
ਸੁਖਬੀਰ ਸਿੰਘ ਬਾਦਲ ਉਹ ਅਕਾਲੀ ਆਗੂ ਹੈ ਜਿਸ ਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਹੋਇਆਂ ਸਿੱਖੀ ਸਿਧਾਂਤ ਨੂੰ ਕਦੇ ਵੀ ਅਪਣਾਇਆ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਂਹ ਧਰਮ ਦੇ ਆਧਾਰ ਉੱਤੇ ਰੱਖੀ ਗਈ ਸੀ। ਇਸੇ ਦੇ ਪਹਿਲੇ ਪ੍ਰਧਾਨਾਂ ਨੇ ਧਰਮ ਦਾ ਝੰਡਾ ਉੱਚਾ ਰੱਖਿਆ ਅਤੇ ਸਿਆਸਤ ਦਾ ਨੀਵਾਂ। ਪਰ ਜਦੋਂ ਹੀ ਇਸ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਵਿਚ ਆਈ ਤਾਂ ਉਦੋਂ ਹੀ ਇਸ ਵਿਚ ਸਿੱਖ ਸਿਧਾਂਤ ਗਾਇਬ ਹੋਣ ਲੱਗਾ ਅਤੇ ਸੁਖਬੀਰ ਬਾਦਲ ਨੇ ਤਾਂ ਇਸਦਾ ਭੋਗ ਹੀ ਪਾ ਦਿੱਤਾ। ਪਰ ਗੁਰੂ ਦੀ ਹੋਂਦ ਕਿਤੇ ਨਾ ਕਿਤੇ ਤਾਂ ਹੈ, ਜੇਕਰ ਸੁਖਬੀਰ ਸਿੰਘ ਬਾਦਲ ਨੇ ਮਨਆਈਆਂ ਕੀਤੀਆਂ ਤਾਂ ਹੁਣ ਉਹ ਭੁਗਤ ਵੀ ਜ਼ਰੂਰ ਰਿਹਾ ਹੈ। ਇਹ ਸੱਚ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖੀ ਨਾਲ ਕੋਈ ਵੀ ਪਿਆਰ ਨਹੀਂ ਹੈ, ਇਸਦਾ ਕਾਰਨ ਇਹ ਹੈ ਕਿ ਪਰਕਾਸ਼ ਸਿੰਘ ਬਾਦਲ ਨੇ ਉਸਦੀ ਪੜ੍ਹਾਈ ਜਾਂ ਤਾਂ ਪਹਾੜਾਂ ਵਾਲੇ ਸਕੂਲ ਵਿਚ ਕਰਵਾਈ ਹੈ ਤੇ ਜਾਂ ਫਿਰ ਅਮਰੀਕਾ ਵਿਚ। ਉਸਨੂੰ ਧਰਮ ਗਿਆਨ, ਪੰਜਾਬੀ ਸੱਭਿਆਚਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਇਸੇ ਕਾਰਨ ਉਸਨੇ ਜਿਹੜੇ ਵੀ ਫ਼ੈਸਲੇ ਲਏ ਉਹਨਾਂ ਬਾਰੇ ਸੋਚਿਆ ਹੀ ਨਹੀਂ ਕਿ ਇਹਨਾਂ ਨਾਲ ਸਿੱਖ ਧਰਮ ਨੂੰ ਕੀ ਨੁਕਸਾਨ ਹੋਵੇਗਾ? ਉਸਨੇ ਆਪਣੀ ਸੱਤਾ ਸ਼ਕਤੀ ਦਾ ਲਾਹਾ ਲੈਂਦਿਆਂ ਅਕਾਲ ਤਖ਼ਤ ਸਾਹਿਬ ਅਤੇ ਐੱਸ.ਜੀ.ਪੀ.ਸੀ. ਨੂੰ ਆਪਣੇ ਅਧੀਨ ਕਰ ਲਿਆ ਅਤੇ ਆਪਣੀ ਮਰਜ਼ੀ ਦੇ ਫ਼ੈਸਲੇ ਉਹਨਾਂ ਤੋਂ ਕਰਵਾਏ। ਇਸੇ ਕਾਰਨ ਅੱਜ ਅਕਾਲੀ ਦਲ ਬਾਦਲ ਤਰਸਯੋਗ ਸਥਿਤੀ ਵਿਚ ਚਲਾ ਗਿਆ ਹੈ ਅਤੇ ਜਦੋਂ ਵੀ ਕੋਈ ਜਹਾਜ਼ ਡੋਲਦਾ ਹੈ ਤਾਂ ਉਸ ਵਿਚੋਂ ਛਾਲਾਂ ਮਾਰਨ ਵਾਲਿਆਂ ਦੀ ਗਿਣਤੀ ਆਪਣੇ ਆਪ ਹੀ ਵਧ ਜਾਂਦੀ ਹੈ। ਅੱਜ ਵੀ ਹੁਣ ਜਦੋਂ ਅਕਾਲੀ ਦਲ ਬਾਦਲ ਦੀ ਕਿਸ਼ਤੀ ਡੋਲਣ ਲੱਗੀ ਹੈ ਤਾਂ ਛਾਲਾਂ ਮਾਰਨ ਵਾਲਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਚੋਣਾਂ ਵਿਚ ਲੜੀਵਾਰ ਹਾਰਾਂ ਹੋ ਰਹੀਆਂ ਹਨ ਅਤੇ ਹਾਲਾਤ ਇਹ ਹੋ ਗਏ ਹਨ ਕਿ 117 ਮੈਂਬਰੀ ਵਿਧਾਨ ਸਭਾ ਵਿਚ ਸਿਰਫ ਤਿੰਨ ਵਿਧਾਇਕ ਹੀ ਰਹਿ ਗਏ ਅਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਸਿਰਫ਼ 1 ਸੀਟ ਹੀ ਮਿਲੀ।
