ਮਾਲ ਗੱਡੀ ਦੀ ਕੰਚਨਜੰਗਾ ਐਕਸਪ੍ਰੈੱਸ ਨਾਲ ਟੱਕਰ; 9 ਮੌਤਾਂ

ਮਾਲ ਗੱਡੀ ਦੀ ਕੰਚਨਜੰਗਾ ਐਕਸਪ੍ਰੈੱਸ ਨਾਲ ਟੱਕਰ; 9 ਮੌਤਾਂ

ਮਿ੍ਰਤਕਾਂ ’ਚ ਦੋ ਰੇਲਵੇ ਸਟਾਫਰ ਵੀ ਸ਼ਾਮਲ, 41 ਜ਼ਖ਼ਮੀ; ਰਾਸ਼ਟਰਪਤੀ ਮੁਰਮੂ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ

ਨਿਊ ਜਲਪਾਇਗੁੜੀ/ਕੋਲਕਾਤਾ, - ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਮਾਲ ਗੱਡੀ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾ ਗਈ। ਮਾਲ ਗੱਡੀ ਨੇ ਖੜ੍ਹੀ ਰੇਲਗੱਡੀ ਨੂੰ ਪਿੱਛਿਓਂ ਟੱਕਰ ਮਾਰੀ ਜਿਸ ਕਰਕੇ ਕੰਚਨਜੰਗਾ ਐਕਸਪ੍ਰੈੱਸ ਦੀਆਂ ਪਿਛਲੀਆਂ ਤਿੰਨ ਬੋਗੀਆਂ ਲੀਹੋਂ ਲੱਥ ਗਈਆਂ। ਹਾਦਸੇ ਵਿਚ ਮਾਲ ਗੱਡੀ ਦੇ ਲੋਕੋ ਪਾਇਲਟ ਤੇ ਸਹਿ-ਪਾਇਲਟ ਅਤੇ ਯਾਤਰੀ ਰੇਲਗੱਡੀ ਦੇ ਗਾਰਡ ਸਣੇ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਸੂਬਾ ਸਰਕਾਰ ਤੇ ਕੇਂਦਰ ਦੀਆਂ ਕਈ ਏਜੰਸੀਆਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹਨ। ਜ਼ਖ਼ਮੀਆਂ ਨੂੰ ਨੌਰਥ ਬੰਗਾਲ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ਦੀ ਵਜ੍ਹਾ ਮਾਲ ਗੱਡੀ ਦੇ ਲੋਕੋ ਪਾਇਲਟ ਵੱਲੋਂ ਸਿਗਨਲ ਨੂੰ ਨਜ਼ਰਅੰਦਾਜ਼ ਕਰਨਾ ਹੋ ਸਕਦਾ ਹੈ। ਉਧਰ ਰੇਲਵੇ ਬੋਰਡ ਦੀ ਚੇਅਰਪਰਸਨ ਜਯਾ ਵਰਮਾ ਸਿਨਹਾ ਨੇ ਕਿਹਾ ਕਿ ਰੇਲਵੇ ਦਾ ‘ਕਵਚ’ ਜਾਂ ਰੇਲਗੱਡੀ ਨੂੰ ਟੱਕਰ ਤੋਂ ਬਚਾਉਣ ਵਾਲਾ ਪ੍ਰਬੰਧ ਗੁਹਾਟੀ-ਦਿੱਲੀ ਰੂਟ ’ਤੇ ਮੌਜੂਦ ਨਹੀਂ ਸੀ।

ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ਼ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਉਧਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ, ਗੰਭੀਰ ਜ਼ਖਮੀਆਂ ਲਈ ਢਾਈ-ਢਾਈ ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਰਾਜਪਾਲ ਸੀਵੀ ਆਨੰਦਾ ਬੋਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਨੂੰ ਵੀ ਮਿਲੇ।

ਅਧਿਕਾਰੀ ਨੇ ਕਿਹਾ ਕਿ ਹਾਦਸਾ ਉੱਤਰੀ ਬੰਗਾਲ ਦੇ ਨਿਊ ਜਲਪਾਇਗੁੜੀ ਸਟੇਸ਼ਨ ਤੋਂ 30 ਕਿਲੋਮੀਟਰ ਦੂਰ ਰੰਗਾਪਾਨੀ ਸਟੇਸ਼ਨ ਨੇੜੇ ਵਾਪਰਿਆ। ਮਾਲ ਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਚਨਜੰਗਾ ਐਕਸਪ੍ਰੈੱਸ ਦੀਆਂ ਮਗਰਲੀਆਂ ਤਿੰਨ ਬੋਗੀਆਂ ਲੀਹੋਂ ਲੱਥ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਰੇਲ ਹਾਦਸੇ ਨੂੰ ਦੁਖਦਾਈ ਦੱਸਦਿਆਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕਰਦਾ ਹਾਂ। ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਪੀੜਤਾਂ ਦੀ ਸਹਾਇਤਾ ਲਈ ਰਾਹਤ ਕਾਰਜ ਜਾਰੀ ਹਨ।’’ ਰੇਲਵੇ ਅਧਿਕਾਰੀਆਂ ਵੱਲੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੰਚਨਜੰਗਾ ਐਕਸਪ੍ਰੈੱਸ ਰੇਲ ਪੱਟੜੀ ’ਤੇ ਖੜ੍ਹੀ ਸੀ, ਜਦੋਂ ਮਾਲ ਗੱਡੀ ਪਿੱਛਿਓਂ ਆ ਕੇ ਉਸ ਨਾਲ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਯਾਤਰੀ ਰੇਲਗੱਡੀ ਦੀਆਂ ਦੋ ਪਿਛਲੀਆਂ ਬੋਗੀਆਂ ਲੀਹੋਂ ਲੱਥ ਗਈਆਂ ਜਦੋਂਕਿ ਇਕ ਹੋਰ ਬੋਗੀ ਹਵਾ ਵਿਚ ਲਟਕ ਗਈ ਜਦੋਂਕਿ ਮਾਲ ਗੱਡੀ ਦਾ ਇੰਜਨ ਇਸ ਦੇ ਹੇਠਾਂ ਸੀ। ਅਧਿਕਾਰੀ ਨੇ ਕਿਹਾ ਕਿ ਖਿੱਤੇ ਦੇ ਮੌਸਮੀ ਹਾਲਾਤ ਕਰਕੇ ਵੀ ਰਾਹਤ ਕਾਰਜਾਂ ਵਿਚ ਕੁਝ ਮੁਸ਼ਕਲ ਆਈ। ਇਸ ਹਾਦਸੇ ਨੇ ਸਾਲ ਪਹਿਲਾਂ ਉੜੀਸਾ ਵਿਚ ਕੋਰੋਮੰਡਲ ਐਕਸਪ੍ਰੈੱਸ ਨਾਲ ਵਾਪਰੇ ਰੇਲ ਹਾਦਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਉਦੋਂ ਹਾਦਸੇ ਵਿਚ ਕਰੀਬ 300 ਲੋਕ ਮਾਰੇ ਗਏ ਸਨ ਤੇ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ 13174 ਕੰਚਨਜੰਗਾ ਐਕਸਪ੍ਰੈੱਸ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ ਤੇ ਹਾਦਸਾ ਸਵੇਰੇ 9 ਵਜੇ ਦੇ ਕਰੀਬ ਹੋਇਆ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ ’ਤੇ ਇਕ ਪੋੋਸਟ ਵਿਚ ਹਾਦਸੇ ’ਤੇ ਦੁਖ ਜਤਾਇਆ ਹੈ। ਰੇਲ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਕੰਚਨਜੰਗਾ ਐਕਸਪ੍ਰੈੱਸ ਦੀਆਂ ਨੁਕਸਾਨੀਆਂ ਗਈਆਂ ਬੋਗੀਆਂ ਨੂੰ ਵੱਖ ਕਰਕੇ ਰੇਲਗੱਡੀ ਨੂੰ ਕੋਲਕਾਤਾ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪੂਰਬੀ ਰੇਲਵੇ ਦੇ ਸੀਪੀਆਰਓ ਕੌਸ਼ਿਕ ਮਿੱਤਰਾ ਨੇ ਕਿਹਾ ਕਿ ਯਾਤਰੀ ਰੇਲਗੱਡੀ ਦੁਪਹਿਰੇ 12:40 ਵਜੇ ਦੇ ਕਰੀਬ ਹਾਦਸੇ ਵਾਲੀ ਥਾਂ ਤੋਂ ਰਵਾਨਾ ਕਰ ਦਿੱਤੀ ਗਈ ਸੀ ਤੇ ਇਸ ਦੇ ਸ਼ਾਮੀਂ 8 ਵਜੇ ਸਿਆਲਦਾਹ ਪਹੁੰਚਣ ਦੀ ਉਮੀਦ ਹੈ। ਹਾਦਸੇ ਕਰਕੇ ਉੱਤਰੀ ਬੰਗਾਲ ਤੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਤੋਂ ਆਉਣ ਵਾਲੀਆਂ ਲੰਮੀ ਦੂਰੀ ਵਾਲੀਆਂ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।