
ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ; ਸਮੁੱਚੀ ਗੁਰੂ ਨਗਰੀ ਨੀਲੇ, ਕੇਸਰੀ ਤੇ ਬਸੰਤੀ ਰੰਗਾਂ ’ਚ ਰੰਗੀ
ਸ੍ਰੀ ਆਨੰਦਪੁਰ ਸਾਹਿਬ,(ਪੰਜਾਬੀ ਰਾਈਟਰ) ਹੋਲੇ ਮਹੱਲੇ ਦੇ ਦੂਜੇ ਦਿਨ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਸਮੁੱਚੀ ਗੁਰੂ ਨਗਰੀ ਨੀਲੇ, ਕੇਸਰੀ ਅਤੇ ਬਸੰਤੀ ਰੰਗ ਦੀਆਂ ਦਸਤਾਰਾਂ, ਝੂਲ ਰਹੇ ਨਿਸ਼ਾਨਾਂ ਸਣੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੋਲੇ ਮਹੱਲੇ ਦੀਆਂ ਰੌਣਕਾਂ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੁਲਦੀਪ ਸਿੰਘ ਧਾਲੀਵਾਲ ਤੇ ਹਰਜੋਤ ਬੈਂਸ ਵੀ ਸ੍ਰੀ ਆਨੰਦੁਪਰ ਸਾਹਿਬ ਪੁੱਜ ਰਹੇ ਹਨ। ਉਨ੍ਹਾਂ ਦੀ ਆਮਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਖ਼ਤ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ’ਚ ਅਖੰਡ ਪਾਠ ਆਰੰਭ ਹੋਣ ਨਾਲ ਹੋਲਾ ਮਹੱਲਾ ਵੀਰਵਾਰ ਨੂੰ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਸੀ। ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਆਮਦ ਕਾਰਨ ਸੜਕਾਂ ’ਤੇ ਜਾਮ ਵੀ ਲੱਗੇ ਹੋਏ ਸਨ। ਚਾਰੇ ਪਾਸੇ ਸੈਂਕੜੇ ਲੰਗਰ ਲਗਾਏ ਗਏ ਹਨ।