.jpg)
ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਘੁਰਕੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਅਸਤੀਫ਼ੇ ਦੀ ਪ੍ਰਵਾਨਗੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਕ ਵੱਡਾ ਹਿੱਸਾ ਸੰਤੁਸ਼ਟ ਹੋ ਗਿਆ ਹੈ ਤੇ ਹੁਣ ਪਾਰਟੀ ਲੀਡਰਸ਼ਿਪ ਵਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪਾਰਟੀ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਜਾਂਦਾ ਹੈ। ਡੈਲੀਗੇਟਸ ਪਾਰਟੀ ਦੇ ਜਰਨਲ ਹਾਊਸ ਦੇ ਮੈਂਬਰ ਹੁੰਦੇ ਹਨ। ਡੈਲੀਗੇਟਾਂ ਵੱਲੋਂ ਪਾਰਟੀ ਦੇ ਪ੍ਰਧਾਨ ਦੇ ਉਮੀਦਵਾਰਾਂ ਵਿੱਚੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਜਿਸ ਉਮੀਦਵਾਰ ਤੇ ਹੱਕ ਵਿੱਚ ਵੱਧ ਡੈਲੀਗੇਟਾਂ ਭੁਗਤਦੇ ਹਨ ਉਸ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ 500 ਦੇ ਕਰੀਬ ਡੈਲੀਗੇਟ ਹਨ। ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਚਾਰ ਡੈਲੀਗੇਟ ਹੋ ਸਕਦੇ ਹਨ ਜਦਕਿ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਡੈਲੀਗੇਟਸ ਹੁੰਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਈ ਡੈਲੀਗੇਟਾਂ ਦਾ ਦੇਹਾਂਤ ਹੋ ਗਿਆ ਹੈ, ਕਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਅਕਾਲੀ ਦਲ ਛੱਡ ਗਏ ਹਨ ਅਤੇ ਕਈਆਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਨੁਸਾਰ ਪਾਰਟੀ ਵਿੱਚ ਤਿੰਨ ਤਰ੍ਹਾਂ ਦੇ ਡੈਲੀਗੇਟ ਹੁੰਦੇ ਹਨ। ਪਹਿਲੇ ਡੈਲੀਗੇਟ ਸਰਕਲ ਪੱਧਰ, ਦੂਜੇ ਜ਼ਿਲ੍ਹਾ ਪੱਧਰ ਦੇ ਅਤੇ ਤੀਜੇ ਡੈਲੀਗੇਟਸ ਸੂਬਾ ਪੱਧਰ ਦੇ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਲੀਡਰ ਚਰਨਜੀਤ ਬਰਾੜ ਅਨੁਸਾਰ ਪਾਰਟੀ ਦੇ 100 ਮੈਂਬਰਾਂ ਪਿੱਛੇ ਇੱਕ ਸਰਕਲ ਡੈਲੀਗੇਟ ਚੁਣਿਆ ਜਾਂਦਾ ਹੈ। 40 ਸਰਕਲ ਡੈਲੀਗੇਟਾਂ ਪਿੱਛੇ ਇੱਕ ਜ਼ਿਲ੍ਹਾ ਡੈਲੀਗੇਟ ਚੁਣਿਆ ਜਾਂਦਾ ਹੈ। ਜਿਲ੍ਹੇ ਦੇ ਡੈਲੀਗੇਟ ਹਰ ਵਿਧਾਨ ਸਭਾ ਹਲਕੇ ਵਿੱਚੋਂ ਚਾਰ ਸੂਬਾ ਪੱਧਰ ਦੇ ਡੈਲੀਗੇਟ ਚੁਣਦੇ ਹਨ। ਇਹ ਡੈਲੀਗੇਟ ਪਾਰਟੀ ਦੇ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ ਅਤੇ ਇਹ ਹੀ ਵਰਕਿੰਗ ਕਮੇਟੀ ਅਤੇ ਸੂਬਾ ਪ੍ਰਧਾਨ ਨੂੰ ਚੁਣਦੇ ਹਨ ਭਾਵ ਸ਼੍ਰੋਮਣੀ ਅਕਾਲੀ ਦਾ ਪ੍ਰਧਾਨਗੀ ਦੀ ਚੋਣ ਲਈ ਢਾਂਚਾ ਮੁਕੰਮਲ ਰੂਪ ਵਿਚ ਸੰਵਿਧਾਨਕ ਹੈ ਪਰ ਜਦੋਂ ਤੋਂ ਪਾਰਟੀ ਉੱਪਰ ਪਰਕਾਸ਼ ਸਿੰਘ ਬਾਦਲ ਦਾ ਕਬਜ਼ਾ ਹੋਇਆ ਹੈ ਇਸ ਢਾਂਚੇ ਨੇ ਕਦੇ ਅਸਲ ਰੂਪ ਵਿਚ ਕੰਮ ਹੀ ਨਹੀਂ ਕੀਤਾ ਜਾਂ ਕਹਿ ਲਓ ਕਿ ਕੰਮ ਕਰਨ ਦੀ ਲੋੜ ਹੀ ਨਹੀਂ ਪਈ।
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ। ਇਸ ਦੇ ਸ਼ੁਰੂਆਤੀ ਪ੍ਰਧਾਨਾ ਨੇ ਸਿੱਖੀ ਸਿਧਾਂਤ ਨੂੰ ਭੁਲਾਇਆ ਨਹੀਂ ਅਤੇ ਪਾਰਟੀ ਨੂੰ ਧਰਮ ਦੇ ਓਟ ਆਸਰੇ ਨਾਲ ਚਲਾਇਆ। ਪਰ ਜਦੋਂ ਹੀ ਪਰਕਾਸ਼ ਸਿੰਘ ਬਾਦਲ ਦੇ ਹੱਥ ਵਿਚ ਕਮਾਂਡ ਆਈ ਤਾਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਤੋਂ ਦੂਰ ਲੈਜਾਣਾ ਸ਼ੁਰੂ ਕਰ ਦਿੱਤਾ। ਉਹਨਾਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਨੂੰ ਵਿਸਾਰ ਦਿੱਤਾ ਅਤੇ ਧਰਮ ਉੱਤੇ ਸਿਆਸਤ ਦਾ ਹੁਕਮ ਲਾਗੂ ਕਰ ਦਿੱਤਾ। ਭਾਵੇਂ ਇਸ ਰਣਨੀਤੀ ਨਾਲ ਉਹਨਾਂ ਨੂੰ ਕਈ ਵਾਰ ਮੁੱਖ ਮੰਤਰੀ ਦੇ ਅਹੁਦੇ ’ਤੇ ਸੁਖ ਮਾਨਣ ਦਾ ਮਾਣ ਮਿਲ ਗਿਆ ਪਰ ਅਕਾਲੀ ਦਲ ਅੰਦਰੋ ਅੰਦਰੀ ਖੋਖਲਾ ਹੁੰਦਾ ਗਿਆ। ਸ਼੍ਰੋਮਣੀ ਅਕਾਲੀ ਦਲ ਸਿੱਖ ਸੰਗਤ ਦੀ ਖੂਨ ਪਸੀਨੇ ਦੀ ਮਿਹਨਤ ਨਾਲ ਹੋਂਦ ਵਿਚ ਆਇਆ ਸੀ ਪਰ ਪਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਿਹਾ ਅਤੇ ਉਸਨੇ ਸਿੱਖ ਧਰਮ ਤੋਂ ਅੰਦਰੋਗਤੀ ਦੂਰੀ ਬਣਾਉਣੀ ਸ਼ੁਰੂ ਕਰ ਲਈ। ਜਿਵੇਂ ਕਹਿੰਦੇ ਨੇ ਗੁਰੂ ਕਦੇ ਵੀ ਸੋਟਾ ਜਾਂ ਲੱਤ ਨਹੀਂ ਮਾਰਦਾ, ਉਹ ਸਿਰਫ ਮੱਤ ਮਾਰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੋਈ। 2007 ਵਿਚ ਅਕਾਲੀ ਸਰਕਾਰ ਬਣਨ ’ਤੇ ਬਿਨਾਂ ਸ਼ੱਕ ਸਰਕਾਰ ਨੇ ਵਿਕਾਸ ਦੇ ਬਹੁਤ ਕਾਰਜ ਕੀਤੇ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਵਧਦੀ ਉਮਰ ਦੇਖ ਕੇ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਲਿਆਉਣ ਦੀ ਸੋਚੀ। ਉਹਨੇ ਪਾਰਟੀ ਟਕਸਾਲੀ ਅਤੇ ਕੁਰਬਾਨੀ ਵਾਲੇ ਆਗੂਆਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਘੱਟ ਉਮਰ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਕਮਾਂਡ ਸੌਂਪ ਦਿੱਤੀ। ਇਸ ਨਾਲ ਪਾਰਟੀ ਵਿਚ ਵਿਰੋਧ ਤਾਂ ਉੱਠਿਆ ਪਰ ਕਿਉਂਕਿ ਪਰਕਾਸ਼ ਸਿੰਘ ਬਾਦਲ ਬਹੁਤ ਹੀ ਸ਼ਕਤੀਸ਼ਾਲੀ ਹੋ ਚੱੁਕੇ ਸਨ ਇਸ ਲਈ ਉਹਨਾਂ ਦੇ ਅੱਗੇ ਕੋਈ ਨਾ ਬੋਲਿਆ। ਸੁਖਬੀਰ ਸਿੰਘ ਬਾਦਲ ਦੇ ਹੱਥ ਸਰਕਾਰ ਦੇ ਕਮਾਂਡ ਆ ਗਈ। ਉਹ ਇਕ ਵਧੀਆ ਬਿਜ਼ਨਸਮੈਨ ਹੈ, ਇਸ ਲਈ ਉਸਨੇ ਪੰਜਾਬ ਦੇ ਵਿਕਾਸ ਵਿਚ ਤਾਂ ਯੋਗਦਾਨ ਪਾਇਆ ਪਰ ਨਾਲ ਹੀ ਉਸਨੇ ਸਰਕਾਰੀ ਅਹੁਦੇ ਦਾ ਲਾਭ ਉਠਾਉਂਦਿਆਂ ਆਪਣੇ ਵਪਾਰ ਨੂੰ ਅੰਤਾਂ ਦਾ ਵਧਾਇਆ। ਕਦੇ ਵੀ ਪਾਪ ਦੀਕਮਾਈ ਛੁਪਦੀ ਨਹੀਂ ਉਹ ਉਜਾਗਰ ਤਾਂ ਹੋ ਹੀ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵੀ ਚੰਗੇ ਮੰਦੇ ਕੰਮ ਉਜਾਗਰ ਹੋ ਹੀ ਗਈ। ਸਭ ਤੋਂ ਵੱਡੀ ਗਲਤੀ ਸੁਖਬੀਰ ਸਿੰਘ ਬਾਦਲ ਤੋਂ ਇਹ ਹੋਈ ਕਿ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਸਨੇ ਸਿਆਸੀ ਸ਼ਕਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਨੂੰ ਖਤਮ ਕਰ ਦਿੱਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਦਲ ਪਰਿਵਾਰ ਦੇ ਅਧੀਨ ਹੋ ਗਏ। ਉੱਥੋਂ ਜਿਹੜਾ ਵੀ ਹੁਕਮ ਆਉਂਦਾ ਸੀ ਉਹ ਬਾਦਲ ਪਰਿਵਾਰ ਦੀ ਮਰਜ਼ੀ ਦੇ ਅਨੁਸਾਰ ਹੀ ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਵੋਟਰਾਂ ਨੇ ਇਕ ਵਾਰ ਫਿਰ ਮੌਕਾ ਦੇ ਦਿੱਤਾ ਅਤੇ ਇਤਿਹਾਸ ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ। ਪਰ ਇਸ ਵਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਪੈ ਗਿਆ ਹੁਣ ਉਸਦੀ ਸਰਕਾਰ 25 ਸਾਲ ਕਿਤੇ ਨਹੀਂ ਜਾਂਦੀ। ਉਸਨੇ ਸ਼ਕਤੀ ਦਾ ਅੰਨ੍ਹੇਵਾਹ ਪ੍ਰਯੋਗ ਕੀਤਾ। ਸਭ ਤੋਂ ਜੋ ਮਾੜੀ ਗੱਲ ਹੋਈ ਉਹ ਇਸ ਦੌਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਈ। ਇਸ ਤੋਂ ਪਹਿਲਾਂ ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਗਿਆ ਜਿਸ ਕਾਰਨ ਸਿੱਖ ਸੰਗਤਾਂ ਉਸਦੇ ਖਿਲਾਫ਼ ਹੋ ਗਈਆਂ। ਪਰ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸੌਦਾ ਸਾਧ ਦਾ ਵਿਰੋਧ ਨਾ ਕੀਤਾ ਸਗੋਂ ਉਸਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੁਆ ਦਿੱਤੀ। ਦੂਜੇ ਪਾਸੇ ਬੇਅਦਬੀ ਦਾ ਇਨਸਾਫ ਮੰਗ ਰਹੀਆਂ ਸੰਗਤਾਂ ਉੱਤੇ ਪੁਲਿਸ ਤੋਂ ਗੋਲੀ ਚਲਵਾ ਦਿੱਤੀ ਗਈ। ਇਹਨਾਂ ਸਭ ਘਟਨਾਵਾਂ ਨੇ ਸਿੱਖ ਵਰਗ ਨੂੰ ਅਕਾਲੀ ਦਲ ਤੋਂ ਦੂਰ ਕਰ ਦਿੱਤਾ ਜਿਸ ਦਾ ਨਤੀਜਾ ਅੱਜ ਸੁਖਬੀਰ ਸਿੰਘ ਬਾਦਲ ਭੁਗਤ ਰਿਹਾ ਹੈ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ੀ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਮੰਨੇ ਅਤੇ ਆਪਣਾ ਅਸਤੀਫਾ ਦਿੱਤਾ। ਹੁਣ ਅਕਾਲ ਤਖਤ ਸਾਹਿਬ ਦੇ ਦਖਲ ਤੋਂ ਬਾਅਦ ਉਸਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਮਿਲ ਗਈ ਹੈ ਪਰ ਅਜੇ ਵੀ ਸੰਗਤ ਨੂੰ ਅੱਖਾਂ ਖੋਲ੍ਹ ਕੇ ਚੱਲਣ ਦੀ ਲੋੜ ਹੈ।
ਸੁਖਬੀਰ ਸਿੰਘ ਬਾਦਲ ਤੋਂ ਭਾਵੇਂ ਅਸਤੀਫਾ ਲੈ ਕੇ ਉਸਨੂੰ ਲਾਂਭੇ ਕਰ ਦਿੱਤਾ ਗਿਆ ਹੈ ਪਰ ਬਾਦਲ ਪਰਿਵਾਰ ਦਾ ਅਕਾਲੀ ਦਲ ਉੱਤੇ ਏਡਾ ਗਲਬਾ ਹੈ ਕਿ ਉਸਨੂੰ ਪਿੱਛੇ ਨਹੀਂ ਕੀਤਾ ਜਾ ਸਕਦਾ। ਇਸ ਲਈ ਹੁਣ ਸ਼ੱਕ ਇਹ ਹੈ ਕਿ ਜਿਵੇਂ ਕਾਂਗਰਸ ਵਿਚ ਅਸਲ ਸ਼ਕਤੀ ਗਾਂਧੀ ਪਰਿਵਾਰ ਕੋਲ ਹੀ ਹੈ ਤੇ ਪ੍ਰਧਾਨ ਭਾਵੇਂ ਮਲਿਕਾਅਰਜੁਨ ਖੜਗੇ ਬਣਾਇਆ ਹੋਇਆ ਹੈ ਉਸੇ ਤਰ੍ਹਾਂ ਪ੍ਰਧਾਨ ਭਾਵੇਂ ਕੋਈ ਹੋਰ ਬਣਾ ਦਿੱਤਾ ਜਾਵੇ ਪਰ ਉਹ ਹੋਵੇਗਾ ਬਾਦਲ ਪਰਿਵਾਰ ਦਾ ਹੀ ਚੇਲਾ। ਸੋ ਜੇਕਰ ਹੁਣ ਐਡਾ ਵੱਡਾ ਸਮਾਂ ਆ ਹੀ ਗਿਆ ਹੈ ਤਾਂ ਲੋੜ ਹੈ ਕਿ ਪਹਿਰਾ ਦੇ ਕੇ ਬਾਦਲ ਪਰਿਵਾਰ ਨੂੰ ਮੁਕੰਮਲ ਰੂਪ ਵਿਚ ਅਕਾਲੀ ਦਲ ਵਿਚੋਂ ਛੇਕ ਦਿੱਤਾ ਜਾਵੇ। ਆਮੀਨ!