ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੇ ਮਾਇਨੇ!

ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੇ ਮਾਇਨੇ!

ਸ਼੍ਰੋਮਣੀ ਅਕਾਲੀ ਦਲ ਸੌ ਸਾਲ ਪੁਰਾਣੀ ਅਜਿਹੀ ਸਿਆਸੀ ਪਾਰਟੀ ਹੈ ਜਿਸ ਨੇ ਸਿੱਖ ਧਰਮ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖੂਨ ਡੋਲਵੀਂ ਲੜਾਈ ਲੜੀ ਹੈ। ਆਪਣੇ ਇਕ ਸਦੀ ਦੇ ਇਤਿਹਾਸ ਵਿਚ ਅਕਾਲੀ ਦਲ ਨੂੰ ਬਹੁਤ ਹੀ ਚੁਣੌਤੀਆਂ, ਤੰਗੀਆਂ, ਤੁਰਸ਼ੀਆਂ ਅਤੇ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਵਰਕਰਾਂ, ਆਗੂਆਂ ਨੇ ਪੁਲਿਸ ਦੀਆਂ ਮਾਰਾਂ ਝੱਲੀਆਂ, ਜੇਲਾਂ ਕੱਟੀਆਂ, ਭੱੁਖੇ ਰਹਿ ਕੇ ਵਕਤ ਕੱਟਿਆ ਪਰ ਕਦੇ ਵੀ ਅਕਾਲੀ ਦਲ ਢਹਿੰਦੀ ਕਲਾ ਵਿਚ ਨਹੀਂ ਗਿਆ। ਜਦੋਂ ਤੋਂ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਕਮਾਂਡ ਬਾਦਲ ਪਰਿਵਾਰ ਦੇ ਹੱਥ ਵਿਚ ਆਈ ਹੈ ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਕਿਸੇ ਵੇਲੇ ਅਕਾਲੀ ਦਲ ਬਾਦਲ ਪੰਜਾਬੀਆਂ ਨੂੰ ਆਪਣੀ ਮਾਂ ਪਾਰਟੀ ਲੱਗਦੀ ਸੀ, ਪਰ ਅੱਜ ਅਕਾਲੀ ਵਰਕਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਪਣੇ ਨਾਮ ਨਾਲ ਜੋੜਨ ਤੋਂ ਜਿਝਕ ਮਹਿਸੂਸ ਕਰ ਰਿਹਾ ਹੈ। ਅਸਲ ਵਿਚ ਅਕਾਲੀ ਦਲ ਦਾ 2007 ਤੋਂ 2017 ਤੱਕ ਦਾ ਕਾਰਜਕਾਲ ਅਕਾਲੀ ਦਲ ਬਾਦਲ ਦੇ ਅੱਜ ਦੇ ਹਾਲਾਤਾਂ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। 2002 ਦੀਆਂ ਪੰਜਾਬ ਵਿਧਾਨ ਸਭਾ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਕਾਫ਼ੀ ਮਾੜਾ ਸਮਾ ਆਇਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜੇਤੂ ਕਾਂਗਰਸ ਪਾਰਟੀ ਵਲੋਂ ਪੰਜਾਬ ਵਿਚ ਸਰਕਾਰ ਬਣਾਈ ਗਈ। ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲ ਪਰਿਵਾਰ ਨਾਲ ਨਿੱਜੀ ਕਿੜ ਕੱਢਣ ਲਈ ਬਾਦਲ ਪਰਿਵਾਰ ਖਿਲਾਫ ਸਰਕਾਰੀ ਮਸ਼ਿਨਰੀ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ। ਉਸ ਵਲੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜੇਲ ਯਾਤਰਾ ਵੀ ਕਰਵਾਈ ਗਈ। ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮੁੱਦੇ ’ਤੇ ਬਾਦਲ ਪਰਿਵਾਰ ਵਲੋਂ ਵਿਜੀਲੈਂਸ ਦਾ ਭੂਤ ਲੰਮਾ ਸਮਾਂ ਛੱਡੀ ਰੱਖਿਆ। ਇੱਥੇ ਹੀ ਬੱਸ ਨਹੀਂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੀ ਚੋਣ ਵਿਚ ਵੀ ਦਖਲ ਅੰਦਾਜ਼ੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਚਹੇਤਿਆਂ ਦਾ ਕਬਜ਼ਾ ਕਰਵਾਉਣ ਲਈ ਬਾਦਲ ਪੱਖੀ ਐੱਸ.ਜੀ.ਪੀ.ਸੀ. ਮੈਂਬਰਾਂ ਦੀ ਖਰੀਦੋਫਰੋਖ਼ਤ ਜਾਂ ਉਹਨਾਂ ਨੂੰ ਸਿਆਸੀ ਸ਼ਕਤੀ ਨਾਲ ਦਬਾਉਣ, ਡਰਾਉਣ, ਧਮਕਾਉਣ ਲਈ ਵੱਡੇ ਪੱਧਰ ’ਤੇ ਹਮਲੇ ਕੀਤੇ। ਐਨਾ ਕੁਝ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਬਾਦਲ ਥਿੜਕਿਆ ਨਹੀਂ ਅਤੇ ਕੈਪਟਨ ਦੇ ਹਰ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੰਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਲਗਭਗ ਪੰਜ ਸਾਲ ਬਾਦਲਾਂ ਦਾ ਪਿੱਛਾ ਕਰਦੇ ਹੀ ਲੰਘ ਗਏ ਅਤੇ ਵਿਕਾਸ ਦੀ ਇਕ ਵੀ ਪੂਣੀ ਨਹੀਂ ਕੱਤੀ ਗਈ ਜਿਸ ਕਾਰਨ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਅਤੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੋਂ ਬਦਲਾ ਲੈਣ ਦੀ ਬਜਾਏ ਪੰਜਾਬ ਦੀ ਨੁਹਾਰ ਬਦਲਣ ਦਾ ਫੈਸਲਾ ਲਿਆ। ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਆਪਣਾ ਪੀੜੀ ਦਰ ਪੀੜੀ ਕਬਜ਼ਾ ਜਮਾਈ ਰੱਖਣ ਲਈ 2008 ਵਿਚ ਅਕਾਲੀ ਦਲ ਬਾਦਲ ਦੇ ਧੁਨੰਤਰ ਆਗੂਆਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਪੱੁਤਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ। ਇਸ ਨਾਲ ਅੰਦਰੋਗਤੀ ਕਾਫੀ ਵਿਰੋਧ ਹੋਇਆ ਪਰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਇਕ ਸ਼ਕਤੀਸ਼ਾਲੀ ਆਗੂ ਸਨ ਇਸ ਲਈ ਕੋਈ ਵੀ ਵਿਰੋਧ ਕੋਈ ਅਸਰ ਨਾ ਦਿਖਾ ਸਕਿਆ ਅਤੇ ਸੁਖਬੀਰ ਸਿੰਘ ਬਾਦਲ ਦੀ ਝੰਡੀ ਹੋ ਗਈ। ਸੁਖਬੀਰ ਸਿੰਘ ਬਾਦਲ ਦੀ ਸਾਰੀ ਵਿੱਦਿਆ ਪਹਾੜਾਂ ਵਾਲੇ ਸਕੂਲਾਂ ਜਾਂ ਅਮਰੀਕਾ ਵਿਚਲੇ ਕਾਲਜਾਂ ਦੀ ਹੋਣ ਕਾਰਨ ਉਸਨੂੰ ਸਿੱਖ ਧਰਮ ਦੀ ਮਹੱਤਤਾ, ਸਿੱਖ ਪੰਥ, ਸ੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖ ਇਤਿਹਾਸ ਬਾਰੇ ਬਹੁਤਾ ਕੁਝ ਗਿਆਨ ਨਹੀਂ ਸੀ। ਉਸਨੂੰ ਸਿਰਫ ਏਨਾ ਹੀ ਪਤਾ ਸੀ ਕਿ ਉਹ ਇਕ ਬਾਦਸ਼ਾਹ ਹੈ ਅਤੇ ਉਸ ਦੀ ਬਾਦਸ਼ਾਹੀ ਕਦੇ ਨਹੀਂ ਜਾਵੇਗੀ। ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਸੀ ਕਿ ਉਹਨਾਂ ਦੀ ਉਮਰ ਜ਼ਿਆਦਾ ਹੋ ਰਹੀ ਹੈ ਅਤੇ ਹੁਣ ਸੁਖਬੀਰ ਬਾਦਲ ਹੀ ਉਸਦਾ ਉੱਤਰਾਧਿਕਾਰੀ ਹੈ, ਇਸ ਲਈ ਉਹਨਾਂ ਸਾਰਾ ਕਾਰਜਭਾਰ ਸੁਖਬੀਰ ਬਾਦਲ ਨੂੰ ਹੀ ਸੌਂਪਣ ਦਾ ਫ਼ੈਸਲਾ ਲੈ ਲਿਆ। ਜਦੋਂ ਵੀ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਕਿਸੇ ਕੰਮ ਲਈ ਜਾਂਦਾ ਤਾਂ ਉਹ ਹਮੇਸ਼ਾ ਇਹੋ ਹੀ ਕਹਿੰਦੇ ‘ਕਾਕਾ ਜੀ ਕੋਲ ਜਾਓ’, ਪਰ ਕਾਕਾ ਜੀ (ਸੁਖਬੀਰ ਬਾਦਲ) ਉਹਨਾਂ ਨੂੰ ਕੋਈ ਸਤਿਕਾਰ ਨਾ ਦਿੰਦੇ। ਜਿਸ ਕਾਰਨ ਸੀਨੀਅਰ ਅਕਾਲੀ ਆਗੂ ਨਿਰਾਸ਼ ਹੁੰਦੇ ਗਏ। ਪਰ ਇਸ ਦੇ ਚੱਲਦਿਆਂ 2009 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਥਾਪ ਦਿੱਤਾ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਅਜ਼ੀਮ ਸਿਆਸੀ ਸ਼ਕਤੀਆਂ ਆ ਗਈਆਂ। ਉਹਨੇ ਬਿਨਾਂ ਸ਼ੱਕ ਵਿਕਾਸ ਕਾਰਜਾਂ ਵਿਚ ਬਹੁਤ ਉਭਾਰ ਲਿਆਂਦਾ ਜਿਸ ਕਾਰਨ ਇਤਿਹਾਸ ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 2012 ਵਿਚ ਦੁਬਾਰਾ ਸਰਕਾਰ ਬਣ ਗਈ। ਸੁਖਬੀਰ ਸਿੰਘ ਬਾਦਲ ਨੂੰ ਲੱਗਾ ਕਿ ਅਕਾਲੀ ਦਲ ਬਾਦਲ ਉਸਦੀ ਅਗਵਾਈ ਕਾਰਨ ਹੀ ਜਿੱਤਿਆ ਹੈ ਜਿਸ ’ਤੇ ਉਸ ਨੇ ਬਿਆਨ ਦਿੱਤਾ ਕਿ ਹੁਣ ਅਕਾਲੀ ਦਲ ਬਾਦਲ 25 ਸਾਲ ਰਾਜ ਨਹੀਂ ਛੱਡਦਾ। ਸੁਖਬੀਰ ਸਿੰਘ ਬਾਦਲ ਦੇ ਇਸ ਕਾਰਜਕਾਲ ਦੌਰਾਨ ਰਿਸ਼ਵਤਖੋਰੀ ਅਤੇ ਨਸ਼ਾ ਤਸਕਰੀ ਦੇ ਬਹੁਤ ਵੱਡੇ ਦੋਸ਼ ਲੱਗਣ ਲੱਗੇ। ਬਹੁਤ ਵੱਡਾ ਘਟਨਾਕ੍ਰਮ ਉਦੋਂ ਹੋਇਆ ਜਦੋਂ ਬੇਅਦਬੀ ਕਾਂਡ ਵਾਪਰ ਗਿਆ ਤੇ ਜਿਸਦਾ ਦੋਸ਼ ਸੌਦਾ ਸਾਧ ਉੱਤੇ ਲੱਗਾ। ਪਾਠਕਾਂ ਨੂੰ ਯਾਦ ਹੋਵੇਗਾ ਕਿ ਸੌਦਾ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਜਿਸ ਕਾਰਨ ਉਸਦਾ ਸਿੱਖ ਜਗਤ ਵਲੋਂ ਵੱਡਾ ਵਿਰੋਧ ਹੋਇਆ ਸੀ। ਇਸੇ ਕਾਰਨ ਇਹ ਸਮਝਿਆ ਜਾਂਦਾ ਸੀ ਡੇਰੇ ਦੇ ਭਗਤਾਂ ਵਲੋਂ ਹੀ ਇਹ ਕਾਰਾ ਕੀਤਾ ਗਿਆ ਹੋਵੇਗਾ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਡੇਰਾ ਸਰਸਾ ਨਾਲ ਕੋਈ ਵਿਵਾਦ ਨਾ ਸਹੇੜਨ ਦੀ ਰਣਨੀਤੀ ਅਪਣਾਈ। ਪਰ ਸਿੱਖ ਸੰਗਤਾਂ ਨੇ ਡੇਰੇ ਖਿਲਾਫ ਸੰਘਰਸ਼ ਛੇੜ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲਿਆਂ ਨੂੰ ਬਹੁਤ ਹੀ ਜ਼ਿਆਦਾ ਹਲਕੇ ਵਿਚ ਲੈ ਲਿਆ ਪਰ ਜਦਕਿ ਇਹ ਇਕ ਬਹੁਤ ਹੀ ਜ਼ਿਆਦਾ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਸੀ। ਬਹਿਬਲ ਕਲਾਂ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਉੱਪਰ ਪੰਜਾਬ ਪੁਲਿਸ ਵਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋ ਸਿੱਖ ਨੌਜਵਾਨਾਂ ਕਿ੍ਰਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਇਸ ਨਾਲ ਸਿੱਖ ਸੰਗਤਾਂ ਦਾ ਗੱੁਸਾ ਸੱਤਵੇਂ ਅਸਮਾਨ ਉੱਤੇ ਚੜ ਗਿਆ ਪਰ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਵਿਚ ਪੁਲਿਸ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਅਤੇ ਖ਼ਬਰ ਫੈਲਾਈ ਕਿ ਗੋਲੀ ਚਲਾਉਣ ਵਾਲੀ ਪੁਲਿਸ ਅਣਪਛਾਤੀ ਸੀ। ਇਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਸ ਨੇ ਤਾਂ ਸਿੱਖ ਪੰਥ ਦਾ ਹਿਰਦਾ ਹੀ ਛਲਣੀ ਕਰ ਦਿੱਤਾ। ਬੇਅਦਬੀ ਕਾਂਡ ਦੇ ਦੋਸ਼ੀ ਅਤੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਵਲੋਂ ਮੁਆਫੀ ਦੇ ਦਿੱਤੀ ਗਈ ਜਿਸ ਦਾ ਅੰਤਾਂ ਦਾ ਵਿਰੋਧ ਹੋ ਗਿਆ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕਿਲਾ ਢਹਿ ਢੇਰੀ ਹੋਣਾ ਸ਼ੁਰੂ ਹੋ ਗਿਆ। ਲੜੀਵਾਰ ਹਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਲੱਕ ਤੋੜ ਦਿੱਤਾ। ਵਰਕਿੰਗ ਕਮੇਟੀ ਵਿਚ ਬਹੁਗਿਣਤੀ ਸੁਖਬੀਰ ਸਿੰਘ ਬਾਦਲ ਦੇ ਪੱਖੀ ਹੋਣ ਕਾਰਨ ਉਸਨੂੰ ਦੁਬਾਰਾ ਦੁਬਾਰਾ ਪ੍ਰਧਾਨ ਬਣਾਇਆ ਜਾਂਦਾ ਰਿਹਾ ਪਰ ਸਿੱਖ ਸੰਗਤਾਂ ਵਿਚ ਸੁਖਬੀਰ ਸਿੰਘ ਬਾਦਲ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਭਰ ਗਈ ਸੀ। 2022 ਦੀਆਂ ਚੋਣਾਂ ਵਿਚ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਬਾਦਲ ਦੇ ਤਿੰਨ ਹੀ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ, ਗਨੀਵ ਮਜੀਠੀਆ ਅਤੇ ਮਨਪ੍ਰੀਤ ਸਿੰਘ ਇਯਾਲੀ ਹੀ ਜਿੱਤ ਪ੍ਰਾਪਤ ਕਰ ਸਕੇ ਅਤੇ ਅਕਾਲੀ ਬਿਲਕੁਲ ਹਾਸ਼ੀਏ ਉੱਤੇ ਆ ਗਿਆ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚੋਂ ਨਿਕਲੇ ਸੁਖਦੇਵ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਦੁਆਬੇ ਦੇ ਸ਼ੇਰ ਕਹਾਉਣ ਵਾਲੇ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਅਕਾਲੀ ਦਲ ਸੁਧਾਰ ਲਹਿਰ ਦੇ ਹੇਠਾਂ ਅਲੱਗ ਧੜਾ ਬਣਾ ਲਿਆ ਗਿਆ। ਇਸ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦਰਖਾਸਤ ਦੇ ਦਿੱਤੀ ਜਿਸ ’ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਿਸ ਦੀ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ। ਇਹ ਸੁਖਬੀਰ ਸਿੰਘ ਬਾਦਲ ਲਈ ਬਹੁਤ ਹੀ ਵੱਡਾ ਝਟਕਾ ਸੀ ਪਰ ਇਸ ਨਾਲ ਸੰਗਤਾਂ ਨੇ ਰਾਹਤ ਬਹੁਤ ਮਹਿਸੂਸ ਕੀਤੀ। ਸੁਖਬੀਰ ਸਿੰਘ ਬਾਦਲ ਦੀ ਪ੍ਰਸਿੱਧੀ ਦਾ ਪੱਧਰ ਬਹੁਤ ਜ਼ਿਆਦਾ ਹੇਠਾਂ ਆ ਗਿਆ। ਇਸ ਦੇ ਚੱਲਦਿਆਂ ਹੁਣ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਖਬਰ ਆ ਗਈ। ਇਸ ਦੇ ਨਾਲ ਉਸਦੇ ਵਿਰੋਧੀ ਕਾਫੀ ਖੁਸ਼ੀ ਹੋਏ ਅਤੇ ਅਕਾਲੀ ਦਲ ਦੇ ਨਿਰਾਸ਼ ਵਰਕਰ ਵੀ ਹਰਕਤ ਵਿਚ ਆ ਗਏ ਕਿ ਹੁਣ ਕੋਈ ਨਵਾਂ ਪ੍ਰਧਾਨ ਬਣੇਗਾ ਅਤੇ ਅਕਾਲੀ ਦਲ ਫਿਰ ਉੱਠ ਖੜਾ ਹੋਵੇਗਾ। ਪਰ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਇਹ ਇਕ ਰਣਨੀਤੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗਣ ਵਾਲੀ ਸਜ਼ਾ ਵਿਚ ਕੁਝ ਛੋਟ ਮਿਲ ਜਾਵੇ। ਅਸਲ ਵਿਚ ਵੈਸੇ ਵੀ ਅਕਾਲੀ ਦਲ ਦੇ ਢਾਂਚੇ ਦੀ ਚੋਣ 14 ਦਸੰਬਰ ਨੂੰ ਹੋਣੀ ਹੈ ਜਿਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦੇਣਾ ਹੀ ਸੀ। ਹੁਣ ਵਰਕਰਾਂ ਦਾ ਕੁਝ ਤਾਪਮਾਨ ਦੇਖਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਏ ਜਾਣ ਦੇ ਆਸਾਰ ਹਨ ਕਿਉਂਕਿ ਬਾਦਲ ਪਰਿਵਾਰ ਤਿੰਨ ਦਹਾਕਿਆਂ ਪੁਰਾਣਾ ਅਕਾਲੀ ਦਲ ਤੋਂ ਕਬਜ਼ਾ ਐਨਾ ਸੌਖਾ ਤਾਂ ਨਹੀਂ ਛੱਡ ਸਕਦਾ। ਪਰ ਜੇਕਰ ਵਰਕਿੰਗ ਕਮੇਟੀ ਆਪਣੀ ਨਿੱਜੀ ਸੋਚ ਨੂੰ ਛੱਡ ਕੇ ਵਰਕਰਾਂ ਦੀ ਸੋਚ ਅਨੁਸਾਰ ਨਵੇਂ ਪ੍ਰਧਾਨ ਦੀ ਚੋਣ ਕਰੇਗੀ ਤਾਂ ਯਕੀਨਨ ਹੀ ਅਕਾਲੀ ਦਲ ਬਾਦਲ ਦੁਬਾਰਾ ਗੇਮ ਵਿਚ ਆ ਸਕਦਾ ਹੈ ਜੇਕਰ ਸ਼ੈਤਾਨੀ ਕਰ ਕੇ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਫਿਰ ਅਕਾਲੀ ਦਲ ਬਾਦਲ ਦਾ ਰੱਬ ਹੀ ਰਾਖਾ ਹੋਵੇਗਾ। ਆਮੀਨ!