ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਸਿਖਰ ’ਤੇ ਪੁੱਜਾ

ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਸਿਖਰ ’ਤੇ ਪੁੱਜਾ

ਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਉਦੋਂ ਬਗ਼ਾਵਤ ਸਾਹਮਣੇ ਆ ਗਈ ਜਦੋਂ ਪਾਰਟੀ ਦੇ ਦਰਜਨਾਂ ਸੀਨੀਅਰ ਆਗੂਆਂ ਨੇ ਜਲੰਧਰ ਵਿਚ ਮੀਟਿੰਗ ਕਰ ਕੇ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗ ਲਿਆ। ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਦੋ ਪੜਾਵਾਂ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਸਮਾਨੰਤਰ ਮੀਟਿੰਗਾਂ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਹੈ।

ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਟਿੰਗਾਂ ਵਿੱਚ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਪਰ ਮੀਟਿੰਗ ਵਿਚ ਹਾਜ਼ਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਪੇਸ਼ਕਸ਼ ਨੂੰ ਠੁਕਰਾ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ। ਇਸ ਫ਼ੈਸਲੇ ਮਗਰੋਂ ਹੁਣ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ’ਚ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਤਸੱਲੀ ਜ਼ਾਹਰ ਕੀਤੀ ਸੀ। ਪਾਰਟੀ ਅੰਦਰ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਾ ਕੀਤੇ ਜਾਣ ਤੋਂ ਘੁਟਣ ਬਣੀ ਹੋਈ ਸੀ। ਬਾਗ਼ੀ ਆਗੂਆਂ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਪਾਰਟੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜ ਦਿੱਤੀ ਹੈ। ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਮਤਾ ਪਾਸ ਕਰਕੇ ਜਲੰਧਰ ਵਿਚ ਬਾਗ਼ੀ ਆਗੂਆਂ ਦੀ ਮੀਟਿੰਗ ਪਿੱਛੇ ਭਾਜਪਾ ਅਤੇ ਏਜੰਸੀਆਂ ਦਾ ਹੱਥ ਦੱਸਿਆ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਮਾਨੰਤਰ ਪਾਰਟੀ ਬਣਾਉਣ ਅਤੇ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਮੌਕਾਪ੍ਰਸਤ ਲੋਕ ਖੜ੍ਹੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਤਾਸ਼ ਸਿਆਸਤਦਾਨਾਂ ਨੂੰ ਮਹਾਰਾਸ਼ਟਰ ਤੋਂ ਸਿੱਖਣ ਦੀ ਲੋੜ ਹੈ ਜਿੱਥੇ ਭਾਜਪਾ ਨੇ ਮਹਾਰਾਸ਼ਟਰ ਦੀ ਖੇਤਰੀ ਪਾਰਟੀ ਨੂੰ ਤੋੜ ਦਿੱਤਾ ਪਰ ਫਿਰ ਵੀ ਲੋਕਾਂ ਨੇ ਜਾਅਲੀ ਪਾਰਟੀ ਨੂੰ ਨਕਾਰ ਦਿੱਤਾ। ਉਨ੍ਹਾਂ ਬਾਗ਼ੀ ਆਗੂਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਨੂੰ ਪੰਥ ਵਿਰੋਧੀ ਸਾਜ਼ਿਸ਼ਾਂ ਦੀ ਕਠਪੁਤਲੀ ਬਣਨ ਦੀ ਇਜਾਜ਼ਤ ਨਹੀਂ ਦੇ ਸਕਦੇ ਜਿਨ੍ਹਾਂ ਤੋਂ ਪੰਥ ਤੇ ਪੰਜਾਬ ਨਾਲ ਧੋਖਾ ਕੀਤੇ ਜਾਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨਾਲ ਗੈਰ ਸਿਧਾਂਤਕ ਤੌਰ ’ਤੇ ਗੱਠਜੋੜ ਕਰਨ ਦੇ ਖ਼ਿਲਾਫ਼ ਹਨ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿੱਚ ਇੱਕ ਪੱਖ ਇਹ ਵੀ ਉੱਭਰਿਆ ਸੀ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਜਾਵੇ। ਮੀਟਿੰਗ ਵਿਚ ਪਾਰਟੀ ਨੇ ਮਤਾ ਪਾਸ ਕਰਕੇ ਕਿਹਾ ਕਿ ਸੁਖਬੀਰ ਬਾਦਲ ਨੇ ਭਾਜਪਾ ਨਾਲ ਬੇਅਸੂਲਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਸਰਕਾਰੀ ਸ਼ਕਤੀਆਂ ਹੁਣ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਖਬੀਰ ਬਾਦਲ ਦੀ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੀਟਿੰਗ ਦੌਰਾਨ ਮਤਾ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਟੀ ਨੇ ਸੁਖਬੀਰ ਬਾਦਲ ਦੀ ਅਗਵਾਈ ’ਤੇ ਤਸੱਲੀ ਜ਼ਾਹਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀਆਂ ਮੀਟਿੰਗਾਂ ਵਿੱਚ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਮੀਖਿਆ ਕੀਤੀ ਗਈ। ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਭਲਕੇ 12 ਵਜੇ ਹੋਵੇਗੀ। ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤੇ ਜਾਣ ਬਾਰੇ ਲਏ ਸਟੈਂਡ ’ਤੇ ਕਾਇਮ ਹਨ ਅਤੇ ਉਨ੍ਹਾਂ ਅੱਜ ਕਿਸੇ ਵੀ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ।

ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ 35 ਜ਼ਿਲ੍ਹਾ ਪ੍ਰਧਾਨਾਂ ’ਚੋਂ 33 ਅਤੇ 105 ਵਿੱਚੋਂ 96 ਹਲਕਾ ਇੰਚਾਰਜ ਸ਼ਾਮਲ ਹੋਏ ਹਨ।