
-ਅਰਜਨ ਰਿਆੜ (ਮੁੱਖ ਸੰਪਾਦਕ)
ਇਸ ਹਫ਼ਤੇ ਦੀ ਸਭ ਤੋਂ ਵੱਡੀ ਖ਼ਬਰ ਹੈ ਭੁਲੱਥ ਤੋਂ ਕਾਂਗਰਸੀ ਵਿਧਾਇਕ ਅਤੇ ਲਗਾਤਾਰ ਲੋਕ ਪੱਖੀ ਮਸਲੇ ਚੁੱਕਣ ਵਾਲੇ ਸਾਬਕਾ ਵਿਰੋਧੀ ਧਿਰ ਦੇ ਆਗੂ ਸ੍ਰ. ਸੁਖਪਾਲ ਸਿੰਘ ਖਹਿਰਾ ਦੀ ਗਿ੍ਰਫ਼ਤਾਰੀ। ਇਸ ਗਿ੍ਰਫ਼ਤਾਰੀ ਨੇ ਕਈ ਪਾਸਿਆਂ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਲੱਖਾ ਲੋਕ ਜੁੜੇ ਹੋਏ ਹਨ ਅਤੇ ਉਹ ਰੋਜ਼ਾਨਾ ਹੀ ਕੋਈ ਨਾ ਕੋਈ ਸਮਾਜਿਕ ਮਸਲਾ ਲੈ ਕੇ ਲੋਕਾਂ ਸਾਹਮਣੇ ਆਉਂਦੇ ਰਹਿੰਦੇ ਸਨ। ਉਹਨਾਂ ਨੂੰ ਇਕ ਦਲੇਰ ਆਗੂ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਹ ਜਦੋਂ ਵੀ ਕਿਤੇ ਧੱਕੇਸ਼ਾਹੀ ਹੁੰਦੀ ਹੈ ਤਾਂ ਬੋਲਦੇ ਜ਼ਰੂਰ ਹਨ। ਜਦੋਂ ਪੰਜਾਬ ਦੇ ਨੌਜਵਾਨਾਂ ਉੱਪਰ ਯੂ.ਏ.ਪੀ.ਏ ਕਾਨੂੰਨ ਲਗਾਇਆ ਜਾਣ ਲੱਗਾ ਤਾਂ ਸੁਖਪਾਲ ਸਿੰਘ ਖਹਿਰਾ ਇਕੋ ਇਕ ਲੀਡਰ ਸਨ ਜਿਹਨਾਂ ਨੇ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕੀਤਾ। ਜਦੋਂ ਸੁਖਪਾਲ ਸਿੰਘ ਖਹਿਰਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਲੋਂ ਲੜੀਆਂ ਤਾਂ ਉਹ ਭੁਲੱਥ ਤੋਂ ਵਿਧਾਇਕ ਚੁਣੇ ਗਏ। ਉਸ ਵੇਲੇ ਤੋਂ ਹੀ ਭਗਵੰਤ ਮਾਨ ਦੀਆਂ ਉਹ ਨਜ਼ਰਾਂ ਵਿਚ ਰੜਕਣ ਲੱਗੇ, ਕਿਉਂਕਿ ਇਕ ਸੁਖਪਾਲ ਸਿੰਘ ਖਹਿਰਾ ਹੀ ਹਨ ਜਿਹੜੇ ਭਗਵੰਤ ਮਾਨ ਨੂੰ ਆਮ ਆਦਮੀ ਵਿਚ ਟੱਕਰ ਦੇ ਰਹੇ ਸਨ। ਆਮ ਆਦਮੀ ਪਾਰਟੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਬਣ ਗਈ ਪਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿਚ ਸਫ਼ਲ ਰਹੀ ਸੀ। ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦਾ ਆਗੂ ਦਿੱਲੀ ਤੋਂ ਪੰਜਾਬ ਆ ਕੇ ਵਿਧਾਇਕ ਬਣੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਬਣਾ ਦਿੱਤਾ ਗਿਆ। ਉਹਨਾਂ ਜਲਦੀ ਹੀ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਨੂੰ ਸਮਾਂ ਨਹੀਂ ਦੇ ਸਕਦੇ ਕਿਉਂਕਿ ਉਹ ਆਪਣਾ ਧਿਆਨ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਰਵਾਉਣ ਵੱਲ ਕੇਂਦਰਿਤ ਕਰਨਾ ਚਾਹੁੰਦੇ ਹਨ। ਇਸ ਸਥਿਤੀ ਵਿਚ ਆਪ ਸੁਪਰੀਮੋ ਕੇਜਰੀਵਾਲ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦਾ ਆਗੂ ਬਣਾ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਵਲੋਂ ਨਵੀਂ ਬਣੀ ਕਾਂਗਰਸ ਸਰਕਾਰ ਦੇ ਨਵੇਂ ਬਣੇ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਰੇਤੇ ਦੇ ਕਾਰੋਬਾਰ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਗਈਆਂ। ਸੁਖਪਾਲ ਸਿੰਘ ਖਹਿਰਾ ਵਲੋਂ ਏਡੇ ਵੱਡੇ ਪੱਧਰ ’ਤੇ ਇਹ ਮੱੁਦਾ ਉਠਾਇਆ ਗਿਆ ਕਿ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਕੈਬਨਿਟ ਮੰਤਰੀ ਦਾ ਅਹੁਦਾ ਗੁਆਉਣਾ ਪਿਆ। ਹਰ ਕਿਸੇ ਨੂੰ ਲੱਗਦਾ ਸੀ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਲਈ ਬਹੁਤ ਕੁਝ ਕਰਨਗੇ ਅਤੇ ਕਾਂਗਰਸ ਸਰਕਾਰ ਨੂੰ ਉਹ ਖੁੱਲਿਆਂ ਨਹੀਂ ਛੱਡਦੇ। ਪਰ ਬਿਨਾਂ ਕਿਸੇ ਗਲਤੀ ਜਾਂ ਬਿਨਾਂ ਕਿਸੇ ਸ਼ਿਕਾਇਤ ਦੇ ਫੈਸਲਾ ਆਉਂਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਲੋਕਪਾਲ ਅਤੇ ਲੋਕਤੰਤਰ ਦੀਆਂ ਟਾਹਰਾਂ ਮਾਰਨ ਵਾਲੇ ਅਰਵਿੰਦ ਕੇਜਰੀਵਾਲ ਵਲੋਂ ਤੁਗਲੁਕੀ ਫੁਰਮਾਨ ਸੁਣਾ ਕੇ ਇਕ ਲੋਕ ਆਗੂ ਨੂੰ ਘਰੇ ਬਿਠਾ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਵਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਅਜੇ ਪੰਜਾਬ ਦੇ ਹੱਕ ਵਿਚ ਬਹੁਤ ਅਵਾਜ਼ ਬੁਲੰਦ ਕਰਨੀ ਸੀ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਬਹੁਤ ਹੀ ਖਚਰਾ ਜਿਹਾ ਬਿਆਨ ਦਿੰਦਿਆਂ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਤੋਂ ਅਹੁਦਾ ਹੀ ਲਿਆ ਗਿਆ ਹੈ, ਉਸਦੀ ਅਵਾਜ਼ ਬੰਦ ਨਹੀਂ ਕੀਤੀ ਗਈ, ਉਹ ਜੋ ਮਰਜ਼ੀ ਬੋਲੀ ਜਾਣ, ਕਿਨੇ ਰੋਕਿਆ ਹੈ। ਜਦਕਿ ਸਭ ਨੂੰ ਪਤਾ ਹੈ ਕਿ ਅਵਾਜ਼ ਉਠਾਉਣ ਲਈ ਮੰਚ ਦਾ ਬਹੁਤ ਹੀ ਪ੍ਰਭਾਵ ਹੁੰਦਾ ਹੈ। ਜੇਕਰ ਇਕ ਮੰਚ ਉੱਤੇ ਖੜ੍ਹਾ ਬੁਲਾਰਾ ਸਪੀਕਰ ਵਿਚ ਬੋਲ ਰਿਹਾ ਹੈ ਹੋਵੇ ਉਸਦਾ ਪ੍ਰਭਾਵ ਹੋਰ ਹੁੰਦਾ ਹੈ ਪਰ ਜੇਕਰ ਕੋਈ ਥੱਲੇ ਖੜ੍ਹਾ ਕੋਈ ਸਰੋਤਾ ਬਿਨਾਂ ਸਪੀਕਰ ਤੋਂ ਬੋਲੇ ਤਾਂ ਉਸਦੀ ਸੁਣਦਾ ਕੋਈ ਨਹੀਂ। ਖੈਰ! ਸਾਡਾ ਇੱਥੇ ਇਹ ਕਹਾਣੀ ਸੁਣਾਉਣ ਦਾ ਏਨਾ ਕੁ ਹੀ ਮਤਲਬ ਸੀ ਕਿ ਭਗਵੰਤ ਮਾਨ ਪਹਿਲਾਂ ਤੋਂ ਹੀ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਰਿਹਾ ਹੈ। ਇਹਨਾਂ ਹੀ ਵਿਤਕਰਿਆਂ ਤੋਂ ਦੁਖੀ ਹੋ ਕੇ ਸੁਖਪਾਲ ਸਿੰਘ ਖਹਿਰਾ ਵਾਪਸ ਕਾਂਗਰਸ ਵਿਚ ਆ ਗਏ ਸਨ। ਜਦੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਈਆਂ ਤਾਂ ਭਾਵੇਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਅਤੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋ ਗਏ ਪਰ ਸੁਖਪਾਲ ਸਿੰਘ ਖਹਿਰਾ ਆਪਣੇ ਇਲਾਕੇ ਤੋਂ ਫਿਰ ਜਿੱਤਣ ਵਿਚ ਕਾਮਯਾਬ ਹੋ ਗਏ। ਉਹਨਾਂ ਵਿਰੋਧੀ ਧਿਰ ਵਿਚ ਹੁੰਦਿਆਂ ਫਿਰ ਬੋਲਣਾ ਜਾਰੀ ਰੱਖਿਆ। ਉਹਨਾਂ ਭਗਵੰਤ ਮਾਨ ਵਲੋਂ ਕੀਤੇ ਜਾਣ ਵਾਲੇ ਕੰਮਾਂ ਵਿਚ ਨੁਕਤਾਚੀਨੀ ਕਰਨੀ ਜਾਰੀ ਰੱਖੀ। ਭਗਵੰਤ ਮਾਨ ਆਪਣਾ ਦਬਦਬਾ ਬਣਾਉਣ ਲਈ ਕੁਝ ਜ਼ਿਆਦਾ ਹੀ ਸਖਤ ਬਣੇ ਹੋਏ ਹਨ ਅਤੇ ਲਗਾਤਾਰ ਗਿ੍ਰਫ਼ਤਾਰੀਆਂ ਕਰਵਾ ਕੇ ਆਪਣਾ ਹਿਰਦਾ ਸ਼ਾਂਤ ਕਰ ਰਹੇ ਹਨ।
ਸਭ ਜਾਣਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਤਰਕ ਦੇ ਆਧਾਰ ਉੱਤੇ ਗੱਲ ਕਰਦੇ ਹਨ ਅਤੇ ਜਿਸਨੂੰ ਦੁਨੀਆਂ ਬੜੇ ਧਿਆਨ ਨਾਲ ਸੁਣਦੀ ਹੈ। ਉਹਨਾਂ ਦੇ ਬਿਆਨਾਂ ਉੱਤੇ ਭਗਵੰਤ ਮਾਨ ਵੀ ਕਿੰਤੂ ਕਰਦੇ ਸਨ ਅਤੇ ਇਕ ਵਾਰ ਉਹਨਾਂ ਸੁਖਪਾਲ ਸਿੰਘ ਖਹਿਰਾ ਦਾ ਰੰਗ ਕਾਲਾ ਹੋਣ ਦੀ ਵੀ ਗੱਲ ਕਰ ਦਿੱਤੀ ਜਿਸ ਦੇ ਜਵਾਬ ਵਿਚ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਹੀ ਸਖਤ ਸ਼ਬਦਾਂ ਵਿਚ ਜਵਾਬ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਕਿਹੜਾ ਮੈਨੂੰ ਰਿਸ਼ਤਾ ਕਰਵਾਉਣਾ ਹੈ ਜਿਹੜਾ ਮੇਰਾ ਰੰਗ ਦੇਖ ਰਿਹਾ ਹੈਂ। ਉਸ ਦਿਨ ਤੋਂ ਹੀ ਭਗਵੰਤ ਮਾਨ ਨੇ ਵਿਜੀਲੈਂਸ ਦੀ ਡਿਊਟੀ ਲਗਾਈ ਕਿ ਸੁਖਪਾਲ ਸਿੰਘ ਖਹਿਰਾ ਦੀ ਚੂੜੀ ਕੱਸੀ ਜਾਵੇ। ਸੋ ਵਿਜੀਲੈਂਸ ਨੇ ਆਪਣਾ ਦਿਖਾਇਆ ਅਤੇ ਕਾਮਯਾਬੀ ਹਾਸਲ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ।
