
-ਅਰਜਨ ਰਿਆੜ (ਮੁੱਖ ਸੰਪਾਦਕ)
ਸਿਆਸਦਾਨ ਆਮ ਲੋਕਾਂ ਦੇ ਜਵਾਬਦੇਹ ਹਨ ਕਿਉਂਕਿ ਉਹ ਲੋਕਾਂ ਦੀਆਂ ਵੋਟਾਂ ਨਾਲ ਹੀ ਸੱਤਾ ਭੋਗਦੇ ਹਨ ਤੇ ਇਹਨਾਂ ਵੋਟਾਂ ਨਾਲ ਹੀ ਵੱਡੇ ਲੀਡਰ ਬਣਦੇ ਹਨ। ਬਹੁਤੇ ਸਿਆਸਤਦਾਨ ਜਦੋਂ ਵਿਰੋਧੀ ਧਿਰ ਵਿਚ ਹੁੰਦੇ ਹਨ ਤਾਂ ਵੱਡੇ ਵੱਡੇ ਬਿਆਨ ਦਿੰਦੇ ਹਨ ਤੇ ਲੋਕਾਂ ਨਾਲ ਵਾਅਦੇ ਕਰਦੇ ਹਨ ਪਰ ਜਦੋਂ ਲੋਕਾਂ ਉਹਨਾਂ ਦੀਆਂ ਗੱਲਾਂ ਵਿਚ ਆ ਕੇ ਉਹਨਾਂ ਦੇ ਹੱਥ ਵਿਚ ਸੱਤਾ ਦੀ ਚਾਬੀ ਫੜਾ ਦਿੰਦੇ ਹਨ ਤਾਂ ਉਹ ਲੋਕਾਂ ਨੂੰ ਜਵਾਬ ਦੇਣ ਦੀ ਜਗ੍ਹਾ ਐਸ਼ਪ੍ਰਸਤੀ, ਦੇਸ਼ ਵਿਦੇਸ਼ ਦੀਆਂ ਸੈਰਾਂ ਅਤੇ ਫਾਈਵ ਸਟਾਰ ਹੋਟਲਾਂ ਵਿਚ ਮੀਟਿੰਗਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਲੋਕਾਂ ਦੇ ਸਵਾਲ ਉਹਨਾਂ ਦੇ ਦਿਲਾਂ ਵਿਚ ਹੀ ਰਹਿ ਜਾਂਦੇ ਹਨ। ਜਦੋਂ ਪੰਜ ਸਾਲ ਬਾਅਦ ਉਹਨਾਂ ਨੂੰ ਫਿਰ ਲੋਕਾਂ ਵਿਚ ਜਾਣਾ ਪੈਂਦਾ ਹੈ ਤਾਂ ਉਹ ਫਿਰ ਕੋਈ ਨਾ ਕੋਈ ਸਿਆਸੀ ਖੇਡ ਖੇਡ ਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਸਫਲ ਹੋ ਜਾਂਦੇ ਹਨ। ਹਰ ਇਕ ਵੋਟਰ ਚਾਹੁੰਦਾ ਹੈ ਕਿ ਉਸਦਾ ਆਗੂ ਉਸਨੂੰ ਜਵਾਬਦੇਹ ਹੋਵੇ ਪਰ ਲੋਕਤੰਤਰ ਹੁੰਦੇ ਹੋਏ ਵੀ ਅਜਿਹਾ ਨਹੀਂ ਹੋ ਰਿਹਾ। ਉਦਾਹਰਣ ਵਜੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਵਲੋਂ ਮੀਡੀਆ ਨਾਲ ਗੱਲਾਂਬਾਤਾਂ ਕੀਤੀਆਂ ਜਾਂਦੀਆਂ ਸਨ, ਚੈੱਨਲਾਂ ’ਤੇ ਇੰਟਰਵਿਊਜ਼ ਕੀਤੀਆਂ ਜਾਂਦੀਆਂ ਸਨ ਪਰ ਜਦੋਂ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਉਹਨਾਂ ਆਪਣੀ ਜਵਾਬਦੇਹੀ ਬਿਲਕੁਲ ਬੰਦ ਕਰ ਲਈ ਅਤੇ ਸਿਰਫ ਰੇਡੀਓ ਉੱਤੇ ‘ਮਨ ਕੀ ਬਾਤ’ ਪ੍ਰੋਗਰਾਮ ਤੱਕ ਹੀ ਸੀਮਤ ਹੋ ਗਏ। ਉਹ ਕਦੇ ਵੀ ਪ੍ਰੈੱਸ ਕਾਨਫਰੰਸ ਨਹੀਂ ਕਰਦੇ ਜਦਕਿ ਲੋਕਤੰਤਰ ਦਾ ਮਤਲਬ ਹੀ ਲੋਕਾਂ ਨੂੰ ਜਵਾਬਦੇਹ ਹੋਣਾ ਹੁੰਦਾ ਹੈ।
ਐੱਸ.ਵਾਈ.ਐੱਲ ਦੇ ਮੱੁਦੇ ਉੱਤੇ ਸੁਪਰੀਮ ਕੋਰਟ ਦਾ ਫਿਰ ਫੈਸਲਾ ਆ ਗਿਆ ਹੈ ਅਤੇ ਆਇਆ ਵੀ ਉਹੀ ਜਿਹਦਾ ਡਰ ਸੀ ਭਾਵ ਸੁਪਰੀਮ ਕੋਰਟ ਨੇ ਨਹਿਰ ਦੀ ਉਸਾਰੀ ਬਾਰੇ ਕਹਿ ਦਿੱਤਾ ਹੈ। ਇਹ ਮੁੱਦਾ ਆਉਣ ਵਾਲੇ ਦਿਨਾਂ ਵਿਚ ਬਹੁਤ ਗਰਮਾਏਗਾ ਅਤੇ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਇਸੇ ਉੱਤੇ ਕੇਂਦਰਿਤ ਰਹੇਗੀ। ਇਸੇ ਮੁੱਦੇ ਨੂੰ ਲੈ ਕੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਦੇ ਮਸਲਿਆਂ ਉੱਤੇ ਇਕ ਨਵੰਬਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਪੰਜਾਬ ਦੇ ਲਹੂ ਨਾਲ ਲਥਪਥ ਹਨ ਕਿਉਂਕਿ ਇਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਨ੍ਹਾਂ ਲੀਡਰਾਂ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ‘ਪੰਜਾਬ ਦਿਵਸ’ ਮੌਕੇ ਪ੍ਰਸਤਾਵਿਤ ਬਹਿਸ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖਿਆ ਜਿੱਥੇ ਉਹ ਇਨ੍ਹਾਂ ਨੇਤਾਵਾਂ ਦੇ ਪੰਜਾਬ ਵਿਰੁੱਧ ਕੱਚੇ ਚਿੱਠੇ ਖੋਲ੍ਹ ਕੇ ਅਸਲ ਚਿਹਰਾ ਜੱਗ ਜ਼ਾਹਰ ਕਰਨਗੇ। ਅਗਰ ਭਗਵੰਤ ਮਾਨ ਕਾਂਗਰਸ ਨੂੰ ਇਹ ਪੁੱਛ ਲਿਆ ਕਿ ਕਪੂਰੀ ’ਚ ਚਾਂਦੀ ਦੀ ਕਹੀ ਨਾਲ ਟੱਕ ਕਿਹਨੇ ਲਾਇਆ ਸੀ ਅਤੇ ਅਕਾਲੀਆਂ ਨੂੰ ਪੁੱਛ ਲਿਆ ਕਿ ਇਕ ਕਰੋੜ ਰੁਪਏ ਦਾ ਚੈੱਕ ਕਿਹੜੀ ਸਰਕਾਰ ਨੇ ਲਿਆ ਅਤੇ ਕੈਸ਼ ਕਰਵਾਇਆ ਸੀ ਤਾਂ ਮਹੌਲ ਕੁਝ ਹੋਰ ਹੀ ਬਣ ਜਾਵੇਗਾ ਅਤੇ ਜੇਕਰ ਭਾਜਪਾ ਨੂੰ ਇਹ ਪੱੁਛ ਲਿਆ ਕਿ ਲਾਲ ਕਿ੍ਰਸ਼ਨ ਅਡਵਾਨੀ ਦੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ’ ਵਿਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਕਾਂਗਰਸ ਉੱਤੇ ਭਾਜਪਾ ਵਲੋਂ ਦਬਾਅ ਪਾਏ ਜਾਣ ਦੇ ਜ਼ਿਕਰ ਬਾਰੇ ਪੁੱਛ ਲਿਆ ਜਾਖੜ ਸਾਹਿਬ ਕੀ ਜਵਾਬ ਦੇਣਗੇ ਇਹ ਸੁਣਨਯੋਗ ਹੋਵੇਗਾ।
ਭਾਵੇਂ ਕਿ ਉਪਰੋਕਤ ਕਈਆਂ ਆਗੂਆਂ ਨੇ ਖੁੱਲ੍ਹੀ ਬਹਿਸ ਦੀ ਚੁਣੌਤੀ ਕਬੂਲ ਕਰ ਲਈ ਹੈ ਪਰ ਉਸ ਵਿਚ ਆਪਣੀਆਂ ਸ਼ਰਤਾਂ ਵੀ ਨਾਲ ਰੱਖੀਆਂ ਹਨ। ਭਾਵ ਕਿ ਕਿਤੇ ਨਾ ਕਿਤੇ ਬਹਿਸ ਤੋਂ ਬਚਣ ਦਾ ਰਸਤਾ ਬਣਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਕੋਲ ਭਾਵੇਂ ਸਿਆਸਤ ਦਾ ਡੇਢ ਕੁ ਦਹਾਕੇ ਦਾ ਹੀ ਤਜ਼ਰਬਾ ਹੋਵੇ ਪਰ ਉਹਨਾਂ ਦਾ ਤਜ਼ਰਬਾ ਹੈ ਬਹੁਤ ਡੂੰਘਾ। ਉਹਨਾਂ ਕੋਲ ਸਵਾਲ ਹੀ ਐਨੇ ਕੁ ਹਨ ਕਿ ਵਿਰੋਧੀ ਆਗੂਆਂ ਇਹ ਫਿਕਰ ਪਿਆ ਹੋਇਆ ਹੈ ਕਿ ਜਿਹੜੀ ਆਸੀ ਆਪੋ ਆਪਣੀਆਂ ਸਰਕਾਰਾਂ ਵੇਲੇ ਕੜੀ ਘੋਲੀ ਸੀ ਜੇਕਰ ਭਗਵੰਤ ਮਾਨ ਦੀ ਸੀਈ ਉੱਥੇ ਅੜ ਗਈ ਤਾਂ ਕੀ ਬਣੂਗਾ? ਇਹ ਯਕੀਨਨ ਵੀ ਹੈ ਕਿ ਭਗਵੰਤ ਮਾਨ ਵਿਚ ਬੋਲਣ ਦੀ ਕਲਾ ਅਤੇ ਉਹਨਾਂ ਦੀ ਯਾਦ ਸ਼ਕਤੀ ਵਿਰੋਧੀ ਆਗੂਆਂ ਤੋਂ ਕਿਤੇ ਵਧੀਆ ਹੈ। ਉਹ ਪੰਜਾਬ ਦੇ ਇਕ ਇਕ ਮੱੁਦੇ ਤੋਂ ਜਾਣੂੰ ਹਨ ਅਤੇ ਪੰਜਾਬ ਦੀਆਂ ਸਮੱਸਿਆਵਾਂ ਕਿਨੇ ਪੈਦਾ ਕੀਤੀਆਂ, ਉਹ ਸਭ ਜਾਣਦੇ ਹਨ।
ਅਸੀਂ ਇਸ ਗੱਲ ਦਾ ਸਮਰਥਨ ਕਰਦੇ ਹਾਂ ਕਿ ਆਗੂ ਸਿਅਸਤਦਾਨਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਅਤੇ ਵੱਡੇ ਪੱਧਰ ’ਤੇ ਸਿਆਸੀ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਆਗੂਆਂ ਦੀ ਕੀ ਸੋਚ ਹੈ ਅਤੇ ਉਹ ਆਉਣ ਵਾਲੇ ਸਮੇਂ ’ਚ ਕੀ ਕਰਨਾ ਚਾਹੁੰਦੇ ਹਨ। ਹੁਣ ਸਿਆਸੀ ਸ਼ਬਦੀ ਤੀਰਾਂ ਦਾ ਮੈਦਾਨ ਭਖ਼ੇਗਾ ਅਤੇ ਇਕ ਦੂਜੇ ਖਿਲਾਫ ਦੂਸ਼ਣਬਾਜ਼ੀ ਕੀਤੀ ਜਾਵੇਗੀ। ਆਸ ਹੈ ਕਿ ਸਾਰੇ ਆਗੂ ਇਕ ਟੇਬਲ ਉੱਤੇ ਬੈਠਣਗੇ ਅਤੇ ਇਕ ਦੂਜੇ ਦੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਕਿ ਆਮ ਜਨਤਾ ਨੂੰ ਇਹ ਪਤਾ ਲੱਗ ਸਕੇ ਕਿ ਮੇਰਾ ਆਗੂ ਕਿਹੜੇ ਪਾਸੇ ਖੜ੍ਹਦਾ ਹੈ, ਸੱਚ ਜਾਂ ਝੂਠ ਦੇ, ਸੋ ਆਓ ਉਡੀਕ ਕਰਦੇ ਹਾਂ ਇਕ ਵੱਡੀ ਬਹਿਸ ਦੀ। ਆਮੀਨ!