ਮਨੁੱਖੀ ਜੀਵਨ ਵਿੱਚ ਸ਼ੌਕ ਕਿਉਂ ਜ਼ਰੂਰੀ ਹਨ ?

ਮਨੁੱਖੀ ਜੀਵਨ ਵਿੱਚ ਸ਼ੌਕ ਕਿਉਂ ਜ਼ਰੂਰੀ ਹਨ ?

ਅਜੋਕੇ ਤੇਜ਼ ਰਫ਼ਤਾਰੀ ਅਤੇ ਮੁਕਾਬਲੇਬਾਜ਼ੀ ਵਾਲੇ ਯੁੱਗ ਵਿੱਚ ਮਨੁੱਖੀ ਜੀਵਨ ਬਹੁਤ ਹੀ ਤਣਾਓਪੂਰਨ ਅਤੇ ਮਸ਼ੀਨੀ ਬਣਦਾ ਜਾ ਰਿਹਾ ਹੈ। ਲੋਕ ਸਫਲਤਾ, ਧਨ, ਪ੍ਰੀਖਿਆਵਾਂ, ਕੈਰੀਅਰ ਅਤੇ ਸਮਾਜਿਕ ਉਮੀਦਾਂ ਦੀ ਦੌੜ ਵਿੱਚ ਲਗਾਤਾਰ ਦੌੜ ਰਹੇ ਹਨ। ਇਸ ਦੌੜ ਵਿੱਚ ਬਹੁਤੇ ਲੋਕ ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ। ਨਤੀਜ਼ੇ ਵਜੋਂ ਤਣਾਅ, ਚਿੰਤਾ, ਇਕਾਂਤਵਾਦ, ਨਿਰਾਸ਼ਾ, ਡਰ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਹਨ। ਐਸੇ ਹਾਲਾਤਾਂ ਵਿੱਚ ਸ਼ੌਕ ਮਨੁੱਖੀ ਜੀਵਨ ਨੂੰ ਸੰਤੁਲਿਤ ਅਤੇ ਖੁਸ਼ਹਾਲ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਸ਼ੌਕ ਉਹ ਗਤੀਵਿਧੀ ਹੁੰਦੀ ਹੈ ਜੋ ਮਨੁੱਖ ਆਪਣੇ ਖਾਲੀ ਸਮੇਂ ਵਿੱਚ ਮਨੋਰੰਜਨ, ਰਚਨਾਤਮਕਤਾ ਜਾਂ ਆਤਮਿਕ ਸੰਤੁਸ਼ਟੀ ਲਈ ਕਰਦਾ ਹੈ। ਇਹ ਰੋਜ਼ਗਾਰ ਜਾਂ ਪੈਸਾ ਕਮਾਉਣ ਲਈ ਨਹੀਂ, ਸਗੋਂ ਖੁਸ਼ੀ ਅਤੇ ਮਨ ਦੀ ਸ਼ਾਂਤੀ ਲਈ ਕੀਤੀ ਜਾਂਦੀ ਹੈ। ਕਿਤਾਬਾਂ ਪੜ੍ਹਨਾ, ਬਾਗਬਾਨੀ ਕਰਨਾ, ਚਿੱਤਰਕਲਾ, ਸੰਗੀਤ, ਨਾਚ, ਲੇਖਨ, ਫੋਟੋਗ੍ਰਾਫੀ, ਖੇਡਾਂ, ਰਸੋਈ ਕਲਾ, ਯਾਤਰਾ ਕਰਨਾ ਜਾਂ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨਾ — ਇਹ ਸਾਰੇ ਸ਼ੌਕਾਂ ਦੇ ਉਦਾਹਰਨ ਹਨ। ਹਰ ਵਿਅਕਤੀ ਦੇ ਸ਼ੌਕ ਉਸਦੀ ਰੁਚੀ ਅਤੇ ਸੁਭਾਵ ਅਨੁਸਾਰ ਵੱਖ-ਵੱਖ ਹੋ ਸਕਦੇ ਹਨ।

