
- ਪਿਛਲੇ ਲੰਬੇ ਸਮੇਂ ਤੋਂ ਅਕਸਰ ਵੇਖਿਆ ਜਾ ਰਿਹਾ ਹੈ ਕਿ ਪੂਰੀ ਸਿੱਖ ਕੌਮ ਅੰਦਰ ਗਲਤ ਧਾਰਨਾਵਾਂ ਦੇ ਸਦਕਾ ਵੱਡੇ ਪੱਧਰ ਤੇ ਉਥਲ ਪੁਥਲ ਹੁੰਦੀ ਦਿਖਾਈ ਦਿੰਦੀ ਹੈ। ਇਹ ਗੱਲਾਂ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਵਾਪਰ ਰਹੀਆਂ ਹਨ । ਸਿੱਖ ਭਾਈਚਾਰਾ ਆਪਸ ਵਿੱਚ ਲੜ ਕੇ ਔਜੜੇ ਭਰੇ ਰਾਹਾਂ ਦਾ ਪਾਂਧੇ ਬਣਦਾ ਜਾ ਰਿਹਾ ਹੈ । ਨੌਜਵਾਨੀ ਦਾ ਵੀ ਇਸੇ ਤਰ੍ਹਾਂ ਪੂਰਾ ਯੋਗਦਾਨ ਹੈ । ਜਵਾਨੀ ਦਾ ਇਸ ਸਾਰੇ ਵਰਤਾਰੇ ਵਿੱਚ ਸ਼ਾਮਲ ਹੋ ਕੇ ਗ਼ਲਤ ਰਾਹ ਪੈ ਕੇ ਆਪਣੇ ਹੀ ਕੌਮ ਨੂੰ ਨਿੰਦਣਾ ਅਤੇ ਚੰਗੇ ਚੰਗੇ ਵਿਦਵਾਨਾਂ 'ਤੇ ਉਂਗਲਾਂ ਉਠਾਉਣੀਆਂ ਇਹ ਕਿਸੇ ਨੂੰ ਸੋਭਾ ਨਹੀਂ ਦਿੰਦਾ । ਇਹ ਗੱਲਾਂ ਬਹੁਤ ਮਾੜੀਆਂ ਹਨ । ਅਕਸਰ ਦੇਖਿਆ ਜਾਂਦਾ ਹੈ ਕਿ ਗੁਰਦੁਆਰੇ ਵਿੱਚ ਲੜਾਈਆਂ ਹੋ ਰਹੀਆਂ ਹਨ ਅਤੇ ਸਿੱਖ ਆਪਸ ਵਿੱਚ ਉਲਝ ਕੇ ਬੁਰੀ ਕਟਾ- ਵਡੀ ਹੋ ਕੇ ਇਕ ਦੂਜੇ ਦੇ ਦੁਸ਼ਮਣ ਬਣ ਰਹੇ ਹਨ ।
ਇਹ ਵਰਤਾਰਾ ਭਾਵੇਂ ਅੱਜ ਤੋਂ ਨਹੀਂ ਚੱਲਿਆ । ਪਰ ਵੱਡੇ ਪੱਧਰ ਤੇ ਪਿਛਲੇ ਲੰਬੇ ਸਮੇਂ ਤੋਂ ਵਾਪਰ ਰਿਹਾ ਹੈ ਸਾਡੀ ਸਿੱਖ ਕੌਮ ਪੂਰੀ ਤਰ੍ਹਾਂ ਲੀਡਰ ਰਹਿਤ ਹੋ ਕੇ ਰਹਿ ਚੁੱਕੀ ਹੈ । ਜਿਸ ਨੂੰ ਲੋੜ ਹੈ ਸਾਰੀਆਂ ਗੱਲਾਂ-ਬਾਤਾਂ ਕਰਕੇ ਨਵੇਂ ਸਿਰੇ ਤੋਂ ਇੱਕ ਚੰਗਾ ਵਧੀਆ ਭਾਈਚਾਰਾ ਉਸਾਰਨ ਦੀ ਕਿਉਂਕਿ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਜੇਕਰ ਅਸੀਂ ਜਿੰਦਗੀ ਜਰੂਰੀ ਹੈ ਤਾਂ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਗੁਰਬਾਣੀ ਦੇ ਦੱਸੇ ਰਸਤੇ ਤੇ ਚੱਲ ਕੇ ਚੰਗੀ ਜ਼ਿੰਦਗੀ ਬਿਤਾਈ ਜਾ ਸਕਦੀ ਹੈ । ਸਾਡੇ ਗੁਰੂ ਸਾਹਿਬਾਨ ਨੇ ਆਖਿਆ ਹੈ ਕਿ ਕੋਈ ਵੀ ਇਨਸਾਨ ਜਦੋਂ ਹੰਕਾਰ ਦੇ ਰਾਹ ਪੈ ਜਾਂਦਾ ਹੈ ਤਾਂ ਉਸਦਾ ਨੁਕਸਾਨ ਹੋਣਾ ਤੈਅ ਹੈ ਕਿਉਂਕਿ ਹੰਕਾਰ ਕੁਦਰਤ ਨੂੰ ਭਾਉਂਦਾ ਨਹੀਂ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ । ਉਸਨੂੰ ਹਉਮੈ ਦੇ ਪੈ ਕੇ ਜ਼ਿੰਦਗੀ ਨਹੀਂ ਜੀਣੀ ਚਾਹੀਦੀ ਚੰਗਾ ਹੋਵੇ ਜੇਕਰ ਹਰ ਬੰਦਾ ਹਉਮੈ ਤਿਆਗ ਕੇ ਆਪਸੀ ਭਾਈਚਾਰਾ ਕਾਇਮ ਰੱਖੇ । ਇਹ ਵਧੀਆ ਗੱਲ ਹੈ।
ਅੱਜ ਕੱਲ ਪੂਰੀ ਦੁਨੀਆਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਅੰਦਰ ਜੋ ਕੁਝ ਹੋ ਰਿਹਾ ਉਸਨੂੰ ਵੇਖ ਕੇ ਕਿਸੇ ਵੀ ਇਨਸਾਨ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ । ਅਸੀਂ ਗੋਲਕ ਪਿੱਛੇ ਲੜ ਰਹੇ ਹਾਂ । ਭਾਂਡਿਆਂ ਦੇ ਪਿੱਛੇ ਸਾਡੇ ਜੱਫੇ ਲੱਗ ਰਹੇ ਹਨ ਤੇ ਰੁਪਏ ਖਾਤਰ ਕਮੇਟੀਆਂ ਦੇ ਵਿੱਚ ਕਤਲਾਂ ਤੱਕ ਆਮ ਗੱਲ ਹੋ ਚੁੱਕੀ ਹੈ । ਥਾਣੇ ਕਚਹਿਰੀਆਂ ਜਾ ਕੇ ਗੁਰੂ ਘਰ ਦੇ ਝਾਗੜੇ ਸੁਲਝਦੇ ਰਹੇ ਹਨ । ਪੁਲਿਸ ਵੱਲੋਂ ਬਹੁਤ ਸਾਰੇ ਲੋਕਾਂ ਤੇ ਪਰਚੇ ਦਰਜ ਕੀਤੇ ਜਾਣਾ ਆਮ ਗੱਲ ਹੋ ਚੁੱਕੀ ਹੈ । ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਇਹੀ ਗੱਲ ਸਿਖਾਈ ਸੀ ਕਿ ਗੁਰਦੁਆਰਿਆਂ ਪਿਛੇ ਉਲਝ ਕੇ ਆਪਣੀ ਪਰਿਵਾਰਾਂ ਨੂੰ ਖਰਾਬ ਕਰ ਲਵੋ। ਇਹ ਵਰਤਾਰਾ ਬਾਹਰਲੇ ਮੁਲਕਾਂ ਅੰਦਰ ਵੀ ਵਾਪਰ ਰਿਹਾ ਹੈ । ਚੌਧਰ ਦੇ ਭੁੱਖੇ ਲੋਕਾਂ ਵੱਲੋਂ ਆਮ ਲੋਕਾਂ ਨੂੰ ਅਤੇ ਸਿੱਖ ਸੰਗਤ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕੀਤਾ ਜਾ ਰਿਹਾ ਹੈ । ਘਾਟ ਕਿੱਥੇ ਹੈ ਇਹ ਸੋਚਣ ਦਾ ਸਮਾਂ ਹੈ ਕਿਉਂਕਿ ਗੁਰੂ ਸਹਿਬਾਨ ਦੀ ਦਿੱਤੀ ਸਿੱਖਿਆ ਅਨੁਸਾਰ ਇਹ ਕੁਝ ਨਹੀਂ ਸਿਖਾਇਆ ਜਾਂਦਾ ।
ਲੋੜ ਹੈ ਸਾਡੀ ਨੌਜਵਾਨੀ ਨੂੰ ਸਹੀ ਰਸਤੇ ਤੇ ਲੈ ਕੇ ਆਉਣ ਦੀ ਕਿਉਕਿ ਅੱਜ ਕੱਲ ਜੋ ਕੁਝ ਸਾਡੀ ਨੌਜਵਾਨੀ ਵੱਲੋਂ ਕੀਤਾ ਜਾ ਰਿਹੈ ਉਸ ਨੂੰ ਵੇਖ ਕੇ ਵੀ ਕਿਸੇ ਇਨਸਾਨ ਦਾ ਕਾਲਜਾ ਤੱਕ ਪਾੜ ਜਾਂਦਾ ਹੈ । ਵਿਦੇਸ਼ਾ ਅੰਦਰ ਨੌਜਵਾਨੀ ਕਿਹੜੇ ਰਾਹ ਤੁਰ ਚੁੱਕੀ ਹੈ ਕਹਿਣ ਦੀ ਲੋੜ ਨਹੀਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਨਸ਼ਾ ਕਰਕੇ ਗੁਰਦੁਆਰਿਆਂ ਅੰਦਰ ਝਗੜੇ ਕਰਨੇ ਆਮ ਗੱਲ ਹੋ ਚੁੱਕੀ ਹੈ । ਇਹ ਕੁਝ ਪਹਿਲਾਂ ਪੰਜਾਬ ਵਿੱਚ ਵੇਖਿਆ ਜਾਂਦਾ ਸੀ ਪਰ ਹੁਣ ਵਿਦੇਸ਼ਾਂ ਦੀ ਧਰਤੀ ਤੇ ਵੀ ਵਾਪਰ ਰਿਹਾ ਹੈ ਪਿਛਲੇ ਦਿਨੀਂ ਕੈਨੇਡਾ ਦੀ ਧਰਤੀ ਤੇ ਜਿੱਥੇ ਵਿਦਿਆਰਥੀਆਂ ਦਾ ਜਾਣਾ ਆਮ ਗੱਲ ਹੋ ਚੁੱਕੀ ਹੈ । ਇੱਕ ਲੜਕੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਦਾਖਲ ਹੋ ਕੇ ਸਿਰਫ ਰੋਟੀ ਖਾਤਰ ਇੱਕ ਵੱਡਾ ਬਵਾਲ ਖੜਾ ਕਰਦਿਆਂ ਪ੍ਰਬੰਧਕਾਂ ਤੇ ਨੁਕਤਾਚੀਨੀ ਕੀਤੀ ਹੈ, ਜੋ ਬਿਲਕੁਲ ਗ਼ਲਤ ਵਰਤਾਰਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਸਾਡੀ ਜਵਾਨੀ ਨੂੰ ਸੋਭਾ ਨਹੀਂ ਦਿੰਦੀਆਂ ਜੋ ਕਿਤੇ ਨਾ ਕਿਤੇ ਸੂਝ ਬੂਝ ਦੀ ਘਾਟ ਹੈ ।
ਇੱਕ ਵੱਡਾ ਕਾਰਨ ਇਸ ਸਾਰੇ ਘਟਨਾਕ੍ਰਮ ਦਾ ਇਹ ਵੀ ਸੋਚਿਆ ਤੇ ਵੇਖਿਆ ਜਾਣਾ ਜਰੂਰੀ ਹੋ ਜਾਂਦਾ ਹੈ ਕਿ ਸਾਡੀ ਲੀਡਰਸ਼ਿਪ ਦੀ ਘਾਟ ਕਾਰਨ ਨੌਜਵਾਨੀ ਗ਼ਲਤ ਰਸਤੇ ਤੇ ਤਾਂ ਚੱਲੀ ਹੀ ਪਰ ਨਾਲ ਦੀ ਨਾਲ ਨਾਲ ਸਾਡੇ ਸਿਆਸੀ ਤੇ ਧਾਰਮਿਕ ਆਗੂ ਆਗੂਆਂ ਦੀ ਬਦੌਲਤ ਪੂਰੀ ਕੌਮ ਦਾ ਬੇੜਾ ਗਰਕ ਹੋ ਗਿਆ । ਕਿਉਂਕਿ ਸਾਡੇ ਆਗੂਆਂ ਵੱਲੋਂ ਸਦਾ ਹੀ ਕੁਰਸੀ ਦੀ ਖ਼ਾਤਰ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਰੱਖ ਕੇ ਕੌਮ ਦਾ ਨੁਕਸਾਨ ਕੀਤਾ ਗਿਆ । ਸਾਡੀ ਨੌਜਵਾਨੀ ਪਹਿਲਾਂ ਹੀ ਗਲਤ ਰਸਤੇ ਤੇ ਨਹੀਂ ਤੁਰੀ। ਇਹ ਸਾਡੇ ਆਗੂਆਂ ਦੀ ਬਦੌਲਤ ਵਾਪਰਿਆ ਹੈ । ਸਾਡੇ ਆਗੂਆਂ ਵੱਲੋਂ ਆਪਣੀ ਨਿੱਜੀ ਪਹਿਲ ਨੂੰ ਬਰਕਰਾਰ ਰੱਖ ਕੇ ਵੱਡੇ ਲੋਕਾਂ ਦੇ ਕੰਧੇਰੇ ਚੜ੍ਹ ਕੇ ਚੰਗੀ ਬਣੀ ਖੇਡ ਦਾ ਨਾਸ ਕਰ ਦਿੱਤਾ । ਸਾਡੇ ਆਗੂ ਆਪ ਹੀ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਨਹੀਂ ਚੱਲ ਸਕੇ ਤਾਂ ਉਨ੍ਹਾਂ ਦੇ ਮਗਰ ਨੌਜਵਾਨੀ ਕਿਹੜੇ ਰਾਹ ਤੁਰੇਗੀ ਕਹਿਣ ਦੀ ਲੋੜ ਨਹੀਂ । ਜੋ ਕੁਝ ਸਿੱਖਾਂ ਦੀਆਂ ਨੁਮਾਇੰਦਾ ਜਮਾਤਾਂ ਵੱਲੋਂ ਪਿਛਲੇ ਸਮੇ ਕੀਤਾ ਗਿਆ ਉਹਨਾਂ ਨੂੰ ਵੇਖ ਕੇ ਤਾਂ ਸਿਰਫ ਇੰਨਾ ਹੀ ਆਖਿਆ ਜਾ ਸਕਦਾ ਹੈ ਕਿ ਸਾਡਾ ਤਾਂ ਹੁਣ ਰੱਬ ਹੀ ਰਾਖਾ ਹੈ ।
ਚੰਗਾ ਹੋਵੇ ਜੇਕਰ ਸਾਡੇ ਆਗੂ ਅਤੇ ਅਸੀਂ ਇੱਕ ਪੰਥ ਇੱਕ ਸੋਚ ਦੇ ਧਾਰਨੀ ਬਣੇ ਪੂਰੀ ਕੌਮ ਦੇ ਦੱਸੇ ਮਾਰਗ ਤੇ ਚਲਦਿਆਂ ਆਪਣੇ ਕੰਮ ਧੰਦਿਆਂ ਦੇ ਨਾਲ ਨਾਲ ਕੌਮੀ ਜਜ਼ਬੇ ਵਿੱਚ ਗੜੁੱਚ ਹੋ ਕੇ ਭਾਈ ਪਰਮਪਾਲ ਸਿੰਘ ਹੋਰਾਂ ਦੀ ਤਰ੍ਹਾਂ ਪੰਥਕ ਕਾਰਜ ਕਰਕੇ ਨੌਜਵਾਨਾਂ ਦੀ ਅਗਵਾਈ ਕਰਦਿਆਂ ਪੂਰੀ ਕੌਮ ਪ੍ਰਤੀ ਸ਼ੇਧਤ ਹੋ ਕੇ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਅਨੁਸਾਰ ਜਿੰਦਗੀ ਜਿਊਂਦਿਆਂ ਇਮਾਨਦਾਰੀ ਨਾਲ ਕੌਮੀ ਕਾਰਜ ਕਰਕੇ ਇਕ ਵੱਖਰੀ ਪਿਰਤ ਪਾਉਣ ਦਾ ਯਤਨ ਕਰੀਏ । ਸਾਡੀਆਂ ਅਗਲੀਆਂ ਪੀੜ੍ਹੀਆਂ ਸਾਨੂੰ ਤਾਂ ਹੀ ਮਾਫ ਕਰਨਗੀਆਂ ਜੇਕਰ ਅਸੀਂ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਕੁਝ ਵੱਖਰਾ ਕਰਨ ਦਾ ਯਤਨ ਕਰਾਂਗੇ । ਆਓ ਇੱਕ ਪੰਥ ਇੱਕ ਸੋਚ ਦੇ ਧਾਰਨੀ ਬਣ ਕੇ ਪੂਰੀ ਕੌਮ ਨੂੰ ਇੱਕ ਧਾਗੇ ਵਿੱਚ ਮਾਲਾ ਵਿੱਚ ਪਰੌਣ ਦਾ ਯਤਨ ਕਰੀਏ । ਇਸ ਦੇ ਵਿੱਚ ਹੀ ਸਾਡੀ ਭਲਾਈ ਹੈ । ਬਿਨਾਂ ਸ਼ੱਕ ਵੱਖ-ਵੱਖ ਜਥੇਬੰਦੀਆਂ ਤੇ ਭਾਈ ਪਰਮਪਾਲ ਸਿੰਘ ਹੋਰਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ ।
ਪੰਜਾਬੀ ਲੇਖਕ -
ਸ਼ਿੰਦਰ ਸਿੰਘ ਮੀਰਪੁਰੀ ਕੈਲੀਫ਼ੋਰਨੀਆ ਅਮਰੀਕਾ
5592850841