ਹੁਣ ਅਕਾਲੀ ਦਲ ਦੀ ਇਸ ਨਾਕਾਮਯਾਬੀ ਉਪਰੰਤ ਅਕਾਲੀ ਵਿਚ ਅਸੰਤੁਸ਼ਟ ਆਗੂਆਂ ਨੇ ਇਕ ਫਰੰਟ ਬਣਾ ਲਿਆ ਹੈ। ਇਸ ਫਰੰਟ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਉੱਤੇ ਲੈ ਲਿਆ ਗਿਆ ਹੈ। ਇਸ ਧੜ੍ਹੇ ਵਲੋਂ ਅਕਾਲ ਤਖਤ ਉੱਤੇ ਪੇਸ਼ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਦਰਖ਼ਾਸਤ ਦਿੱਤੀ ਗਈ ਜਿਸ ਉੱਤੇ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ’ਪੇਸ਼ ਹੋ ਕੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕੀਤੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪੱਸ਼ਟੀਕਰਨ 15 ਦਿਨ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਦੱਸ ਦਈਏ ਕਿ ਅਕਾਲੀ ਦਲ ਦੇ ਬਾਗੀ ਧੜੇ੍ਹ ਨੇ ਇਕ ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਮੁਆਫ਼ੀਨਾਮਾ ਸੌਂਪਿਆ ਸੀ। ਇਸ ਮੁਆਫ਼ੀਨਾਮੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਚਾਰ ਗਲਤੀਆਂ ਲਈ ਮੁਆਫ਼ੀ ਮੰਗੀ ਗਈ ਸੀ। ਜਿਸ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਨੂੰ ਗਲਤੀ ਮੰਨਿਆ ਗਿਆ ਸੀ। ਉਸ ਸਮੇਂ ਡੇਰਾ ਮੁਆਫ਼ੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਵੀ ਆਖੀ ਗਈ ਸੀ। ਇਸ ਤੋਂ ਇਲਾਵਾ 2015 ਵਿਚ ਫ਼ਰੀਦਕੋਟ ਦੇ ਬਰਗਾੜੀ ਵਿਚ ਹੋਈ ਬੇਅਦਬੀ ਦੀ ਘਟਨਾ ਦੀ ਸਹੀ ਢੰਗ ਨਾਲ ਜਾਂਚ ਨਾ ਕਰਨ ਲਈ ਵੀ ਮੁਆਫ਼ੀ ਮੰਗੀ ਗਈ। ਆਈ.ਪੀ.ਐੱਸ ਅਫ਼ਸਰ ਸੁਮੇਧ ਸੈਣੀ ਨੂੰ ਡੀ.ਜੀ.ਪੀ. ਬਣਾਉਣਾ ਅਤੇ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇਣਾ ਵੀ ਗਲਤੀ ਮੰਨੀ ਗਈ।
ਬਾਗੀ ਧੜ੍ਹਾ ਭਾਵੇਂ ਆਪ ਵੀ ਦਾਗੀ ਧੜ੍ਹਾ ਹੀ ਹੈ, ਇਸਦੇ ਜ਼ਿਆਦਾਤਰ ਆਗੂਆਂ ਦੀ ਭਾਜਪਾ ਨਾਲ ਸਾਂਝ ਹੈ ਪਰ ਇਹਨਾਂ ਵਲੋਂ ਉਠਾਏ ਗਏ ਮਸਲੇ ਜ਼ਰੂਰ ਸੱਚੇ ਹਨ। ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਉੱਤੇ ਪੇਸ਼ ਹੋਣ ਦਾ ਹੁਕਮ ਤਾਂ ਮੰਨ ਲਿਆ ਹੈ ਪਰ ਉੱਥੇ ਉਹ ਆਪਣਾ ਸਪੱਸ਼ਟੀਕਰਨ ਕੀ ਦਿੰਦਾ ਹੈ, ਇਹ ਬਹੁਤ ਹੀ ਸੰਵੇਦਨਸ਼ੀਲ ਵਰਤਾਰਾ ਹੋਵੇਗਾ। ਹੁਣ ਇਹ ਜ਼ਰੂਰ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸ਼ਕਤੀਹੀਣ ਹੋ ਚੱੁਕੇ ਹਨ, ਜਿਸ ਕਾਰਨ ਉਹਨਾਂ ਦਾ ਅੱਧ ਪਚੱਧਾ ਹੰਕਾਰ ਟੱੁਟ ਚੁੱਕਾ ਹੈ ਅਤੇ ਆਪਣੀ ਪ੍ਰਧਾਨਗੀ ਬਚਾਉਣ ਲਈ ਉਹਨਾਂ ਨੂੰ ਆਪਣੇ ਆਗੂਆਂ ਦੀਆਂ ਨਾ ਚਾਹੁੰਦੇ ਹੋਏ ਵੀ ਨੇੜਤਾ ਰੱਖਣੀ ਪੈ ਰਹੀ ਹੈ।