ਸ਼ੌਕ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਮਨੁੱਖੀ ਸੁਭਾਅ ਅਤੇ ਮਨ ਦੇ ਸਿਹਤਮੰਦ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਹ ਰੋਜ਼ਾਨਾ ਦੀ ਇਕਸਾਰ ਜ਼ਿੰਦਗੀ ਤੋਂ ਰਾਹਤ ਦਿੰਦੇ ਹਨ ਅਤੇ ਮਨੁੱਖ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਤਾਜ਼ਗੀ ਪ੍ਰਦਾਨ ਕਰਦੇ ਹਨ। ਜਦੋਂ ਕੋਈ ਵਿਅਕਤੀ ਆਪਣੇ ਮਨਪਸੰਦ ਸ਼ੌਕ ਵਿੱਚ ਡੂੰਘਾਈ ਨਾਲ ਸ਼ਾਮਲ ਹੁੰਦਾ ਹੈ ਤਾਂ ਉਸਦਾ ਮਨ ਸ਼ਾਂਤੀ ਅਤੇ ਸੰਤੁਸ਼ਟੀ ਮਹਿਸੂਸ ਕਰਦਾ ਹੈ। ਸ਼ੌਕ ਮਾਨਸਿਕ ਥਕਾਵਟ ਨੂੰ ਘੱਟਾਉਂਦੇ ਹਨ ਅਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਦੇ ਹਨ। ਇਹ ਰਚਨਾਤਮਕਤਾ, ਧੀਰਜ, ਆਤਮ-ਵਿਸ਼ਵਾਸ ਅਤੇ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਨੂੰ ਵੱਧਾਉਂਦੇ ਹਨ। ਜੋ ਵਿਅਕਤੀ ਨਿਯਮਿਤ ਤੌਰ ‘ਤੇ ਆਪਣੇ ਸ਼ੌਕਾਂ ਲਈ ਸਮਾਂ ਕੱਢਦਾ ਹੈ, ਉਹ ਅਕਸਰ ਜ਼ਿਆਦਾ ਆਸ਼ਾਵਾਦੀ ਅਤੇ ਭਾਵਨਾਤਮਕ ਤੌਰ ‘ਤੇ ਮਜ਼ਬੂਤ ਹੁੰਦਾ ਹੈ।

ਸ਼ੌਕ ਮਨੁੱਖ ਨੂੰ ਆਪਣੀਆਂ ਲੁਕੀਆਂ ਹੋਈਆਂ ਯੋਗਤਾਵਾਂ ਅਤੇ ਪ੍ਰਤਿਭਾਵਾਂ ਨੂੰ ਪਛਾਣਣ ਦਾ ਮੌਕਾ ਵੀ ਦਿੰਦੇ ਹਨ। ਦੁਨੀਆ ਦੇ ਬਹੁਤ ਸਾਰੇ ਪ੍ਰਸਿੱਧ ਲੇਖਕਾਂ, ਵਿਗਿਆਨੀਆਂ, ਕਲਾਕਾਰਾਂ, ਸੰਗੀਤਕਾਰਾਂ ਅਤੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦੀ ਸ਼ੁਰੂਆਤ ਬਚਪਨ ਦੇ ਸ਼ੌਕਾਂ ਤੋਂ ਹੀ ਕੀਤੀ ਸੀ। ਕਈ ਵਾਰ ਇਹੀ ਸ਼ੌਕ ਭਵਿੱਖ ਵਿੱਚ ਸਫਲ ਕੈਰੀਅਰ ਦਾ ਰੂਪ ਵੀ ਧਾਰ ਲੈਂਦੇ ਹਨ।

ਆਧੁਨਿਕ ਸਮਾਜ ਵਿੱਚ ਮਾਨਸਿਕ ਸਿਹਤ ਸਭ ਤੋਂ ਵੱਡੀਆਂ ਚਿੰਤਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ। ਡਰ, ਬੇਚੈਨੀ, ਚਿੰਤਾ ਅਤੇ ਤਣਾਅ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਵੱਡਿਆਂ ਤੱਕ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੇ ਹਨ। ਮੋਬਾਈਲ ਫੋਨਾਂ ਦੀ ਅਤਿ ਵਰਤੋਂ, ਸੋਸ਼ਲ ਮੀਡੀਆ ਦੀ ਲਤ, ਪੜ੍ਹਾਈ ਦਾ ਦਬਾਅ, ਬੇਰੁਜ਼ਗਾਰੀ, ਇਕਾਂਤਵਾਦ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਦੇ ਮੁੱਖ ਕਾਰਨ ਹਨ।

ਇਸ ਪ੍ਰਸੰਗ ਵਿੱਚ ਸ਼ੌਕ ਕੁਦਰਤੀ ਤਣਾਅ-ਨਿਵਾਰਕ ਦਾ ਕੰਮ ਕਰਦੇ ਹਨ। ਜਦੋਂ ਮਨੁੱਖ ਉਹ ਕੰਮ ਕਰਦਾ ਹੈ ਜਿਸ ਵਿੱਚ ਉਸਨੂੰ ਸੱਚੀ ਖੁਸ਼ੀ ਮਿਲਦੀ ਹੈ, ਤਾਂ ਦਿਮਾਗ ਵਿੱਚ ਡੋਪਾਮਾਈਨ ਅਤੇ ਸੈਰੋਟੋਨਿਨ ਵਰਗੇ ਸਕਾਰਾਤਮਕ ਰਸਾਇਣ ਨਿਕਲਦੇ ਹਨ ਜੋ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਪ੍ਰਦਾਨ ਕਰਦੇ ਹਨ। ਬਾਗਬਾਨੀ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ ਅਤੇ ਮਨ ਵਿੱਚ ਸ਼ਾਂਤੀ ਪੈਦਾ ਕਰਦੀ ਹੈ। ਸੰਗੀਤ ਮਨ ਦਾ ਤਣਾਅ ਘੱਟਾਉਂਦਾ ਹੈ। ਕਿਤਾਬਾਂ ਪੜ੍ਹਨਾ ਕਲਪਨਾ ਸ਼ਕਤੀ ਨੂੰ ਵੱਧਾਉਂਦਾ ਹੈ ਅਤੇ ਇਕਾਂਤਵਾਦ ਨੂੰ ਘਟਾਉਂਦਾ ਹੈ। ਖੇਡਾਂ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਸਿਹਤ ਨੂੰ ਮਜ਼ਬੂਤ ਕਰਦੀਆਂ ਹਨ। ਚਿੱਤਰਕਲਾ ਅਤੇ ਰਚਨਾਤਮਕ ਕਲਾਵਾਂ ਭਾਵਨਾਵਾਂ ਨੂੰ ਸਿਹਤਮੰਦ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਦਿੰਦੀਆਂ ਹਨ।

ਚਿੰਤਾ ਰੋਗ ਦਾ ਸ਼ਿਕਾਰ ਵਿਅਕਤੀ ਅਕਸਰ ਆਪਣੇ ਆਪ ਨੂੰ ਇਕੱਲਾ ਅਤੇ ਨਿਰਾਸ਼ ਮਹਿਸੂਸ ਕਰਦਾ ਹੈ। ਐਸੇ ਸਮੇਂ ਸ਼ੌਕ ਉਸਨੂੰ ਜੀਵਨ ਵਿੱਚ ਨਵਾਂ ਉਦੇਸ਼, ਉਤਸ਼ਾਹ ਅਤੇ ਸਰਗਰਮੀ ਦਿੰਦੇ ਹਨ। ਸਮੂਹਿਕ ਸ਼ੌਕ ਜਿਵੇਂ ਖੇਡਾਂ, ਸੰਗੀਤ ਮੰਡਲੀਆਂ, ਨਾਟਕ ਅਤੇ ਸਮਾਜਿਕ ਗਤੀਵਿਧੀਆਂ ਇਕਾਂਤਵਾਦ ਨੂੰ ਘੱਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਇਸ ਲਈ ਕਈ ਦੇਸ਼ਾਂ ਵਿੱਚ ਡਾਕਟਰ ਅਤੇ ਮਨੋਵਿਗਿਆਨੀ ਵੀ ਤਣਾਅ ਅਤੇ ਡਿਪ੍ਰੈਸ਼ਨ ਦੇ ਇਲਾਜ ਲਈ ਸ਼ੌਕ ਅਪਣਾਉਣ ਦੀ ਸਲਾਹ ਦਿੰਦੇ ਹਨ। ਇਹ ਸਾਬਤ ਕਰਦਾ ਹੈ ਕਿ ਸ਼ੌਕ ਕੋਈ ਵਿਲਾਸਤਾ ਨਹੀਂ, ਸਗੋਂ ਮਾਨਸਿਕ ਸਿਹਤ ਲਈ ਜ਼ਰੂਰਤ ਹਨ।

ਸ਼ੌਕਾਂ ਦੀ ਸਿੱਖਿਆ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ ਕਿਉਂਕਿ ਬਚਪਨ ਵਿਅਕਤੀਤਵ ਨਿਰਮਾਣ ਦਾ ਸਭ ਤੋਂ ਮਹੱਤਵਪੂਰਨ ਦੌਰ ਹੁੰਦਾ ਹੈ। ਬੱਚਿਆਂ ਦਾ ਮਨ ਕੁਦਰਤੀ ਤੌਰ ‘ਤੇ ਜਿਗਿਆਸੂ ਅਤੇ ਰਚਨਾਤਮਕ ਹੁੰਦਾ ਹੈ। ਜੇਕਰ ਬਚਪਨ ਤੋਂ ਹੀ ਉਨ੍ਹਾਂ ਨੂੰ ਵੱਖ-ਵੱਖ ਸ਼ੌਕਾਂ ਨਾਲ ਜੋੜਿਆ ਜਾਵੇ ਤਾਂ ਉਹ ਭਵਿੱਖ ਵਿੱਚ ਆਤਮ-ਵਿਸ਼ਵਾਸੀ, ਸੰਤੁਲਿਤ ਅਤੇ ਰਚਨਾਤਮਕ ਨਾਗਰਿਕ ਬਣ ਸਕਦੇ ਹਨ।

ਅੱਜ ਕਈ ਮਾਪੇ ਸਿਰਫ਼ ਅਕਾਦਮਿਕ ਪ੍ਰਾਪਤੀਆਂ ਅਤੇ ਮੁਕਾਬਲੇ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਬੱਚਿਆਂ ‘ਤੇ ਪੜ੍ਹਾਈ, ਕੋਚਿੰਗ ਅਤੇ ਸਕਰੀਨ ਦੇ ਦਬਾਅ ਕਾਰਨ ਛੋਟੀ ਉਮਰ ਵਿੱਚ ਹੀ ਤਣਾਅ ਅਤੇ ਚਿੜਚਿੜਾਪਣ ਵੱਧ ਰਿਹਾ ਹੈ। ਜੇਕਰ ਬੱਚਿਆਂ ਨੂੰ ਸ਼ੌਕਾਂ ਨਾਲ ਜੋੜਿਆ ਜਾਵੇ ਤਾਂ ਉਹ ਰਚਨਾਤਮਕਤਾ, ਅਨੁਸ਼ਾਸਨ, ਟੀਮਵਰਕ, ਧੀਰਜ ਅਤੇ ਸਮੇਂ ਦੇ ਪ੍ਰਬੰਧਨ ਵਰਗੀਆਂ ਮਹੱਤਵਪੂਰਨ ਜੀਵਨ ਕੌਸ਼ਲ ਸਿੱਖਦੇ ਹਨ। ਇਸ ਨਾਲ ਉਹ ਡਿਜ਼ੀਟਲ ਗੈਜਟਾਂ ਅਤੇ ਸੋਸ਼ਲ ਮੀਡੀਆ ਉੱਤੇ ਘੱਟ ਨਿਰਭਰ ਰਹਿੰਦੇ ਹਨ।

ਸਕੂਲਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਅੰਕਾਂ ਦੀ ਦੌੜ ਵਿੱਚ ਨਾ ਧੱਕਣ, ਸਗੋਂ ਉਨ੍ਹਾਂ ਦੀਆਂ ਕੁਦਰਤੀ ਰੁਚੀਆਂ ਨੂੰ ਵੀ ਉਤਸ਼ਾਹਿਤ ਕਰਨ। ਸਕੂਲਾਂ ਵਿੱਚ ਸੰਗੀਤ, ਚਿੱਤਰਕਲਾ, ਖੇਡਾਂ, ਬਾਗਬਾਨੀ, ਕਹਾਣੀ ਲੇਖਨ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸਿੱਖਿਆ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