ਹੁਣ ਗੱਲ ਕਰਦੇ ਹਾਂ ਦੇਸ਼ ਦੀ ਸਿਆਸਤ ਦੀ। ਇਸ ਵੇਲੇ ਰਾਸ਼ਟਰੀ ਪੱਧਰ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਚੜ੍ਹਤ ਹੈ। ਉਹ ਆਪਣੀ ਜਾਚੇ 2024 ਦੀਆਂ ਚੋਣਾਂ ਵੀ ਜਿੱਤੀ ਬੈਠਾ ਅਤੇ ਆਮ ਲੋਕਾਂ ਨੂੰ ਲੱਗ ਵੀ ਇਸੇ ਤਰ੍ਹਾਂ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਜੋੜ ਤੋੜ ਅਤੇ ਪੈਸੇ ਵਾਲੀ ਹਮੇਸ਼ਾ ਹੀ ਰਹੀ ਹੈ ਅਤੇ ਇਸ ਵੇਲੇ ਭਾਰਤ ਵਿਚ ਸਭ ਤੋਂ ਅਮੀਰ ਸਿਆਸੀ ਪਾਰਟੀ ਵੀ ਭਾਜਪਾ ਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਖੜ੍ਹੀਆਂ ਹਨ ਅਤੇ ਇਹਨਾਂ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਠਿੱਬੀ ਦੇਣ ਅਤੇ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਵਿਰੋਧੀ ਪਾਰਟੀਆਂ ਨੇ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਨਾਮ ਦਾ ਸਿਆਸੀ ਗਠਜੋੜ ਕਾਇਮ ਕੀਤਾ ਹੈ ਜਿਸ ਵਿਚ ਦੇਸ਼ ਦੀਆਂ 28 ਸਿਆਸੀ ਪਾਰਟੀਆਂ ਹਨ। ਕਮਾਲ ਦੀ ਗੱਲ ਇਹ ਹੈ ਕਿ ਇਸ ਗਠਜੋੜ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਹੈ ਅਤੇ ਇਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ। ਜੇਕਰ 2024 ਵਿਚ ‘ਇੰਡੀਆ’ ਗਠਜੋੜ ਰਲ ਕੇ ਚੋਣ ਲੜਦਾ ਹੈ ਤਾਂ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸਮਝੌਤਾ ਹੋਣਾ ਸੀ ਪਰ ਹੁਣ ਸੁਖਪਾਲ ਸਿੰਘ ਖਹਿਰਾ ਦੀ ਗਿ੍ਰਫ਼ਤਾਰੀ ਨਾਲ ਇਸ ਸਮਝੌਤੇ ਉੱਤੇ ਵਿਰਾਮ ਚਿੰਨ੍ਹ ਲੱਗ ਗਿਆ ਹੈ। ਖ਼ਹਿਰਾ ਦੀ ਗਿ੍ਰਫ਼ਤਾਰੀ ’ਤੇ ਕਾਂਗਰਸ ਪ੍ਰਧਾਨ ਖੜਗੇ ਵਲੋਂ ਵੀ ਸਖਤ ਵਿਰੋਧ ਕੀਤਾ ਗਿਆ ਹੈ ਅਤੇ ਉਹਨਾਂ ਸਾਫ਼ ਸਾਫ਼ ਕਿਹਾ ਹੈ ਕਿ ਉਹ ਸੁਖਪਾਲ ਸਿੰਘ ਖਹਿਰਾ ਦੀ ਗਿ੍ਰਫ਼ਤਾਰੀ ਦਾ ਸਖਤ ਵਿਰੋਧ ਕਰਦੇ ਹਨ ਅਤੇ ਇਸ ਮਾਮਲੇ ’ਚ ਉਹ ਚੱੁਪ ਕਰ ਕੇ ਬੈਠਣ ਵਾਲੇ ਨਹੀਂ। ਹੁਣ ਲੱਗਦਾ ਹੈ ਕਿ ਇਹ ਸਿਆਸੀ ਜੰਗ ਆਉਣ ਵਾਲੇ ਸਮੇਂ ’ਚ ਹੋਰ ਵੀ ਭਖੇਗੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਇਸ ਗਿ੍ਰਫ਼ਤਾਰੀ ਦਾ ਅਸਰ ਦੇਸ਼ ਦੀ ਸਿਆਸਤ ਉੱਪਰ ਜ਼ਰੂਰ ਪਵੇਗਾ। ਪਰ ਹਾਲ ਦੀ ਘੜੀ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਅੰਦਰ ਬੰਦ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਆਪਣਾ ਸਿਆਸੀ ਮਕਸਦ ਪੂਰਾ ਜ਼ਰੂਰ ਕਰ ਲਿਆ ਹੈ। ਆਮੀਨ!