ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਰਿਟਰਨਿੰਗ ਅਧਿਕਾਰੀ ਵੱਲੋਂ ਕਥਿਤ ਮਤ-ਪੱਤਰਾਂ ਨਾਲ ਛੇੜਛਾੜ ਨੂੰ ‘ਜਮਹੂਰੀਅਤ ਦਾ ਕਤਲ’ ਤੇ ‘ਜਮਹੂਰੀਅਤ ਦਾ ਮਜ਼ਾਕ ਬਣਾਉਣਾ’ ਕਰਾਰ ਦਿੱਤਾ ਹੈ।ਸਰਵਉੱਚ ਅਦਾਲਤ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋ ਕੇ ਆਪਣੇ ਵਿਹਾਰ ਬਾਰੇ ਸਪਸ਼ਟ ਕਰੇ। ਅਦਾਲਤ ਨੇ ਮਤ-ਪੱਤਰਾਂ ਤੇ ਚੋੋਣ ਅਮਲ ਦੀ ਪੂਰੀ ਵੀਡੀਓ ਸੰਭਾਲ ਕੇ ਰੱਖਣ ਦੇ ਆਦੇਸ਼ ਵੀ ਦਿੱਤੇ ਹਨ। ਕੋਰਟ ਨੇ ਕਿਹਾ, ‘‘ਪਹਿਲੀ ਨਜ਼ਰੇ ਇਸ ਪੜਾਅ ’ਤੇ ਸਾਡਾ ਮੰਨਣਾ ਹੈ ਕਿ ਚੋਣ ਅਮਲ ਦੀ ਸੁੱਚਮਤਾ ਕਾਇਮ ਰੱਖਣ ਕੋਈ ਢੁੱਕਵਾਂ ਅੰਤਰਿਮ ਨਿਰਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਸੀ, ਜਿਸ ਵਿਚ ਹਾਈ ਕੋਰਟ ਨਾਕਾਮ ਰਹੀ ਹੈ।’’ਮੇਅਰ ਦੀ ਚੋਣ ਵਿੱਚ ਕਥਿਤ ਗੜਬੜੀ ਖਿਲਾਫ਼ ਆਮ ਆਦਮੀ ਪਾਰਟੀ ਕੌਂਸਲਰ ਕੁਲਦੀਪ ਕੁਮਾਰ ਵੱਲੋਂ ਦਾਇਰ ਪਟੀਸ਼ਨ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਨਗਰ ਨਿਗਮ ਸਣੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਨਾਰਾਜ਼ ਦਿਖਾਈ ਦੇ ਰਹੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ‘ਮਤ-ਪੱਤਰਾਂ ਨਾਲ ਕਥਿਤ ਛੇੜਛਾੜ’ ਵਾਲੀ ਵੀਡੀਓ ਦੇਖਣ ਮਗਰੋਂ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘‘ਕ੍ਰਿਪਾ ਕਰਕੇ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਦੱਸ ਦਿਓ ਕਿ ਸੁਪਰੀਮ ਕੋਰਟ ਉਸ ਨੂੰ ਦੇਖ ਰਹੀ ਹੈ। ਅਸੀਂ ਜਮਹੂਰੀਅਤ ਦਾ ਇਸ ਤਰ੍ਹਾਂ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਦੇਸ਼ ਨੂੰ ਸਥਿਰ ਰੱਖਣ ਵਾਲੀ ਇਕੋ ਇਕ ਤਾਕਤ ਚੋਣ ਅਮਲ ਦੀ ਸੁੱਚਮਤਾ ਹੈ।’’ ਸੀਜੇਆਈ ਨੇ ਰਿਟਰਨਿੰਗ ਅਧਿਕਾਰੀ ਦੀ ਜੰਮ ਕੇ ਝਾੜਝੰਬ ਕਰਦਿਆਂ ਕਿਹਾ, ‘‘ਜੋ ਕੁਝ ਹੋਇਆ, ਅਸੀਂ ਉਸ ਤੋਂ ਨਿਰਾਸ਼ ਹਾਂ…ਕੀ ਰਿਟਰਨਿੰਗ ਅਧਿਕਾਰੀ ਦਾ ਰਵੱਈਆ ਇਹੋ ਜਿਹਾ ਹੁੰਦਾ ਹੈ? ਇਸ ਵਿਅਕਤੀ ਖ਼ਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ। ਉਹ ਕੈਮਰੇ ਵੱਲ ਦੇਖਦਾ ਹੈ ਤੇ ਮਤ-ਪੱਤਰ ਨਾਲ ਛੇੜਛਾੜ ਕਰਦਾ ਹੈ। ਮਤ-ਪੱਤਰ ਵਿਚ ਹੇਠਲੇ ਪਾਸੇ ਜਿੱਥੇ ਕਰਾਸ ਹੈ, ਉਸ ਨੂੰ ਉਹ ਟਰੇਅ ਵਿਚ ਰੱਖ ਲੈਂਦਾ ਹੈ। ਜਿਸ ਮਤ-ਪੱਤਰ ਵਿਚ ਉਪਰਲੇ ਪਾਸੇ ਕਰਾਸ ਹੈ; ਇਹ ਵਿਅਕਤੀ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਫਿਰ ਕੈਮਰੇ ਵੱਲ ਦੇਖਦਾ ਹੈ ਕਿ ਉਸ ਨੂੰ ਕੌਣ ਦੇਖ ਰਿਹਾ ਹੈ।’’ ਬੈਂਚ ਨੇ ਹੁਕਮਾਂ ਵਿਚ ਕਿਹਾ, ‘‘ਰਿਟਰਨਿੰਗ ਅਧਿਕਾਰੀ ਕੇਸ ਦੀ ਅਗਲੀ ਸੁਣਵਾਈ ਮੌਕੇ ਇਸ ਕੋਰਟ ਅੱਗੇ ਪੇਸ਼ ਹੋ ਕੇ (ਵੀਡੀਓ ਵਿੱਚ ਨਜ਼ਰ ਆਉਂਦੇ) ਆਪਣੇ ਵਤੀਰੇ ਬਾਰੇ ਸਪਸ਼ਟ ਕਰੇ।’’ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਚੋਣ ਅਮਲ ਦੀ ਵੀਡੀਓ ਦੇਖਣ ਮਗਰੋਂ ਬੇਚੈਨੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਰਿਟਰਨਿੰਗ ਅਧਿਕਾਰੀ ਮਤ-ਪੱਤਰਾਂ ਨਾਲ ‘ਛੇੜਛਾੜ’ ਕਰਦਾ ਨਜ਼ਰ ਆ ਰਿਹਾ ਹੈ। ਸੀਜੇਆਈ ਨੇ ਕਿਹਾ, ‘‘ਇਹ ਜਮਹੂਰੀਅਤ ਦਾ ਕਤਲ ਤੇ ਮਖੌਲ ਹੈ। ਜੋ ਕੁਝ ਹੋਇਆ ਅਸੀਂ ਉਸ ਤੋਂ ਪ੍ਰੇਸ਼ਾਨ ਹਾਂ। ਅਸੀਂ ਇੰਜ ਜਮਹੂਰੀਅਤ ਦਾ ਕਤਲ ਕੀਤੇ ਜਾਣ ਦੀ ਇਜਾਜ਼ਤ ਨਹੀਂ ਦੇਵਾਂਗੇ।’’ ਉਧਰ ਪਟੀਸ਼ਨਰ ਤੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕੋਰਟ ਨੂੰ ਦੱਸਿਆ ਕਿ ਇਕ ਭਾਜਪਾ ਆਗੂ (ਅਨਿਲ ਮਸੀਹ) ਨੂੰ ਰਿਟਰਨਿੰਗ ਅਧਿਕਾਰੀ ਚੁਣਿਆ ਗਿਆ, ਜਿਸ ਨੇ ਵੋਟਾਂ ਦੀ ਗਿਣਤੀ ਦੌਰਾਨ ਪੱਖਪਾਤੀ ਢੰਗ ਨਾਲ ਕਾਂਗਰਸ-ਆਪ ਦੇ ਅੱਠ ਕੌਂਸਲਰਾਂ ਦੇ ਮਤਪੱਤਰਾਂ ਨਾਲ ਛੇੜਛਾੜ ਕਰਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ। ਇਸ ਦੌਰਾਨ ਮਹਿਤਾ ਨੇ ਕਿਹਾ ਕਿ ਵੀਡੀਓ ਵਿੱਚ ਸਿਰਫ਼ ਇਕਪਾਸੜ ਤਸਵੀਰ ਹੀ ਦਿਖਾਈ ਗਈ ਹੈ ਤੇ ਉਨ੍ਹਾਂ ਅਪੀਲ ਕੀਤੀ ਕਿ ਕੋਰਟ ਨੂੰ ਪੂਰਾ ਰਿਕਾਰਡ ਦੇਖਣ ਮਗਰੋਂ ਹੀ ਵਿਆਪਕ ਰਾਇ ਬਣਾਉਣੀ ਚਾਹੀਦੀ ਹੈ, ਪਰ ਬੈਂਚ ਜੋ ਵੀਡੀਓ ਦੇਖਣ ਮਗਰੋਂ ਗੁੱਸੇੇ ਵਿਚ ਸੀ, ਨੇ ਇਸ ਪਾਸੇ ਧਿਆਨ ਨਹੀਂ ਧਰਿਆ। -ਪੀਟੀਆਈ

.jpg)
.jpg)
.jpg)
.jpg)




















.jpg)





























.jpg)


























.jpg)






.jpg)