ਖੈਰ! ਜੋ ਵੀ ਹੋ ਰਿਹਾ ਹੈ ਚੰਗਾ ਹੀ ਹੋ ਰਿਹਾ ਹੈ ਕਿਉਂਕਿ ਵਿਰੋਧ ਵਿਚ ਹੀ ਵਿਕਾਸ ਹੈ, ਜੇਕਰ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲੱਗ ਰਹੇ ਹਨ ਅਤੇ ਉਸ ਨੂੰ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਇਕ ਸ਼ਕਤੀਸ਼ਾਲੀ ਆਗੂ ਵੱਲ ਵੀ ਉਂਗਲ ਉੱਠਣ ਲੱਗੀ ਹੈ। ਹੋਵੇ ਭਾਵੇਂ ਕੁਝ ਵੀ ਨਾ ਪਰ ਇੰਨਾ ਜ਼ਰੂਰ ਹੋ ਗਿਆ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਨਮਰਜ਼ੀਆਂ ਕਰਨ ਦਾ ਮੌਕਾ ਨਹੀਂ ਮਿਲੇਗਾ।
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਦਿਨ ਪੁਰ ਦਿਨ ਹੇਠਾਂ ਹੀ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਵਿਚ ਆਪਣੇ ਤੋਂ ਛੋਟੀ ਸਮਝੀ ਜਾਣ ਵਾਲੀ ਭਾਜਪਾ ਇਸ ਤੋਂ ਕਿਤੇ ਅੱਗੇ ਨਿਕਲ ਚੱੁਕੀ ਹੈ। ਜਲੰਧਰ ਦੱਖਣੀ ਵਿਧਾਨ ਸਭਾ ਚੋਣ ਦੀ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਾਲੇ ਬਸਪਾ ਉਮੀਦਵਾਰ ਨੂੰ ਸਿਰਫ 1200 ਵੋਟਾਂ ਹੀ ਪਈਆਂ। ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੀ ਹੋ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਨੂੰ ਬਣਾਉਣ ਵਾਲੀ ਪਾਰਟੀ, ਪੰਜਾਬ ਨੂੰ ਬਚਾਉਣ ਵਾਲੀ ਪਾਰਟੀ, ਪੰਜਾਬੀ ਦੇ ਹੱਕ ਵਿਚ ਝੰਡਾ ਬੁਲੰਦ ਕਰਨ ਵਾਲੀ ਪਾਰਟੀ ਪੰਜਾਬ ਵਿਚ ਹੀ ਘੱਟ ਗਿਣਤੀ ਹੋ ਕੇ ਰਹਿ ਗਈ ਹੈ। ਅਸਲ ਵਿਚ ਪੰਜਾਬ ਦੇ ਲੋਕ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਹਨ ਪਰ ਸੁਖਬੀਰ ਸਿੰਘ ਬਾਦਲ ਦੇ ਗਲਤ ਫ਼ੈਸਲਿਆਂ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਦੂਰ ਕਰ ਦਿੱਤਾ ਹੈ। ਹੁਣ ਲੱਗਦਾ ਹੈ ਕਿ ਬਾਗੀ ਧੜ੍ਹੇ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਸੁਖਬੀਰ ਬਾਦਲ ਅਸਤੀਫ਼ਾ ਤਾਂ ਕਦੇ ਵੀ ਨਹੀਂ ਦਏਗਾ ਪਰ ਏਨਾ ਜ਼ਰੂਰ ਹੋ ਜਾਵੇਗਾ ਕਿ ਉਸ ਨੂੰ ਸਿੱਖੀ ਦਾ ਪੱਲਾ ਹੁਣ ਫੜਨਾ ਹੀ ਪਵੇਗਾ, ਨਹੀਂ ਇਸ ਔਖੀ ਘੜੀ ਵਿਚ ਉਸਦਾ ਕੋਈ ਵੀ ਸਾਥ ਦੇਣ ਲਈ ਅੱਗੇ ਨਹੀਂ ਆਵੇਗਾ। ਵਾਕਿਆ ਹੀ ਸੱਤਾ ਸ਼ਕਤੀ ਵੇਲੇ ਮਨਆਈਆਂ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦਾ ਘੇਰਾ ਹੁਣ ਤੰਗ ਹੋਣ ਲੱਗ ਪਿਆ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਚੰਗਾ ਹੋਣ ਦੇ ਆਸਾਰ ਵਧ ਗਏ ਹਨ। ਆਮੀਨ!