ਆਧੁਨਿਕ ਸਿੱਖਿਆ ਪ੍ਰਣਾਲੀ ਅਕਸਰ ਅੰਕਾਂ ਅਤੇ ਪ੍ਰੀਖਿਆਵਾਂ ‘ਤੇ ਜ਼ਿਆਦਾ ਜ਼ੋਰ ਦਿੰਦੀ ਹੈ, ਜਦਕਿ ਅਸਲ ਸਿੱਖਿਆ ਦਾ ਮਕਸਦ ਵਿਅਕਤੀਤਵ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ। ਸ਼ੌਕ ਵਿਦਿਆਰਥੀਆਂ ਨੂੰ ਹੋਰ ਰਚਨਾਤਮਕ, ਨਵੀਨਤਮ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੇ ਹਨ। ਸਕੂਲਾਂ ਵਿੱਚ ਹੌਬੀ ਕਲੱਬ ਅਤੇ ਸਹਿਯੋਗੀ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਕੇ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ੌਕ ਮਨੁੱਖੀ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਹਨ। ਇਹ ਮਨੁੱਖ ਨੂੰ ਖੁਸ਼ੀ, ਸ਼ਾਂਤੀ, ਰਚਨਾਤਮਕਤਾ ਅਤੇ ਭਾਵਨਾਤਮਕ ਸੰਤੁਲਨ ਪ੍ਰਦਾਨ ਕਰਦੇ ਹਨ। ਸ਼ੌਕ ਤਣਾਅ, ਚਿੰਤਾ, ਇਕਾਂਤਵਾਦ, ਬੇਚੈਨੀ ਅਤੇ ਡਰ ਨਾਲ ਲੜਨ ਵਿੱਚ ਸਹਾਇਕ ਹਨ ਅਤੇ ਜੀਵਨ ਨੂੰ ਨਵਾਂ ਅਰਥ ਦਿੰਦੇ ਹਨ।

ਅਜੋਕੇ ਮੁਕਾਬਲੇਬਾਜ਼ੀ ਅਤੇ ਤਕਨੀਕੀ ਵਿਘਨਾਂ ਵਾਲੇ ਯੁੱਗ ਵਿੱਚ ਸ਼ੌਕ ਕੋਈ ਵਿਕਲਪ ਨਹੀਂ ਰਹੇ, ਸਗੋਂ ਸਿਹਤਮੰਦ ਜੀਵਨ ਲਈ ਲਾਜ਼ਮੀ ਸਾਧਨ ਬਣ ਚੁੱਕੇ ਹਨ। ਜੇਕਰ ਬਚਪਨ ਤੋਂ ਹੀ ਸ਼ੌਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਅਸੀਂ ਭਵਿੱਖ ਲਈ ਮਾਨਸਿਕ ਤੌਰ ‘ਤੇ ਮਜ਼ਬੂਤ, ਰਚਨਾਤਮਕ ਅਤੇ ਸੰਤੁਲਿਤ ਪੀੜ੍ਹੀ ਤਿਆਰ ਕਰ ਸਕਦੇ ਹਾਂ।

ਉਹ ਸਮਾਜ ਜੋ ਸ਼ੌਕਾਂ, ਕਲਾ ਅਤੇ ਰਚਨਾਤਮਕਤਾ ਨੂੰ ਮਹੱਤਵ ਦਿੰਦਾ ਹੈ, ਉਹ ਸਿਰਫ਼ ਸਫਲ ਪੇਸ਼ੇਵਰ ਹੀ ਨਹੀਂ, ਸਗੋਂ ਖੁਸ਼ਹਾਲ, ਸਿਹਤਮੰਦ ਅਤੇ ਮਨੁੱਖਤਾ-ਪ੍ਰੇਮੀ ਨਾਗਰਿਕ ਵੀ ਤਿਆਰ ਕਰਦਾ ਹੈ।

ਸੁਰਿੰਦਰਪਾਲ ਸਿੰਘ

ਵਿਗਿਆਨ ਅਧਿਆਪਕ 

ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ।