ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸ੍ਰੀ ਆਨੰਦਪੁਰ-ਨੰਗਲ ਹਾਈਵੇਅ ’ਤੇ ਆਵਾਜਾਈ ਠੱਪ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸ੍ਰੀ ਆਨੰਦਪੁਰ-ਨੰਗਲ ਹਾਈਵੇਅ ’ਤੇ ਆਵਾਜਾਈ ਠੱਪ

ਸਟੇਸ਼ਨ ਅਲਾਟਮੈਂਟ ਅਤੇ ਜੁਆਇਨਿੰਗ ਦੀ ਮੰਗ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਸ੍ਰੀ ਆਨੰਦਪੁਰ ਸਾਹਿਬ,(ਪੰਜਾਬੀ ਰਾਈਟਰ)- ਈ.ਟੀ.ਟੀ. 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਸਟੇਸ਼ਨ ਅਲਾਟਮੈਂਟ ਅਤੇ ਜੁਆਇਨਿੰਗ ਦੀ ਮੰਗ ਲਈ ਅੱਜ ਭਾਰੀਂ ਮੀਂਹ ਦੌਰਾਨ ਸ੍ਰੀ ਆਨੰਦਪੁਰ ਸਾਹਿਬ-ਨੰਗਲ ਹਾਈਵੇਅ ’ਤੇ ਧਰਨਾ ਦਿੱਤਾ। ਇਸ ਦੌਰਾਨ ਸੜਕ ’ਤੇ ਲੰਬਾ ਜਾਮ ਲੱਗ ਗਿਆ। ਇਸ ਦੌਰਾਨ ਲੋਕਾਂ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਅਤੇ ਡੀਐੱਸਪੀ ਸਮੇਤ ਰਾਹਗੀਰਾਂ ਦੀ ਅਪੀਲ ’ਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਪਾਸੇ ਦਾ ਰਾਹ ਖੋਲ੍ਹ ਦਿੱਤਾ ਜਦਕਿ ਇੱਕ ਪਾਸੇ ਆਪਣਾ ਧਰਨਾ ਜਾਰੀ ਰੱਖਿਆ। ਪਿੰਡ ਮਾਂਗੇਵਾਲ ’ਚ ਸਥਿਤ ਪਾਣੀ ਵਾਲੀ ਟੈਂਕੀ ਉੱਪਰ ਚੜ੍ਹੇ ਦੋ ਬੇਰੁਜ਼ਗਾਰ ਅਧਿਆਪਕ ਮਨਪ੍ਰੀਤ ਫਾਜ਼ਿਲਕਾ ਅਤੇ ਆਦਰਸ਼ ਅਬੋਹਰ ਦੂਜੇ ਦਿਨ ਵੀ ਟੈਂਕੀ ਉਪਰ ਡਟੇ ਰਹੇ।

ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਰਮੇਸ਼ ਅਬੋਹਰ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਸੁਖਦੇਵ ਅਬੋਹਰ ਅਤੇ ਬਲਿਹਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਵਾਰ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਜੁਆਇਨ ਨਹੀਂ ਕਰਵਾਇਆ ਜਾਂਦਾ।

ਆਗੂਆਂ ਨੇ ਆਖਿਆ ਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਉਂਦੀ, ਉਦੋਂ ਤੱਕ ਉਹ ਆਪਣੇ ਘਰਾਂ ਨੂੰ ਨਹੀਂ ਪਰਤਣਗੇ।

ਡੀਐੱਸਪੀ ਤੇ ਨਾਇਬ ਤਹਿਸੀਲਦਾਰ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

ਨੰਗਲ ਹਾਈਵੇਅ ’ਤੇ ਲੱਗੇ ਜਾਮ ਦੌਰਾਨ ਪੁੱਜੇ ਡੀਐੱਸਪੀ ਅਜੈ ਸਿੰਘ ਅਤੇ ਨਾਇਬ ਤਹਿਸੀਲਦਾਰ ਅੰਗਦਪ੍ਰੀਤ ਸਿੰਘ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਸਟੇਸ਼ਨ ਅਲਾਟ ਕਰਨ ਅਤੇ ਜੁਆਇਨ ਕਰਵਾਉਣ ਸਬੰਧੀ ਗੱਲਬਾਤ ਕੀਤੀ। ਇਸ ਦੌਰਾਨ ਮਿਲੇ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ੍ਹ ਦਿੱਤਾ ਅਤੇ ਟਰੈਫਿਕ ਸੁਚਾਰੂ ਢੰਗ ਨਾਲ ਸ਼ੁਰੂ ਹੋਈ।