ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਨਮ ਧਰਮ ਦੇ ਆਧਾਰ ਉੱਤੇ ਹੋਇਆ। ਭਾਵੇਂ ਕਿ ਹੌਲੀ ਹੌਲੀ ਪਰਕਾਸ਼ ਸਿੰਘ ਬਾਦਲ ਨੇ ਇਸ ਨੂੰ ਧਰਮ ਤੋਂ ਵੱਖ ਕਰ ਕੇ ਪੰਜਾਬੀ ਪਾਰਟੀ ਬਣਾ ਦਿੱਤਾ ਪਰ ਫਿਰ ਵੀ ਕਿਤੇ ਨਾ ਕਿਤੇ ਸਿੱਖ ਵੋਟਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪਾਰਟੀ ਸਮਝਦਾ ਸੀ। ਵੋਟਰ ਇਹ ਆਸ ਕਰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਧਾਰਮਿਕ ਹਿਤਾਂ ਦਾ ਖ਼ਿਆਲ ਜ਼ਰੂਰ ਰੱਖੇਗਾ ਪਰ ਪਰਕਾਸ਼ ਸਿੰਘ ਬਾਦਲ ਦੀ ਸੋਚ ਧਰਮ ਨਹੀਂ ਸਿਰਫ਼ ਤੇ ਸਿਰਫ਼ ਸੱਤਾ ਦੀ ਸ਼ਕਤੀ ਸੀ ਉਹ ਭਾਵੇਂ ਜਿਸ ਤਰਾਂ ਵੀ ਮਿਲੇ ਉਸੇ ਤਰਾਂ ਹੀ ਮਨਜ਼ੂਰ ਸੀ। ਇਸੇ ਕਾਰਨ ਪਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਸਿੱਖੀ ਦਾ ਕੋਈ ਖ਼ਿਆਲ ਨਾ ਕੀਤਾ। 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਰਾਜ ਕਾਲ ਦੌਰਾਨ ਅਕਾਲੀ ਦਲ ਬਾਦਲ ਤੋਂ ਬੱਜਰ ਗੁਨਾਹ ਹੋਏ। ਇਸੇ ਦੌਰ ਦੌਰਾਨ ਹੀ ਰੇਤ ਮਾਫ਼ੀਆ ਉੱਭਰ ਕੇ ਸਾਹਮਣੇ ਆਇਆ, ਨਸ਼ਾ ਤਸਕਰੀ ਆਪਣੀ ਚਰਮ ਸੀਮਾ ’ਤੇ ਪੱਜੀ ਅਤੇ ਗੁੰਡਾਗਰਦੀ ਦਾ ਦੌਰ ਉੱਭਰਿਆ। ਪਰ ਸਭ ਤੋਂ ਜੋ ਦਰਦਨਾਕ ਅਤੇ ਖ਼ਤਰਨਾਕ ਭਾਣਾ ਵਰਤਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ। ਇਹਨਾਂ ਘਟਨਾਵਾਂ ਦਾ ਵਿਰੋਧ ਕਰ ਰਹੀਆਂ ਸੰਗਤਾਂ ਨੂੰ ਅਕਾਲੀ ਸਰਕਾਰ ਹੁੰਦੇ ਹੋਏ ਵੀ ਲੱਖਾਂ ਦੁੱਖ ਤਕਲੀਫ਼ਾਂ, ਤਸੀਹੇ ਝੱਲਣੇ ਪਏ। ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਬੇਅਦਬੀ ਦੇ ਦੋਸ਼ ਲੱਗਣ ਲੱਗੇ। ਜੇਕਰ ਇਹ ਮੰਨ ਵੀ ਲਈਏ ਕਿ ਅਕਾਲੀ ਦਲ ਨੇ ਇਹ ਬੱਜਰ ਗੁਨਾਹ ਨਹੀਂ ਕੀਤਾ ਤਾਂ ਇਹ ਵੀ ਮੰਨਣਾ ਪਵੇਗਾ ਕਿ ਅਕਾਲੀ ਦਲ ਨੇ ਇਹਨਾਂ ਬੇਅਦਬੀਆਂ ਦਾ ਦੁੱਖ ਵੀ ਨਹੀਂ ਮਹਿਸੂਸ ਕੀਤਾ। ਬਹਿਬਲ ਕਲਾਂ ਗੋਲੀ ਕਾਂਡ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੱਥੇ ਉੱਤੇ ਹਮੇਸ਼ਾ ਕਲੰਕ ਬਣ ਕੇ ਚਮਕਦਾ ਰਹੇਗਾ। ਸ਼ਰਮਨਾਕ ਗੱਲ ਇਹ ਰਹੀ ਕਿ ਬਾਦਲ ਸਰਕਾਰ ਵਲੋਂ ਜਵਾਬ ਇਹ ਦਿੱਤਾ ਗਿਆ ਕਿ ਗੋਲੀ ਚਲਾਉਣ ਵਾਲੀ ਪੁਲਿਸ ਅਣਪਛਾਤੀ ਸੀ ਇਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੋਈ ਦੋਸ਼ ਨਹੀਂ। ਲੋਕ ਇੰਨੇ ਨਿਆਣੇ ਤਾਂ ਨਹੀਂ ਹਨ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਪੁਲਿਸ ਅਣਪਛਾਤੀ ਸੀ ਤਾਂ ਫਿਰ ਸਰਕਾਰ ਦੀ ਹੋਂਦ ਹੀ ਕੀ ਰਹਿ ਗਈ ਕਿ ਜੇਕਰ ਕੋਈ ਪੁਲਿਸ ਉਸਦੇ ਨਾਗਰਿਕਾਂ ਉੱਪਰ ਇਸ ਤਰਾਂ ਗੋਲੀ ਚਲਾ ਦੇਵੇ? ਇਕ ਹੋਰ ਸਿਤਮ ਦਾ ਫ਼ੈਸਲਾ ਸੁਖਬੀਰ ਬਾਦਲ ਦਾ ਇਹ ਸੀ ਕਿ ਪੰਜਾਬ ਵਿਚ ਚੱਲੇ ਕਾਲੇ ਦੌਰ ਦੌਰਾਨ ਬੇਕਸੂਰ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਅਕਾਲੀ ਸਰਕਾਰ ਵੇਲੇ ਪੰਜਾਬ ਦਾ ਡੀ.ਜੀ.ਪੀ. ਲਗਾਇਆ ਗਿਆ। ਸਭ ਤੋਂ ਬੱਜਰ ਗੁਨਾਹ ਜੋ ਅਕਾਲੀ ਸਰਕਾਰ ਵੇਲੇ ਹੋਇਆ ਉਹ ਸੀ ਸੌਦਾ ਸਾਧ ਨੂੰ ਮੁਆਫ਼ੀ। ਇਹ ਜਾਣਦੇ ਹੋਏ ਵੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਖਿਲਾਫ਼ ਸਿੱਖ ਪੰਥ ਦੀ ਵੱਡੇ ਪੱਧਰ ’ਤੇ ਨਰਾਜ਼ਗੀ ਹੈ, ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਭੰਗ ਕਰਦਿਆਂ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਹੀ ਓਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਮੁਆਫ਼ੀ ਦੁਆ ਦਿੱਤੀ ਸੀ। ਇਸ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਅਖ਼ਬਾਰਾਂ ਵਿਚ ਫੁੱਲ ਪੇਜ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਛਪਵਾਏ ਗਏ ਸਨ। ਇਸ ਖ਼ਬਰ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਤੇ ਜਦੋਂ ਸਿੱਖ ਪੰਥ ਵਿਚ ਤੂਫ਼ਾਨ ਉੱਠਣ ਲੱਗਾ ਤਾਂ ਇਹ ਮੁਆਫ਼ੀ ਵਾਪਸ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਢਾਹ ਲਗਾ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਇਕ ਹੋਰ ਨਲਾਇਕੀ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਹਨ ਪਰ ਇਸ ਪ੍ਰਤੀ ਪੁਲਿਸ ਵਲੋਂ ਕੋਈ ਵੀ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਹਨਾਂ ਸਰੂਪਾਂ ਦੇ ਅੰਗ ਸਤੰਬਰ ਮਹੀਨੇ ਵਿਚ ਖਿਲਾਰੇ ਗਏ। ਇਸ ਦੌਰਾਨ ਸੰਗਤਾਂ ਨੂੰ ਧਰਨੇ ਦੇ ਕੇ ਇਹਨਾਂ ਬੇਅਦਬੀਆਂ ਖਿਲਾਫ਼ ਪਰਚੇ ਦਰਜ ਕਰਵਾਉਣੇ ਪਏ ਪਰ ਪੰਥਕ ਅਖਵਾਉਂਦੀ ਅਕਾਲੀ ਦਲ ਦੀ ਸਰਕਾਰ ਨੂੰ ਬੇਅਦਬੀਆਂ ਦਾ ਕੋਈ ਬਹੁਤਾ ਦੁੱਖ ਨਾ ਲੱਗਾ। ਵਿਰੋਧ ਵਧਦਾ ਦੇਖ ਸੁਖਬੀਰ ਸਿੰਘ ਬਾਦਲ ਨੇ ਥੂਕੜੇ ਲਗਾਉਣ ਲਈ ਬੇਅਦਬੀ ਕਾਂਡ ਦੀ ਜਾਂਚ ਕਰਵਾਉਣ ਲਈ ਜ਼ੋਰਾ ਸਿੰਘ ਕਮਿਸ਼ਨ ਬਣਾ ਦਿੱਤਾ ਪਰ ਇਸ ਕਮਿਸ਼ਨ ਦੀ ਜਾਂਚ ਨੂੰ ਜਨਤਕ ਕਰਨ ਦੀ ਬਜਾਏ ਗੁਪਤ ਕਰ ਦਿੱਤਾ ਜੋ ਕਿ ਅੱਜ ਤੱਕ ਸਾਹਮਣੇ ਹੀ ਨਹੀਂ ਆ ਸਕੀ। ਸੁਖਬੀਰ ਸਿੰਘ ਬਾਦਲ ਦੀਆਂ ਜੇ ਗਲਤੀਆਂ ਦੀ ਗੱਲ ਕਰੀਏ ਤਾਂ ਕੁਝ ਹੋਰ ਗੱਲਾਂ ਸਾਹਮਣੇ ਆਉਂਦੀਆਂ ਹਨ। ਪਾਠਕਾਂ ਨੂੰ ਪਤਾ ਹੀ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਵਿਧਾਨ ਵਿਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਸ਼ਾਮਿਲ ਹੈ, ਪਰ ਜਦੋਂ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਨੇ ਜੰਮੂ ਕਸ਼ਮੀਰ ਦੇ ਰਾਜ ਨੂੰ ਵੱਧ ਅਧਿਕਾਰ ਦੇਣ ਵਾਲੇ ਕਾਨੂੰਨ ਧਾਰਾ 370 ਨੂੰ ਰੱਦ ਕਰਨ ਦੀ ਕਵਾਇਦ ਸ਼ੁਰੂ ਕੀਤੀ ਤਾਂ ਸੁਖਬੀਰ ਸਿੰਘ ਬਾਦਲ ਨੇ ਉਸਦੀ ਹਮਾਇਤ ਕਰ ਦਿੱਤੀ। ਇੱਥੇ ਹੀ ਬੱਸ ਨਹੀਂ ਜਦੋਂ ਮੋਦੀ ਸਰਕਾਰ ਵਲੋਂ ਕਿਸਾਨ ਮਾਰੂ ਤਿੰਨ ਖੇਤੀਬਾੜੀ ਕਾਨੂੰਨ ਬਣਾਏ ਗਏ ਜਿੱਥੇ ਪੂਰਾ ਮੁਲਖ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਹੀ ਖੁਦ ਹੀ ਨਹੀਂ ਸਗੋਂ ਹਰਸਿਮਰਤ ਬਾਦਲ ਅਤੇ ਜ਼ਿੰਦਗੀ ਦੇ ਅੰਤਿਮ ਪਲਾਂ ’ਤੇ ਬੈਠੇ ਪਰਕਾਸ਼ ਸਿੰਘ ਬਾਦਲ ਤੋਂ ਵੀ ਕਿਸਾਨੀ ਕਾਨੂੰਨਾਂ ਦੀ ਹਮਾਇਤ ਕਰਵਾ ਦਿੱਤੀ ਪਰ ਸੰਗਤ ਦਾ ਗੁੱਸਾ ਦੇਖਦਿਆਂ ਯੂ-ਟਰਨ ਮਾਰ ਲਿਆ। ਇੱਥੋਂ ਪਤਾ ਲੱਗਦਾ ਹੈ ਕਿ ਸੁਖ਼ਬੀਰ ਸਿੰਘ ਬਾਦਲ ਸਿਆਸੀ ਸੋਝੀ ਤੋਂ ਸੱਖਣੇ ਇਕ ਫੇਲ਼ ਸਿਆਸਦਾਨ ਤੇ ਸਫ਼ਲ ਵਪਾਰੀ ਵਿਅਕਤੀ ਹਨ। ਸਿਆਸਤ ਉਹਨਾਂ ਦੇ ਵੱਸ ਦੀ ਗੱਲ ਨਹੀਂ। ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋਂ ਰੁਖ਼ਸਤ ਹੋਇਆ, ਸੁਖਬੀਰ ਸਿੰਘ ਬਾਦਲ ਦੇ ਅਕਾਲੀ ਵਿਚ ਪੁਆੜੇ ਤੇ ਪੁਆੜਾ ਪੈਂਦਾ ਗਿਆ ਅਤੇ ਬਾਗੀ ਸੁਰਾਂ ਉੱਠਣ ਲੱਗ ਪਈਆਂ। ਇੰਨੀਆਂ ਗਲਤੀਆਂ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਬਾਦਲ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ’ਤੇ ਚਲਾ ਗਿਆ ਹੈ।
ਅਕਾਲੀ ਦਲ ਵਿਚ ਉੱਠੇ ਵਿਰੋਧ ਦੇ ਚੱਲਦਿਆਂ ਇਕ ਬਾਗੀ ਧੜਾ ਉੱਠ ਖੜਾ ਹੋਇਆ ਹੈ ਜਿਸ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਕਬੂਲ ਕੀਤੀ ਹੋਈ ਹੈ। ਇਸ ਬਾਗੀ ਧੜੇ ਵਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖ਼ਤ ’ਤੇ ਸ਼ਿਕਾਇਤ ਕੀਤੀ ਹੈ ਕਿ ਉਸਨੂੰ ਤਲਬ ਕਰ ਕੇ ਉਸ ਵਲੋਂ ਕੀਤੇ ਗਏ ਬੱਜਰ ਗੁਨਾਹਾਂ ਦੇ ਜਵਾਬ ਮੰਗੇ ਜਾਣ। ਉਹਨਾਂ ਦੀ ਮੰਗ ਮੰਨਦਿਆਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਉੱਤੇ ਤਲਬ ਕਰ ਲਿਆ ਅਤੇ ਸੁਖਬੀਰ ਸਿੰਘ ਬਾਦਲ ਪੇਸ਼ ਵੀ ਹੋ ਗਿਆ ਪਰ ਏਥੇ ਵੀ ਉਹ ਸਿਆਸੀ ਚਾਲ ਚੱਲ ਗਿਆ। ਉਸਨੇ ਸੰਗਤ ਦੇ ਅੱਗੇ ਖੁੱਲੇਆਮ ਆਪਣੇ ’ਤੇ ਲੱਗੇ ਦੋਸ਼ਾਂ ਦੇ ਜਵਾਬ ਦੇਣ ਦੀ ਬਜਾਏ ਬੰਦ ਲਿਫ਼ਾਫੇ ਵਿਚ ਆਪਣਾ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ। ਪਾਠਕਾਂ ਨੂੰ ਯਾਦ ਹੋਵੇਗਾ ਕਿ ਅਕਾਲੀ ਦਲ ਵਲੋਂ ਹਮੇਸ਼ਾ ਹੀ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਵੀ ਬੰਦ ਲਿਫ਼ਾਫ਼ੇ ਨਾਲ ਹੀ ਬਣਾਇਆ ਜਾਂਦਾ ਰਿਹਾ ਹੈ ਜਿਸ ਦਾ ਬੀਬੀ ਜਗੀਰ ਕੌਰ ਨੇ ਵਿਰੋਧ ਕੀਤਾ ਸੀ, ਉਹ ਵੱਖਰੀ ਗੱਲ ਹੈ ਕਿ ਕਿਸੇ ਵੇਲੇ ਉਹ ਆਪ ਵੀ ਬੰਦ ਲਿਫ਼ਾਫ਼ੇ ਨਾਲ ਹੀ ਪ੍ਰਧਾਨ ਬਣੀ ਸੀ। ਖੈਰ! ਚਾਹੀਦਾ ਤਾਂ ਇਹ ਸੀ ਕਿ ਸੁਖ਼ਬੀਰ ਸਿੰਘ ਬਾਦਲ ਸਮੂਹ ਸਿੱਖ ਸੰਗਤ ਨੂੰ ਸੰਬੋਧਨ ਹੁੰਦੇ ਅਤੇ ਆਪਣੇ ਵਲੋਂ ਦਿੱਤੇ ਜਾਣ ਵਾਲੇ ਸਪੱਸ਼ਟੀਕਰਨ ਨੂੰ ਜਨਤਕ ਕਰਦੇ ਅਤੇ ਜੇਕਰ ਉਹਨਾਂ ਤੋਂ ਕਿਤੇ ਗਲਤੀ ਹੋਈ ਸੀ ਤਾਂ ਉਸਨੂੰ ਮੰਨਦੇ ਹੋਏ ਪੰਥ ਅਤੇ ਅਕਾਲ ਤਖ਼ਤ ਤੋਂ ਖੱੁਲੇਆਮ ਮੁਆਫ਼ੀ ਮੰਗਦੇ। ਪਰ ਅਜਿਹਾ ਨਹੀਂ ਹੋਇਆ, ਹੁਣ ਸਮੂਹ ਸੰਗਤ ਦੀਆਂ ਨਜ਼ਰਾਂ ਉਸ ਬੰਦ ਲਿਫ਼ਾਫ਼ੇ ’ਤੇ ਹਨ ਅਤੇ ਆਸ ਕਰਦੇ ਹਾਂ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਇਸ ਬੰਦ ਲਿਫ਼ਾਫ਼ੇ ਵਿਚਲੇ ਸਪੱਸ਼ਟੀਕਰਨ ਨੂੰ ਜਨਤਕ ਕਰ ਕੇ ਸੰਗਤਾਂ ਦੇ ਹਿਰਦੇ ਜ਼ਰੂਰ ਸ਼ਾਂਤ ਕਰਨਗੇ, ਜੇਕਰ ਅਜਿਹਾ ਨਾ ਹੋਇਆ ਤਾਂ ਜਿਵੇਂ ਸੌਦਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਵਾਪਿਸ ਲੈਣੀ ਪੈ ਗਈ ਸੀ ਇਵੇ ਕਿਤੇ ਸੁਖਬੀਰ ਬਾਦਲ ਸਬੰਧੀ ਦਿੱਤਾ ਗਿਆ ਫ਼ੈਸਲਾ ਵਾਪਸ ਨਾ ਲੈਣਾ ਪੈ ਜਾਵੇ। ਹੁਣ ਪੰਥ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉੱਪਰ ਟਿਕੀਆਂ ਹੋਈਆਂ ਹਨ। ਆਮੀਨ!