਰਵਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ।"
ਭਾਰਤ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਸਖ਼ਤ ਨਿਖੇਧੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਮਰੀਕੀ ਆਗੂਆਂ ਦੀ ਚੰਗੀ ਸਿਹਤ ਅਤੇ ਸੁਰੱਖਿਆ ਲਈ ਆਪਣੀਆਂ ਸ਼ੁੱਭਕਾਮਨਾਵਾਂ ਵੀ ਭੇਜੀਆਂ। ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਵੀ ਟਰੰਪ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ, "ਸਾਡੀਆਂ ਸ਼ੁਭਕਾਮਨਾਵਾਂ ਰਾਸ਼ਟਰਪਤੀ ਟਰੰਪ ਅਤੇ ਰਾਤਰੀ ਭੋਜ (ਡਿਨਰ) ਵਿੱਚ ਸ਼ਾਮਲ ਸਾਰੇ ਲੋਕਾਂ ਦੇ ਨਾਲ ਹਨ। ਜੋ ਲੋਕ ਸ਼ਾਂਤੀ ਦੀਆਂ ਕਦਰਾਂ-ਕੀਮਤਾਂ ਵਿੱਚ ਭਰੋਸਾ ਰੱਖਦੇ ਹਨ, ਉਨ੍ਹਾਂ ਲਈ ਹਿੰਸਾ ਕਦੇ ਵੀ ਰਸਤਾ ਨਹੀਂ ਹੋ ਸਕਦੀ।"
ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਸੋਸ਼ਲ ਮੀਡੀਆ 'ਤੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਖ਼ਬਰ ਸੁਣ ਕੇ ਉਹ ਕਾਫ਼ੀ ਹੈਰਾਨ ਹਨ। ਉਨ੍ਹਾਂ ਕਿਹਾ, "ਇਹ ਜਾਣ ਕੇ ਰਾਹਤ ਮਿਲੀ ਹੈ ਕਿ ਰਾਸ਼ਟਰਪਤੀ ਟਰੰਪ, ਉਨ੍ਹਾਂ ਦੀ ਪਤਨੀ ਅਤੇ ਹੋਰ ਮਹਿਮਾਨ ਸੁਰੱਖਿਅਤ ਹਨ।"
ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸ਼ਨਿੱਚਰਵਾਰ ਰਾਤ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਵੱਡੇ ਆਗੂਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ੍ਹਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ।