ਕਿਰਦੇ ਜਾ ਰਹੇ ਨੇ ਸੁਖਬੀਰ ਬਾਦਲ ਦੀ ਸਿਆਸੀ ਮਾਲਾ ਦੇ ਮਣਕੇ

ਕਿਰਦੇ ਜਾ ਰਹੇ ਨੇ ਸੁਖਬੀਰ ਬਾਦਲ ਦੀ ਸਿਆਸੀ ਮਾਲਾ ਦੇ ਮਣਕੇ

ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਕਹਾਉਂਦੀ ਸੀ ਪਰ ਅੱਜ ਇਹ ਪਾਰਟੀ ਆਪਣ ਸਭ ਤੋਂ ਮਾੜੇ ਦੌਰ ਵਿਚ ਗੁਜ਼ਰ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਬਾਦਲ ਨੇ ਆਪਣੇ ਗਠਨ ਤੋਂ ਲੈ ਕੇ ਅੱਜ ਤੱਕ ਬਹੁਤ ਹੀ ਤੰਗੀਆਂ ਤੁਰਸ਼ੀਆਂ ਝੱਲੀਆਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਿੱਕ ਡਾਹ ਕੇ ਸੰਘਰਸ਼ ਲੜੇ ਹਨ। ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਅਤੇ ਅਥਾਹ ਤਸ਼ੱਦਦ ਝੱਲੇ। ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਧਰਮ ਦੇ ਆਧਾਰ ਉੱਤੇ ਰੱਖੀ ਗਈ ਸੀ। ਜਿੰਨਾ ਚਿਰ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਤਿਕਾਰ ਦਿੱਤਾ ਅਤੇ ਧਰਮ ਦਾ ਝੰਡਾ ਬੁਲੰਦ ਰੱਖਿਆ ਉਨੀ ਦੇਰ ਅਕਾਲੀ ਦਲ ਬਾਦਲ ਚੜਦੀ ਕਲਾ ਵਿਚ ਰਿਹਾ। ਬਾਦਲਾਂ ਦੇ ਕਬਜ਼ੇ ਤੋਂ ਪਹਿਲਾਂ ਹਰ ਅਕਾਲੀ ਵਰਕਰ ਹਿੱਕ ਠੋਕ ਕੇ ਮਾਣ ਨਾਲ ਕਹਿੰਦਾ ਸੀ ਕਿ ਉਹ ਅਕਾਲੀ ਹੈ। ਪਰ 2007 ਤੋਂ 2017 ਤੱਕ ਲਗਾਤਾਰ ਦਸ ਸਾਲ ਰਹੇ ਅਕਾਲੀ ਦਲ ਦੇ ਰਾਜ ਵਿਚ ਸਾਰਾ ਬੇੜਾ ਹੀ ਗਰਕ ਹੋ ਗਿਆ। ਵੈਸੇ ਤਾਂ ਜਦੋਂ ਤੋਂ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਉੱਤੇ ਕਾਬਜ ਹੋਏ ਉਦੋਂ ਤੋਂ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਸੀ ਪਰ ਉਹ ਇਕ ਸ਼ਾਤਰ ਸਿਆਸਤਦਾਨ ਸਨ ਜਿਸ ਕਾਰਨ ਉਹਨਾਂ ਇਸ ਬਾਰੇ ਕਿਸੇ ਨੂੰ ਸਿੱਧੇ ਰੂਪ ਵਿਚ ਪਤਾ ਨਹੀਂ ਲੱਗਣ ਦਿੱਤਾ। ਜਦੋਂ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਲਗਾਮ ਫੜਾਉਣੀ ਸ਼ੁਰੂ ਕੀਤੀ, ਉਦੋਂ ਤੋਂ ਹੀ ਭੱਠਾ ਬੈਠਣਾ ਸ਼ੁਰੂ ਹੋ ਗਿਆ। ਅਸਲ ਵਿਚ ਸੁਖਬੀਰ ਸਿੰਘ ਬਾਦਲ ਦੀ ਸਾਰੀ ਪੜਾਈ ਬਿਜ਼ਨਸ ਦੇ ਖ਼ੇਤਰ ਦੀ ਹੈ ਜਿਸ ਕਾਰਨ ਉਸਦੀ ਸਿਆਸਤ ਵਿਚ ਕੋਈ ਪਕੜ ਨਹੀਂ ਸੀ ਤੇ ਉਹ ਹਰ ਕੰਮ ਵਿਚੋਂ ਵਪਾਰ ਹੀ ਲੱਭਦਾ ਰਿਹਾ। ਦਸ ਸਾਲ ਦੇ ਰਾਜਕਾਲ ਦੌਰਾਨ ਉਸਨੇ ਦੱਬ ਕੇ ਵਪਾਰ ਕੀਤਾ, ਪੀ.ਟੀ.ਸੀ. ਚੈੱਨਲ ਖੋਲਿਆ, ਇੰਡੋ ਕਨੇਡੀਅਨ ਬੱਸਾਂ ਪਾਈਆਂ ਅਤੇ ਹੋਰ ਅਥਾਹ ਵਪਾਰ ਸਥਾਪਿਤ ਕਰ ਲਏ ਪਰ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਕੀ ਬਣਿਆ ਉਸਨੇ ਕਦੇ ਸੋਚਿਆ ਹੀ ਨਹੀਂ। ਇਹਨਾਂ ਦਸਾਂ ਸਾਲਾਂ ਵਿਚ ਹੀ ਪੰਜਾਬ ਵਿਚ ਰੇਤ ਦੀ ਤਸਕਰੀ ਸ਼ੁਰੂ ਹੋਈ, ਨਸ਼ਾ ਤਸਕਰੀ ਵਿਚ ਪੰਜਾਬ ਨੇ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ, ਬੇਰੁਜ਼ਗਾਰੀ ’ਚ ਵੱਡਾ ਵਾਧਾ ਹੋਇਆ, ਪੁਲਿਸ ਨਫਰੀ ਦੀ ਕਮੀ ਹੋਈ, ਗੈਂਗਸਟਰਾਂ ਵਿਚ ਵਾਧਾ ਹੋਇਆ। ਲੱਖਾਂ ਸ਼ਿਕਾਇਤਾਂ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਨੇ ਉਪ ਮੁੱਖ ਮੰਤਰੀ ਹੁੰਦਿਆਂ ਹੋਇਆਂ ਕਦੇ ਵੀ ਪ੍ਰਵਾਹ ਨਾ ਕੀਤੀ। ਉਹਨਾਂ ਆਪਣੇ ਵਰਕਰਾਂ ਦੀ ਗੱਲ ਹੀ ਸੁਣਨੀ ਲਗਭਗ ਛੱਡ ਦਿੱਤੀ ਸੀ ਜਿਸ ਕਾਰਨ ਪਾਰਟੀ ਵਿਚ ਅਸੰਤੋਸ਼ ਦੀ ਭਾਵਨਾ ਵਧਦੀ ਗਈ। ਸੁਖਬੀਰ ਸਿੰਘ ਬਾਦਲ ਵਲੋਂ ਸੌਦਾ ਸਾਧ ਨੂੰ ਮੁਆਫ਼ੀ ਦੇਣਾ, ਅਕਾਲ ਤਖ਼ਤ ਤੋਂ ਮਨ ਮਰਜ਼ੀ ਦੇ ਫ਼ੈਸਲੇ ਕਰਵਾਉਣੇ, ਬੇਅਦਬੀ ਕਾਂਡ ਖਿਲਾਫ਼ ਠੋਸ ਕਾਰਵਾਈ ਨਾ ਕਰਨ ਕਾਰਨ ਸੰਗਤ ਅਕਾਲੀ ਦਲ ਤੋਂ ਤਾਂ ਦੂਰ ਹੁੰਦੀ ਹੀ ਗਈ ਅਕਾਲੀ ਦਲ ਦੇ ਆਗੂ ਵੀ ਇਕ ਇਕ ਕਰ ਕੇ ਕਿਨਾਰਾ ਕਰਨ ਲੱਗੇ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਅੱਜ ਸੌ ਸਾਲ ਪੁਰਾਣੇ ਅਕਾਲੀ ਦਲ ਬਾਦਲ ਕੋਲ ਸਿਰਫ਼ ਦੋ ਵਿਧਾਇਕ ਹੀ ਰਹਿ ਗਏ ਹਨ। ਸੁਖਬੀਰ ਸਿੰਘ ਬਾਦਲ ਦੀਆਂ ਨਲਾਇਕੀਆਂ ਕਾਰਨ ਵੱਡੇ ਵੱਡੇ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ। ਨਵੀਆਂ ਖ਼ਬਰਾਂ ਅਨੁਸਾਰ ਹਲਕਾ ਗਿੱਦੜਬਾਹਾ ਤੋਂ ਸੀਨੀਅਰ ਅਕਾਲੀ ਆਗੂ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡਣ ਦਾ ਐਲਾਨ ਕਰ ਦਿੱਤਾ। ਉਹ ਆਪਣੇ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਜਾ ਰਹੇ ਹਨ। ‘ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ’ ਵਾਲੀ ਕਹਾਵਤ ਅਨੁਸਾਰ ਉਸਦੇ ਪਾਰਟੀ ਛੱਡਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਸਨੂੰ ਵਾਪਸ ਆਉਣ ਲਈ ਪੇਸ਼ਕਸ਼ਾਂ ਕਰ ਰਹੇ ਹਨ। ਇਕ ਛਪੀ ਖ਼ਬਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਆਪਣੇ ਨਿਵਾਸ ਪਿੰਡ ਬਾਦਲ ਵਿਖੇ ਗਿੱਦੜਬਾਹਾ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਨੇ ਡਿੰਪੀ ਢਿੱਲੋਂ ਵਲੋਂ ਅਕਾਲੀ ਦਲ ਛੱਡਣ ’ਤੇ ਕਿਹਾ ਕਿ ਉਹ ਡਿੰਪੀ ਢਿੱਲੋਂ ਨੂੰ ਛੋਟਾ ਭਰਾ ਮੰਨਦੇ ਹਨ। ਉਹ ਜਦੋਂ ਚਾਹੁਣ ਅਕਾਲੀ ਦਲ ਵਿਚ ਵਾਪਸ ਆ ਸਕਦੇ ਹਨ। ਗਿੱਦੜਬਾਹਾ ਦੀ ਸੀਟ ਡਿੰਪੀ ਨੂੰ ਹੀ ਦਿੱਤੀ ਜਾਵੇਗੀ। ਡਿੰਪੀ ਨੂੰ 10 ਦਿਨਾਂ ਵਿਚ ਵਾਪਸ ਆਉਣਾ ਚਾਹੀਦਾ ਹੈ। ਉਸ ਦੀ ਸੀਟ ਪੱਕੀ ਹੈ। ਉਨਾਂ ਕਿਹਾ ਕਿ ਡਿੰਪੀ ਦੇ ਪਾਰਟੀ ਛੱਡਣ ਉੱਤੇ ਬੜਾ ਦੁੱਖ ਲੱਗਾ ਹੈ। ਡਿੰਪੀ ਦੀ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ। ਅਸੀਂ ਅੱਜ ਵੀ ਡਿੰਪੀ ਨੂੰ ਟਿਕਟ ਦੇਣ ਲਈ ਤਿਆਰ ਹਾਂ। ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਲਈ ਤਿਆਰ ਹਾਂ।ਇੱਥੇ ਦੱਸਣਯੋਗ ਹੈ ਕਿ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਅਤੇ ਪਾਰਟੀ ਦੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੀਤੇ ਦਿਨੀਂ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਸੀ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਸੋਸ਼ਲ ਮੀਡੀਆ ’ਤੇ ਸੁਨੇਹਾ ਦਿੰਦਿਆਂ ਆਖਿਆ ਕਿ ਉਹ ਕਰੀਬ 35 ਸਾਲ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਸਨ ਅਤੇ ਉਨਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਪਰ ਇਸ ਸਾਲ ਜਨਵਰੀ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਉਨਾਂ ਨੂੰ ਅਚਾਨਕ ਇਹ ਕਿਹਾ ਗਿਆ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਤੇ ਉਹ (ਡਿੰਪੀ ਢਿੱਲੋਂ) ਆਪਣਾ ਵੇਖ ਲੈਣ। ਇਸ ਤੋਂ ਬਾਅਦ ਫ਼ਿਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਬਾਹਾ ਤੋਂ ਉਨਾਂ ਨੂੰ (ਡਿੰਪੀ ਢਿੱਲੋਂ) ਕੰਮ ਸਾਂਭਣ ਲਈ ਕਿਹਾ ਪਰ ਹੁਣ ਮੁੜ ਇਹ ਸਪੱਸ਼ਟ ਹੋ ਗਿਆ ਹੈ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾਣੀ ਹੈ। ਇਸ ਲਈ ਉਹ ਆਪਣੇ ਮਨ ਉੱਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕਦੇ ਜਿਸ ਕਰਕੇ ਉਨਾਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨਾਂ ਕਿਹਾ ਕਿ ਉਹ ਕੋਈ ਵੀ ਰਾਜਸੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਵਰਕਰਾਂ ਨਾਲ ਸਲਾਹ ਜ਼ਰੂਰ ਕਰਨਗੇ।  ਸੁਖਬੀਰ ਸਿੰਘ ਬਾਦਲ ਦੇ ਬਿਆਨ ਤੋਂ ਇੰਝ ਝਲਕ ਰਿਹਾ ਹੈ ਜਿਵੇਂ ਕਿ ਉਹ ਹੁਣ ਤਰਲੇ ਕਰ ਰਹੇ ਹੋਣ ਪਰ ਜਦੋਂ ਵੇਲਾ ਨਾ ਸੰਭਾਲਿਆ ਜਾਵੇ ਤਾਂ ਨੁਕਸਾਨ ਤਾਂ ਹੁੰਦਾ ਹੀ ਹੈ। ਸੁਖਬੀਰ ਸਿੰਘ ਬਾਦਲ ਵਲੋਂ ਕਦੇ ਵੀ ਆਪਣੇ ਵਰਕਰਾਂ ਜਾਂ ਆਗੂਆਂ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ ਰਿਹਾ। ਦਸ ਸਾਲ ਦੇ ਕਾਰਜਕਾਲ ਵਿਚ ਸੁਖਬੀਰ ਬਾਦਲ ਦਾ ਦਿਮਾਗ ਸੱਤਵੇਂ ਅਸਮਾਨ ਉੱਤੇ ਲੱਗ ਗਿਆ ਸੀ ਅਤੇ ਉਹ ਕਿਸੇ ਦੀ ਵੀ ਗੱਲ ਨਹੀਂ ਸੀ ਮੰਨ ਰਿਹਾ। ਉਹ ਇਕ ਤਰਾਂ ਨਾਲ ਤਾਨਾਸ਼ਾਹ ਵਜੋਂ ਵਿਚਰਨ ਲੱਗਾ ਸੀ ਅਤੇ ਹਾਰਨ ਤੋਂ ਬਾਅਦ ਵੀ ਉਹ ਆਪਣੇ ਆਪ ਨੂੰ ਬਦਲ ਨਾ ਸਕਿਆ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਮਾਲਾ ਦੇ ਮੋਤੀ ਇਕ ਇਕ ਕਰ ਕੇ ਕਿਰਦੇ ਗਏ। ਡਿੰਪੀ ਢਿੱਲੋਂ ਵੀ ਉਹਨਾਂ ਵਿਚੋਂ ਇਕ ਬਣ ਗਿਆ ਹੈ। ਲੱਗਦਾ ਨਹੀਂ ਕਿ ਉਹ ਸੁਖਬੀਰ ਬਾਦਲ ਦੀ ਅਪੀਲ ਨੂੰ ਮੰਨੇਗਾ, ਉਹ ਸਰਕਾਰੀ ਧਿਰ ਵੱਲ ਖੜਨਾ ਹੀ ਕਬੂਲ ਕਰੇਗਾ। ਸੋ ਸੁਖਬੀਰ ਬਾਦਲ ਲਈ ਨਮੋਸ਼ੀ ਵਾਲੀ ਗੱਲ ਤਾਂ ਹੈ ਹੀ ਪਰ ਨਾਲ ਹੀ ਨਸੀਹਤ ਵਾਲੀ ਵੀ ਹੈ, ਪਰ ਲੱਗਦਾ ਨਹੀਂ ਕਿ ਸੁਖਬੀਰ ਬਾਦਲ ਨੂੰ ਇਸ ਜਨਮ ਵਿਚ ਸਿਆਸੀ ਸੋਝੀ ਆ ਸਕਦੀ ਹੈ, ਲੱਗਦੈ ਕਿ ਉਹ ਅਕਾਲੀ ਦਲ ਦਾ ਭੋਗ ਪਾ ਕੇ ਹੀ ਦਮ ਲਵੇਗਾ। ਆਮੀਨ!

 

 

  :