ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ! ਕੀ ਚੀਮਾ ਬਾਈ ਦੀ ਭਵਿੱਖਬਾਣੀ ਸੱਚੀ ਹੋਵੇਗੀ ਜਾਂ ਝੂਠੀ?, ਅਮਰੀਕਾ ਨੇ ਮੈਕਸਿਕੋ ਬਾਰਡਰ ਰਾਹੀਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੀਤਾ ਕੰਮ ਸ਼ੁਰੂ

ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ! ਕੀ ਚੀਮਾ ਬਾਈ ਦੀ ਭਵਿੱਖਬਾਣੀ ਸੱਚੀ ਹੋਵੇਗੀ ਜਾਂ ਝੂਠੀ?, ਅਮਰੀਕਾ ਨੇ ਮੈਕਸਿਕੋ ਬਾਰਡਰ ਰਾਹੀਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੀਤਾ ਕੰਮ ਸ਼ੁਰੂ

ਵਾਸ਼ਿੰਗਟਨ, 19 ਸਤੰਬਰ (ਪੰਜਾਬੀ ਰਾਈਟਰ)- ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend)  ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਹ ਉਸ ਖੇਤਰ ਵਿੱਚ ਪਹਿਲਾ ਵੱਡਾ ਨਿਰਮਾਣ ਕਾਰਜ ਹੈ ਜਿੱਥੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦਾ ਭਾਰੀ ਵਿਰੋਧ ਹੋ ਰਿਹਾ ਸੀ। ਅਮਰੀਕੀ ਸੀਮਾ ਸੁਰੱਖਿਆ ਨੇ ਦੱਸਿਆ ਕਿ ਪੱਛਮੀ ਟੈਕਸਾਸ ਦੇ ਹਡਸਪੇਥ ਕਾਊਂਟੀ ਦੇ 47 ਮੀਲ ਲੰਬੇ ਹਿੱਸੇ ’ਚ 30 ਫੁੱਟ ਉੱਚੇ ਸਟੀਲ ਦੇ ਪੈਨਲ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਨਿਰਮਾਣ ਪ੍ਰਸ਼ਾਸਨ ਦੀ 46 ਅਰਬ ਡਾਲਰ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਅਮਰੀਕਾ-ਮੈਕਸਿਕੋ ਸਰਹੱਦ ’ਤੇ ਕੰਧਾਂ, ਰੁਕਾਵਟਾਂ, ਸੜ੍ਹਕਾਂ ਅਤੇ ਤਕਨਾਲੋਜੀ ਦਾ ਜਾਲ ਵਿਛਾ ਕੇ ਡੋਨਲਡ ਟਰੰਪ ਦੇ ਚੋਣ ਵਾਅਦੇ ਨੂੰ ਪੂਰਾ ਕਰਨਾ ਹੈ। ਸੀ.ਬੀ.ਪੀ. ਮੁਤਾਬਕ ਹੁਣ ਸਰਹੱਦ ’ਤੇ ਹਫ਼ਤੇ ਵਿੱਚ ਔਸਤਨ 12 ਮੀਲ ਲੰਬੀ ਕੰਧ ਬਣਾਈ ਜਾ ਰਹੀ ਹੈ, ਜੋ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਨਾਲ ਬਣਾਈ ਜਾ ਰਹੀ ਹੈ ਅਤੇ ਦੂਜੇ ਕਾਰਜਕਾਲ ਤੋਂ ਹੁਣ ਤੱਕ 200 ਮੀਲ ਤੋਂ ਵੱਧ ਨਵੀਂ ਰੁਕਾਵਟ ਬਣਾਈ ਜਾ ਚੁੱਕੀ ਹੈ।
ਜ਼ਮੀਨ ਮਾਲਕਾਂ, ਵਾਤਾਵਰਨ ਪ੍ਰੇਮੀਆਂ ਦਾ ਵਿਰੋਧ ਅਤੇ ਅਦਾਲਤੀ ਚੁਣੌਤੀ
ਬਿਗ ਬੈਂਡ ਖੇਤਰ ਵਿੱਚ ਇਸ ਪ੍ਰੋਜੈਕਟ ਨੂੰ ਜ਼ਮੀਨ ਮਾਲਕਾਂ, ਵਾਤਾਵਰਨ ਪ੍ਰੇਮੀਆਂ, ਕਾਰੋਬਾਰੀਆਂ ਅਤੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਇਹ ਦੂਰ-ਦੁਰਾਡੇ ਦਾ ਖੇਤਰ ਗੈਰ-ਕਾਨੂੰਨੀ ਘੁਸਪੈਠ ਲਈ ਵਰਤਿਆ ਨਹੀਂ ਜਾਂਦਾ। ‘ਨੋ ਬਿਗ ਬੈਂਡ ਵਾਲ ਕੋਲੀਸ਼ਨ’ ਵਰਗੇ ਸੰਗਠਨਾਂ ਦੇ ਕਾਰਕੁੰਨਾਂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਕੰਧ ਦੇ ਪੈਨਲ ਲਗਾਏ ਜਾ ਰਹੇ ਹਨ ਪਰ ਉਹ ਆਪਣਾ ਵਿਰੋਧ ਅਤੇ ਕਾਨੂੰਨੀ ਲੜਾਈ ਜਾਰੀ ਰੱਖਣਗੇ। ਇਸ ਤੋਂ ਇਲਾਵਾ ਸਥਾਨਕ ਜ਼ਮੀਨ ਮਾਲਕਾਂ ਅਤੇ ਕਾਰੋਬਾਰੀਆਂ ਨੇ ਇਸ ਪ੍ਰੋਜੈਕਟ ਨੂੰ ਰੋਕਣ ਲਈ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੈ। ਵਾਤਾਵਰਨ ਪੱਖੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਵਾਤਾਵਰਨ ਨੂੰ ਨੁਕਸਾਨ ਪਹੁੰਚੇਗਾ ਜਦੋਂ ਕਿ ਮੂਲ ਅਮਰੀਕੀ ਵਾਸੀਆਂ ਦਾ ਦੋਸ਼ ਹੈ ਕਿ ਨਿਰਮਾਣ ਨਾਲ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ। ਵਿਰੋਧ ਦੇ ਚੱਲਦਿਆਂ ਪ੍ਰਸ਼ਾਸਨ ਨੇ ਬਿਗ ਬੈਂਡ ਨੈਸ਼ਨਲ ਪਾਰਕ ਦੇ ਨੇੜਲੇ ਹਿੱਸੇ ਵਿੱਚ ਨਿਰਮਾਣ ਕਾਰਜ ਨੂੰ ਫਿਲਹਾਲ ਅਸਥਾਈ ਤੌਰ ’ਤੇ ਰੋਕਿਆ ਹੋਇਆ ਹੈ।