ਅਧਿਆਪਕ ਬਦਲੀਆਂ ਦੇ ਮਾਮਲੇ ’ਤੇ ਵਿਭਾਗੀ ਚੁੱਪ ਤੋਂ ਅਧਿਆਪਕ ਬੇਚੈਨ: ਡੀਟੀਐੱਫ

ਅਧਿਆਪਕ ਬਦਲੀਆਂ ਦੇ ਮਾਮਲੇ ’ਤੇ ਵਿਭਾਗੀ ਚੁੱਪ ਤੋਂ ਅਧਿਆਪਕ ਬੇਚੈਨ: ਡੀਟੀਐੱਫ

ਚੰਡੀਗੜ੍ਹ, - ਸਿੱਖਿਆ ਵਿਭਾਗ ਪੰਜਾਬ ਵੱਲੋਂ ਬਦਲੀ ਨੀਤੀ ਅਨੁਸਾਰ ਹਰ ਸਾਲ ਜਨਵਰੀ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਬਦਲੀ ਪ੍ਰਕਿਰਿਆ ਨੂੰ 2024 ਵਿੱਚ ਹਾਲੇ ਤੱਕ ਸ਼ੁਰੂ ਨਾ ਕਰ ਸਕਣ ਦੇ ਮਸਲੇ ’ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਡੀਟੀਐੱਫ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਦੀ ਬਦਲੀਆਂ ਦੇ ਮਾਮਲੇ ’ਤੇ ਧਾਰੀ ਚੁੱਪ ਬਾਰੇ ਕਿਹਾ ਕਿ ਵਿਭਾਗ ਦੀ ਬਦਲੀ ਨੀਤੀ ਅਨੁਸਾਰ ਇਹ ਪ੍ਰਕਿਰਿਆ ਹਰ ਸਾਲ ਜਨਵਰੀ ਮਹੀਨੇ ਵਿੱਚ ਸ਼ੁਰੂ ਕਰਨੀ ਹੁੰਦੀ ਹੈ ਪਰ ਇੱਕ ਵਾਰ ਮਾਰਚ ਮਹੀਨੇ ਵਿੱਚ ਪੋਰਟਲ ਖੋਲ੍ਹਣ ਉਪਰੰਤ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਹਾਲੇ ਤੱਕ ਇਸ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਕਾਰਨ ਬਦਲੀਆਂ ਦੇ ਚਾਹਵਾਨ ਹਜ਼ਾਰਾਂ ਅਧਿਆਪਕਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਡੀਟੀਐੱਫ ਪੰਜਾਬ ਵੱਲੋਂ ਪਿਛਲੇ ਦਿਨੀਂ ਸਿੱਖਿਆ ਮੰਤਰੀ ਦੇ ਓਐੱਸਡੀ ਨੂੰ ਮਿਲ ਕੇ ਵੀ ਇਸ ਸਬੰਧੀ ਇਤਰਾਜ਼ ਦਰਜ ਕਰਾਉਂਦਿਆਂ ਮੰਗ ਕੀਤੀ ਸੀ ਕਿ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਚਾਲੂ ਕਰਦਿਆਂ ਜਲਦੀ ਹੀ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ ਸਮੂਹ ਅਧਿਆਪਕਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਦੇ ਬਾਵਜੂਦ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਸੈਸ਼ਨ 2021-22 ਵਿੱਚ ਬਦਲੀ ਕਰਾਉਣ ਵਾਲੇ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਸੈਸ਼ਨ 2022-23 ਜਾਂ 2023-24 ਵਿੱਚ ਦੇਰੀ ਨਾਲ ਲਾਗੂ ਹੋਈ ਸੀ, ਨੂੰ ਸੈਸ਼ਨ 2024-25 ਵਿੱਚ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ।