
-ਅਰਜਨ ਰਿਆੜ (ਮੁੱਖ ਸੰਪਾਦਕ)
ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿਚ ਇਕ ਨੌਜਵਾਨ ਟਰੈਕਟਰ ਨਾਲ ਸਟੰਟ ਦਿਖਾ ਰਿਹਾ ਹੈ, ਉਹ ਟਰੈਕਟਰ ਨੂੰ ਪਿਛਲੇ ਦੋ ਟਾਇਰਾਂ ਉੱਤੇ ਖੜ੍ਹਾ ਕਰ ਕੇ ਚੱਲਦੇ ਨੂੰ ਹੀ ਛੱਡ ਕੇ ਹੇਠਾਂ ਉੱਤਰ ਆਉਂਦਾ ਹੈ। ਉਹ ਸਟੰਟ ਇਹ ਕਰਨਾ ਚਾਹੁੰਦਾ ਸੀ ਕਿ ਟਰੈਕਟਰ ਧਰਤੀ ਵਿਚ ਹੀ ਸਲਿੱਪ ਮਾਰਦਾ ਖੜ੍ਹਾ ਰਹੇਗਾ ਅਤੇ ਉਹ ਬਾਅਦ ਵਿਚ ਉਸ ਨੂੰ ਉੱਪਰ ਚੜ੍ਹ ਕੇ ਕੰਟਰੋਲ ਕਰ ਲਵੇਗਾ। ਪਰ ਮਾੜੀ ਕਿਸਮਤ ਨੂੰ ਟਰੈਕਟਰ ਮਿੱਟੀ ਦੇ ਟੋਏ ਵਿਚੋਂ ਬਾਹਰ ਨਿਕਲ ਆਇਆ ਜਿਸ ਨਾਲ ਦਰਸ਼ਕਾਂ ਵਿਚ ਹਫ਼ੜਾਦਫ਼ੜੀ ਮਚ ਗਈ ਅਤੇ ਉਹ ਸਟੰਟਬਾਜ਼ ਨੌਜਵਾਨ ਟਰੈਕਟਰ ਨੂੰ ਕੰਟਰੋਲ ਕਰਨ ਲਈ ਦੌੜਦਾ ਹੈ ਪਰ ਉਹ ਅਜਿਹਾ ਨਹੀਂ ਕਰ ਸਕਿਆ। ਟਰੈਕਟਰ ਨੇ ਬੇਕਾਬੂ ਹੋ ਕੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਕ ਸੋਹਣੇ ਸੁਨੱਖੇ ਸਰਦਾਰ ਨੌਜਵਾਨ ਦੀ ਜਾਨ ਕੁਝ ਕੁ ਸਕਿੰਟਾਂ ਵਿਚ ਹੀ ਨਿਕਲ ਗਈ।
ਅਸਲ ਵਿਚ ਇਹ ਸਾਰਾ ਮਾਜਰਾ ਗੁਰਦਾਸਪੁਰ ਵਿੱਚ ਪੈਂਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਦਾ ਹੈ ਜਿੱਥੇ ਮਾਝੇ ਇਲਾਕੇ ਦਾ ਮਸ਼ਹੂਰ ਟਰੈਕਟਰ ਸਟੰਟਬਾਜ਼ ਮਿ੍ਰਤਕ ਸੁਖਮਨਦੀਪ ਸਿੰਘ ਆਪਣੇ ਟਰੈਕਟਰ ਨਾਲ ਸਟੰਟ ਦਿਖਾ ਰਿਹਾ ਸੀ। ਸੁਖਨਪ੍ਰੀਤ ਸਿੰਘ ਬਟਾਲਾ ਦੇ ਪਿੰਡ ਠੱਠਾ ਦਾ ਵਸਨੀਕ ਸੀ। ਉਸਦੀ ਮੌਤ ਦੀ ਵੀਡੀਓ ਦੇਖ ਕੇ ਹਰ ਨਰਮ ਦਿਲ ਇਨਸਾਨ ਦੀ ਰੂਹ ਕੰਬ ਉੱਠਦੀ ਹੈ। ਇਸ ਦੁਰਘਟਨਾ ਦੀ ਗੂੰਜ ਮੁੱਖ ਮੰਤਰੀ ਦਫ਼ਤਰ ਤੱਕ ਵੀ ਪਹੁੰਚੀ ਜਿਸ ਕਾਰਨ ਭਗਵੰਤ ਮਾਨ ਨੇ ਟਰੈਕਟਰ ਸਟੰਟਾਂ ਉੱਤੇ ਰੋਕ ਲਾਉਣ ਦਾ ਐਲਾਨ ਵੀ ਕਰ ਦਿੱਤਾ। ਉਨ੍ਹਾਂ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, ‘ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਿਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖ਼ਤਰਨਾਕ ਪ੍ਰਦਰਸ਼ਨ ਤੇ ਪੰਜਾਬ ’ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ..।
ਜਿਹਨਾਂ ਪਾਠਕਾਂ ਦਾ ਜਨਮ 1970 ਕੁ ਦੇ ਲਾਗੇ ਛਾਗੇ ਦਾ ਹੈ ਉਹਨਾਂ ਪਾਠ ਪੁਸਤਕਾਂ ਵਿਚ ਇਕ ਸਬਕ ਜ਼ਰੂਰ ਪੜ੍ਹਿਆ ਹੋਣਾ ‘...ਤੇ ਆਖਰ ਬਾਪੂ ਮੰਨ ਗਿਆ’। ਇਹ ਸਬਕ ਉਹਨਾਂ ਵੇਲਿਆਂ ’ਚ ਆਇਆ ਸੀ ਜਦੋਂ ਅਜੇ ਟਰੈਕਟਰ ਨਵੇਂ ਨਵੇਂ ਪਿੰਡਾਂ ਵਿਚ ਆਉਣ ਲੱਗੇ ਸਨ ਅਤੇ ਕਿਰਸਾਨੀ ਬਲਦਾਂ ਤੋਂ ਟਰੈਕਟਰਾਂ ਦੇ ਯੱੁਗ ਵੱਲ ਤਬਦੀਲ ਹੋ ਰਹੀ ਸੀ। ਪਰ ਪੁਰਾਣੇ ਬਜ਼ੁਰਗ ਆਪਣੇ ਬੱਚਿਆਂ ਨੂੰ ਟਰੈਕਟਰ ਲੈਣ ਤੋਂ ਰੋਕਦੇ ਸਨ ਤੇ ਨਵੀਂ ਪੀੜੀ ਟਰੈਕਟਰ ਲੈਣ ਲਈ ਬਜ਼ਿੱਦ ਸੀ। ਇਸੇ ਸਬੰਧ ਵਿਚ ਇਸ ਸਬਕ ਵਿਚ ਘਰ ਦਾ ਬਜ਼ੁਰਗ ਬੱਚਿਆਂ ਨੂੰ ਸਮਝਾਉਂਦਾ ਹੈ ਕਿ ਜੇਕਰ ਤੁਸੀਂ ਟਰੈਕਟਰ ਲਿਆਉਣਾ ਹੀ ਹੈ ਤਾਂ ਉਸ ਨਾਲ ਸਿਰਫ਼ ਖੇਤੀ ਹੀ ਕਰਨੀ ਹੈ, ਟਰੈਕਟਰ ’ਤੇ ਵਾਂਢੇ ਭਾਵ ਰਿਸ਼ਤੇਦਾਰਾਂ ਦੇ ਨਹੀਂ ਤੁਰੇ ਰਹਿਣਾ ਤੇ ਹੋਰ ਗੈਰ ਖੇਤੀ ਦੇ ਕੰਮਾਂ ਤੋਂ ਬਚਣਾ ਹੈ। ਬੱਚੇ ਬਾਪੂ ਦੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਅਤੇ ਉੱਚੀ ਉੱਚੀ ਰੌਲਾ ਪਾਉਂਦੇ ਹਨ ਕਿ ਬਾਪੂ ਮੰਨ ਗਿਆ। ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਹੈ ਕਿ ਟਰੈਕਟਰਾਂ ਦੀ ਆਮਦ ਤੋਂ ਹੀ ਕਿਰਸਾਨੀ ਸਮਾਜ ਇਸ ਪ੍ਰਤੀ ਸੁਹਿਰਦ ਰਿਹਾ ਹੈ ਕਿ ਟਰੈਕਟਰ ਨੂੰ ਖੇਤੀ ਦੇ ਕੰਮਾਂ ਲਈ ਹੀ ਵਰਤਿਆ ਜਾਵੇ ਹੋਰ ਕੰਮ ਨਾ ਲਏ ਜਾਣ।
ਕੁਝ ਸਮਾਂ ਪਹਿਲਾਂ ‘ਟਰਾਲੀ ਬੈਕ’ ਮੁਕਾਬਲੇ ਹੁੰਦੇ ਸਨ, ਉਹ ਕੁਝ ਹੱਦ ਤੱਕ ਸਹੀ ਵੀ ਸਨ ਕਿਉਂਕਿ ਉਸ ਵਿਚ ਡਰਾਈਵਰ ਦੀ ਤਕਨੀਕ ਪਰਖੀ ਜਾਂਦੀ ਸੀ ਅਤੇ ਉਹ ਹਾਦਸਿਆਂ ਦਾ ਕਾਰਨ ਵੀ ਨਹੀਂ ਸਨ ਬਣਦੇ ਪਰ ਪਤਾ ਨਹੀਂ ਕਿੱਥੋਂ ‘ਟਰੈਕਟਰ ਤਵੀਆਂ’ ਮੁਕਾਬਲਿਆਂ ਦਾ ਨਵਾਂ ਸ਼ੋਸ਼ਾ ਕੱਢ ਲਿਆਂਦਾ। ਸਮਝ ਹੀ ਨਹੀਂ ਲੱਗੀ ਕਿ ਇਸ ਵਿਚ ਪਰਖਿਆ ਕੀ ਜਾਂਦਾ ਹੈ। ਹਰ ਕੋਈ ਆਪਣੇ ਟਰੈਕਟਰਾਂ ਦੇ ਇੰਜਣਾਂ ਨੂੰ ਮੌਡੀਫਾਈ ਕਰਾ ਕੇ ਵੱਧ ਤਾਕਤ ਦੇ ਬਣਾ ਕੇ ਤਵੀਆਂ ਖਿੱਚ ਕੇ ਦਿਖਾਉਂਦਾ ਹੈ, ਇਸ ਵਿਚ ਪਰਖ ਤਾਂ ਮਕੈਨਿਕ ਦੀ ਤਕਨੀਕ ਦੀ ਹੋਈ! ਇਸ ਤੋਂ ਬਾਅਦ ਟਰੈਕਟਰ ਸਟੰਟਬਾਜ਼ੀ ਦਾ ਦੌਰ ਆਇਆ ਤਾਂ ਭਾਵੇਂ ਸੋਸ਼ਲ ਮੀਡੀਆ ਉੱਪਰ ਇਹਨਾਂ ਨੂੰ ਬਹੁਤ ਹੁੰਗਾਰਾ ਮਿਲਣ ਲੱਗਾ ਪਰ ਇਹ ਹਮੇਸ਼ਾ ਖਤਰਿਆਂ ਦੀ ਖੇਡ ਬਣੀ ਰਹੀ। ਵੈਸੇ ਤਾਂ ਸਟੰਟਬਾਜ਼ੀ ਹਮੇਸ਼ਾ ਹੀ ਖਤਰਿਆਂ ਦੀ ਖੇਡ ਹੀ ਰਹੀ ਹੈ, ਹੌਲੀਵੁੱਡ, ਬੌਲੀਵੱੁਡ ਆਦਿ ਫ਼ਿਲਮਾਂ ਵਿਚ ਪਰਦੇ ਦੇ ਪਿੱਛੇ ਵਿਚਾਰ ਸਟੰਟਬਾਜ਼ ਬਹੁਤ ਸੱਟਾਂ ਦੇ ਸ਼ਿਕਾਰ ਹੁੰਦੇ ਹਨ ਤੇ ਉਹ ਮਜਬੂਰੀ ਵੱਸ ਇਹ ਕੰਮ ਕਰਦੇ ਹਨ, ਉਹ ਪੱਖ ਕਦੇ ਸਰਕਾਰਾਂ ਵਲੋਂ ਸਾਹਮਣੇ ਨਹੀਂ ਲਿਆਂਦਾ ਗਿਆ।
ਪਿੰਡਾਂ ਵਿਚ ਲੋਕਾਂ ਕੋਲ ਸਰੋਤ ਬਹੁਤ ਹੀ ਸੀਮਤ ਹੁੰਦੇ ਹਨ। ਸੁਖਮਨ ਵੀ ਆਪਣੇ ਸੀਮਤ ਸਰੋਤਾਂ ਨਾਲ ਹੀ ਸਟੰਟਬਾਜ਼ੀ ਦੇ ਖੇਤਰ ਵਿਚ ਆਇਆ। ਉਹ ਕਹਿੰਦਾ ਸੀ ਕਿ ਟਰੈਕਟਰ ਉਸ ਨੂੰ ਆਪਣੇ ਪੁੱਤਰ ਵਾਂਗ ਹੀ ਪਿਆਰਾ ਹੈ ਪਰ ਰੱਬ ਦੀ ਕਰਨੀ ਦੇਖੋ ਕਿ ਉਹ ਪਿਆਰਾ ਟਰੈਕਟਰ ਹੀ ਉਸਦੀ ਜਾਨ ਦਾ ਖੌਅ ਬਣ ਗਿਆ। ਜੇਕਰ ਇਹਨਾਂ ਸਟੰਟਾਂ ਦੇ ਨਾਲ ਬਹੁਤ ਹੀ ਜ਼ਿਆਦਾ ਵੱਡੇ ਇਨਾਮ ਮਿਲਦੇ ਹੋਣ ਤਾਂ ਸਮਝ ਆਉਂਦਾ ਹੈ ਕਿ ਜਾਨ ਦਾਅ ’ਤੇ ਲਗਾਈ ਜਾ ਰਹੀ ਹੈ ਪਰ ਨਿੱਕੇ ਨਿੱਕੇ ਟੂਰਨਾਮੈਂਟਾਂ ਵਿਚ ਆਪਣੀ ਮਸ਼ੀਨਰੀ ਅਤੇ ਜਾਨ ਦੋਵੇਂ ਦਾਅ ’ਤੇ ਲਗਾਉਣਾ ਸਮਝ ਨਹੀਂ ਆਉਂਦਾ। ਸਰਕਾਰ ਆਉਣ ਵਾਲੇ ਸਮੇਂ ’ਚ ਇਹ ਫ਼ੈਸਲਾ ਲਵੇਗੀ ਕਿ ਇਹ ਸਟੰਟਬਾਜ਼ੀ ਬੰਦ ਕੀਤੀ ਜਾਵੇ। ਜਿਸ ਘਰ ਦਾ ਨੌਜਵਾਨ ਇਸ ਸਟੰਟਬਾਜ਼ੀ ਨੇ ਖੋਹ ਲਿਆ ਉਹ ਕਦੇ ਵੀ ਨਹੀਂ ਚਾਹੁੰਣਗੇ ਕਿ ਉਹਨਾਂ ਦਾ ਕੋਈ ਹੋਰ ਨੌਜਵਾਨ ਇਸ ਰਸਤੇ ਪਵੇ। ਸੁਖਮਨ ਦੀ ਮੌਤ ਆਉਣ ਵਾਲੀ ਪੀੜ੍ਹੀ ਨੂੰ ਵੱਡਾ ਸਬਕ ਦੇ ਗਈ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਆਮੀਨ!