ਸੁਖ਼ਬੀਰ ਸਿੰਘ ਬਾਦਲ ਦੀ ਮੁਆਫ਼ੀ ਬਨਾਮ ‘ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ’

ਸੁਖ਼ਬੀਰ ਸਿੰਘ ਬਾਦਲ ਦੀ ਮੁਆਫ਼ੀ ਬਨਾਮ ‘ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ’

ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵੇਲੇ ਆਪਣੇ ਸਭ ਤੋਂ ਮੰਦੇ ਦੌਰ ਵਿਚੋਂ ਲੰਘ ਰਿਹਾ ਹੈ। ਭਾਵੇਂ ਕਿ ਇਸ ਸਿਆਸੀ ਦਲ ਨੇ ਪਹਿਲਾਂ ਵੀ ਬਹੁਤ ਹੀ ਦਰਦਨਾਕ ਦਿਨ ਦੇਖੇ ਹਨ ਪਰ ਉਹਨਾਂ ਦਿਨਾਂ ਵਿਚ ਅਕਾਲੀ ਦਲ ਫਿਰ ਵੀ ਚੜਦੀ ਕਲਾ ਵਿਚ ਹੀ ਰਿਹਾ ਸੀ ਕਿਉਂਕਿ ਜਦੋਂ ਜਦੋਂ ਵੀ ਅਕਾਲੀ ਦਲ ਉੱਤੇ ਕੋਈ ਭਾਰੀ ਪੈਂਦੀ ਰਹੀ ਹੈ ਤਾਂ ਅਕਾਲੀ ਦਲ ਦਾ ਵਰਕਰ ਹੋਰ ਵੀ ਜੁਝਾਰੂ ਸ਼ਕਤੀ ਨਾਲ ਹਾਲਾਤਾਂ ਨਾਲ ਲੜਦਾ ਰਿਹਾ ਅਤੇ ਅਕਾਲੀ ਦਲ ਦੇ ਹੱਕ ਵਿਚ ਆਪਣਾ ਝੰਡਾ ਬੁਲੰਦ ਕਰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਧਰਮ ਨੂੰ ਸਤਿਕਾਰ ਦਿੱਤਾ ਜਾਂਦਾ ਰਿਹਾ ਅਤੇ ਸਭ ਤੋਂ ਵੱਡੀ ਗੱਲ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਰੇ ਹੀ ਪ੍ਰਧਾਨਾਂ ਨੇ ਬਹੁਤ ਹੀ ਮਾਣ ਸਤਿਕਾਰ ਦਿੱਤਾ। ਜੇਕਰ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਬਿਨਾਂ ਸ਼ੱਕ ਇਸ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਰਹੀ ਹੈ ਕਿ ਧਰਮ ਤੋਂ ਸੇਧ ਲੈ ਕੇ ਸਿਆਸਤ ਕਰਨੀ ਹੈ ਜਿਸ ਸਬੰਧੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਕ ਸੰਦੇਸ਼ ਦਿੱਤਾ ਸੀ। ਉਹਨਾਂ ਸਾਫ਼ ਸਾਫ਼ ਕਿਹਾ ਸੀ ਕਿ ਮੇਰਾ ਸਿੱਖ ਸਿਆਸੀ ਤਾਂ ਹੋ ਸਕਦਾ ਹੈ ਪਰ ਉਹ ਧਰਮ ਦਾ ਝੰਡਾ ਉੱਚਾ ਰੱਖੇਗਾ ਅਤੇ ਸਿਆਸਤ ਦਾ ਨੀਵਾਂ, ਭਾਵ ਸਿਆਸਤ ਧਰਮ ਤੋਂ ਸੇਧ ਲੈ ਕੇ ਕੀਤੀ ਜਾਵੇ ਪਰ ਬਾਦਲ ਪਰਿਵਾਰ ਨੇ ਗੁਰੂ ਸਾਹਿਬਾਨ ਦੇ ਇਸ ਸਿਧਾਂਤ ਨੂੰ ਰੋਲ ਕੇ ਰੱਖ ਦਿੱਤਾ। ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਨੂੰ ਚੁਣੌਤੀ ਦੇ ਕੇ ਇਕ ਤਰਾਂ ਨਾਲ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਲਿਆ ਸੀ। ਸੰਨ 2007 ਤੋਂ 2017 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਜਾਬ ਵਿਚ ਰਾਜ ਰਿਹਾ। ਇਸ ਸੱਤਾ ਪ੍ਰਾਪਤੀ ਦੇ ਨਸ਼ੇ ਵਿਚ ਸਭ ਤੋਂ ਵੱਧ ਸੁਖਬੀਰ ਸਿੰਘ ਬਾਦਲ ਨੇ ਗਲਤ ਫ਼ੈਸਲੇ ਲੈਣ ਦੀ ਪ੍ਰੰਪਰਾ ਤੋਰੀ। ਉਹਨਾਂ ਸੱਤਾ ਦੇ ਨਸ਼ੇ ਵਿਚ ਆਪਣੀ ਵਪਾਰਕ ਸਲਤਨਤ ਨੂੰ ਵੱਡਾ ਕਰਨ ਵਿਚ ਹੀ ਰੁਚੀ ਲਗਾਈ ਰੱਖੀ। ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖ਼ਾ ਪੈ ਗਿਆ ਸੀ ਕਿ ਹੁਣ ਘੱਟੋ-ਘੱਟ 25 ਸਾਲ ਪੰਜਾਬ ਵਿਚ ਅਕਾਲੀ ਦਲ ਬਾਦਲ ਦਾ ਹੀ ਰਾਜ ਰਹੇਗਾ, ਪਰ ਹੋਇਆ ਇਸ ਦੇ ਬਿਲਕੁਲ ਉਲਟ ਤੇ ਹੁਣ ਲੱਗਣ ਲੱਗਾ ਹੈ ਕਿ ਜਿਵੇਂ ਘੱਟੋ-ਘੱਟ 25 ਸਾਲ ਤਾਂ ਅਕਾਲੀ ਦਲ ਬਾਦਲ ਦਾ ਰਾਜ ਨਹੀਂ ਆ ਸਕਦਾ। ਅਕਾਲੀ ਦਲ ਦੇ ਰਾਜ ਕਾਲ ਦੌਰਾਨ ਹੋਈ ਰੇਤ ਤਸਕਰੀ, ਨਸ਼ਾ ਤਸਕਰੀ, ਵਧੀ ਹੋਈ ਬੇਰੁਜ਼ਗਾਰੀ, ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਕਮੀ ਹੋਰ ਬੇਨਿਯਮੀਆਂ ਤਾਂ ਹੋਈਆਂ ਹੀ ਪਰ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਸ ਪ੍ਰਤੀ ਸੁਖਬੀਰ ਸਿੰਘ ਬਾਦਲ ਦੇ ਰਵੱਈਏ ਨੇ ਸਿੱਖਾਂ ਸੰਗਤਾਂ ਦੇ ਹਿਰਦੇ ਚੀਰ ਸੁੱਟੇ। ਸੁਖਬੀਰ ਸਿੰਘ ਬਾਦਲ ਦੀਆਂ ਗਤੀਵਿਧੀਆਂ ਤੋਂ ਇਹ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਬੇਅਦਬੀਆਂ ਦਾ ਕੋਈ ਦੱੁਖ ਹੀ ਨਹੀਂ ਹੋ ਰਿਹਾ। ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਬੇਅਦਬੀਆਂ ਦੇ ਦੋਸ਼ੀਆਂ ਨੂੰ ਪੈਰ ਪੈਰ ਉੱਤੇ ਬਚਾਅ ਰਹੇ ਸਨ। ਉਹਨਾਂ ਨੇ ਬੇਅਦਬੀ ਕਾਂਡ ਦੀ ਜਾਂਚ ਵੀ ਜਨਤਕ ਨਾ ਹੋਣ ਦਿੱਤੀ। ਹੋਰ ਤਾਂ ਹੋਰ ਜਿਸ ਗੱਲ ਨੇ ਸਭ ਤੋਂ ਵੱਧ ਸਿੱਖ ਹਿਰਦਿਆਂ ’ਤੇ ਸੱਟ ਮਾਰੀ ਉਹ ਸੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਮੰਨੇ ਜਾਂਦੇ ਸੌਦਾ ਸਾਧ ਨੂੰ ਮੁਆਫ਼ੀ ਦੇਣਾ ਸੀ। ਭਾਵੇਂ ਕਿ ਇਹ ਮੁਆਫ਼ੀ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਦਿੱਤੀ ਸੀ ਪਰ ਸਭ ਜਾਣਦੇ ਸਨ ਕਿ ਇਹ ਮੁਆਫ਼ੀ ਸੁਖਬੀਰ ਸਿੰਘ ਬਾਦਲ ਵਲੋਂ ਧੱਕੇ ਨਾਲ ਦੁਆਈ ਗਈ ਹੈ ਜਦਕਿ ਦੂਜੇ ਇਸ ਮੁਆਫ਼ੀ ਦੇ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਦਿੱਤੇ ਗਏ। ਇਹਨਾਂ ਬੱਜਰ ਗਲਤੀਆਂ ਕਾਰਨ ਅਕਾਲੀ ਦਲ ਬਾਦਲ ਦਾ ਏਡਾ ਕੁ ਨੁਕਸਾਨ ਹੋਇਆ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲੱਖਾਂ ਕੁਰਬਾਨੀਆਂ ਕਰਨ ਵਾਲੀ ਸਿਆਸੀ ਪਾਰਟੀ ਅਕਾਲੀ ਦਲ ਬਾਦਲ ਇਸ ਵੇਲੇ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। ਹਰ ਪਾਸੇ ਹਾਰ ਹੀ ਹਾਰ ਦਿਖਾਈ ਦੇ ਰਹੀ ਹੈ। ਅਕਾਲੀ ਦਲ ਵਿਚ ਫੁੱਟ ਵੀ ਪੈਣ ਲੱਗ ਪਈ ਹੈ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਬਣੇ ਵਿਰੋਧੀ ਧੜੇ ਵਲੋਂ ਅਕਾਲ ਤਖ਼ਤ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਸੀ ਜਿਸਨੂੰ ਜਥੇਦਾਰ ਸਾਹਿਬ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਤਲਬੀ ਦਾ ਸਵਾਗਤ ਕੀਤਾ ਅਤੇ ਆਪਣਾ ਬੰਦ ਲਿਫ਼ਾਫਾ ਸਪੱਸ਼ਟੀਕਰਨ ਸਿੰਘ ਸਾਹਿਬਾਨ ਨੂੰ ਸੌਂਪਿਆ। ਇਹ ਸਪੱਸ਼ਟੀਕਰਨ ਜਨਤਕ ਕਰ ਦਿੱਤਾ ਗਿਆ ਜਿਸ ਤੋਂ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਲੱਗਦਾ ਹੈ, ਉਸਨੇ ਸਿੱਧੇ ਰੂਪ ਵਿਚ ਹਰ ਇਕ ਗਲਤੀ ਦੀ ਮੁਆਫ਼ੀ ਮੰਗ ਲਈ ਹੈ ਹਰ ਤਰਾਂ ਦੀ ਪੰਥਕ ਸਜ਼ਾ ਭੁਗਤਣ ਦੀ ਗੱਲ ਵੀ ਆਖੀ ਹੈ। ਕਿਉਂਕਿ ਅਜੇ ਵੀ ਅਕਾਲ ਤਖਤ ਉੱਪਰ ਸੁਖਬੀਰ ਬਾਦਲ ਦਾ ਹੀ ਕਬਜਾ ਹੈ ਜਿਸ ਕਾਰਨ ਸਿੰਘ ਸਾਹਿਬਾਨ ਵਲੋਂ ਉਸ ਨੂੰ ਮੁਆਫ਼ ਵੀ ਕੀਤਾ ਜਾ ਸਕਦਾ ਹੈ ਪਰ ਏਨੇ ਸ਼ੈਤਾਨ ਆਗੂ ਨੇ ਜੇਕਰ ਗੁਰੂ ਨੇ ਗੋਡਣੀਆਂ ਭਾਰ ਕੀਤਾ ਹੈ ਤਾਂ ਦੇਖਣਾ ਹੋਵੇਗਾ ਕਿ ਗੁਰੂ ਉਸਨੂੰ ਮੁਆਫ਼ ਕਰਦਾ ਹੈ ਕਿ ਨਹੀਂ, ਪਰ ਇਹ ਜ਼ਰੂਰ ਹੈ ਕਿ ਮੁਆਫੀ ਮੰਗਣ ’ਚ ਸੁਖਬੀਰ ਸਿੰਘ ਬਾਦਲ ਨੇ ਦੇਰੀ ਬਹੁਤ ਜ਼ਿਆਦਾ ਕਰ ਦਿੱਤੀ ਹੈ ਜਿਸ ਕਾਰਨ ਹਾਲਾਤ ਹੁਣ ‘ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ’ ਵਾਲੇ ਬਣੇ ਹੋਏ ਹਨ? ਆਮੀਨ!