
-ਅਰਜਨ ਰਿਆੜ (ਮੁੱਖ ਸੰਪਾਦਕ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਇਸਦਾ ਦੀ ਮੁੱਖ ਜ਼ਿੰਮੇਵਾਰੀ ਸਿੱਖੀ ਦਾ ਪ੍ਰਚਾਰ ਪ੍ਰਸਾਰ, ਸਿੱਖ ਪੰਥ ਦੀ ਭਲਾਈ ਅਤੇ ਸਿੱਖ ਮਰਿਆਦਾ ਨੂੰ ਕਾਇਮ ਰੱਖਣਾ ਹੈ। ਇਸਦਾ ਇਤਿਹਾਸ ਬਹੁਤ ਹੀ ਮਾਣ ਮੱਤਾ ਹੈ। ਇਹ ਸੰਸਥਾ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰਦੁਆਰਾ ਸੁਧਾਰ ਲਹਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖ਼ਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਪਿਛਲੇ 9 ਦਹਾਕਿਆਂ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਹੈ। ਪੰਜਾਬ ਦੇ ਦਲਿਤ, ਕਿਸਾਨ, ਕਾਰੀਗਰ ਅਤੇ ਹੋਰ ਸ਼੍ਰੇਣੀਆਂ ਦੇ ਲੋਕ ਸਿੱਖ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਜਥੇਬੰਦ ਹੋਏ। ਖਾਲਸੇ ਦੀ ਸਥਾਪਨਾ ਨਾਲ ਪੰਜਾਬ ਦੀ ਨਾਬਰੀ ਦੀ ਰਵਾਇਤ ਹੋਰ ਮਜਬੂਤ ਹੋਈ ਅਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਥਾਪਿਤ ਹੋਈ ਸਰਕਾਰ ਨੇ ਜਾਗੀਰਦਾਰੀ ਪ੍ਰਥਾ ਨੂੰ ਖ਼ਤਮ ਕਰਨ ਦਾ ਕਾਰਜ ਆਰੰਭਿਆ। ਸਿੱਖ ਗੁਰੂਆਂ ਦੁਆਰਾ ਬਣਾਏ ਗੁਰਦੁਆਰੇ ਪੰਜਾਬ ਦੇ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਬਣੇ ਅਤੇ ਸਿੱਖ ਧਰਮ ਦੇ ਪ੍ਰਸਾਰ ਨਾਲ ਪਿੰਡ-ਪਿੰਡ ਗੁਰਦੁਆਰੇ ਬਣੇ। ਬਹੁਤ ਸਾਰੇ ਗੁਰਦੁਆਰੇ ਸਿੱਖ ਗੁਰੂਆਂ ਅਤੇ ਬਾਅਦ ਵਿਚ ਹੋਏ ਸੰਘਰਸ਼ਾਂ, ਘੱਲੂਘਾਰਿਆਂ, ਬਾਹਰਲੇ ਹਮਲਾਵਰਾਂ ਅਤੇ ਸਥਾਨਕ ਹਾਕਮਾਂ ਵਿਰੁੱਧ ਹੋਈਆਂ ਲੜਾਈਆਂ ਨਾਲ ਸਬੰਧਿਤ ਹੋਣ ਕਾਰਨ ਇਤਿਹਾਸਕ ਹਨ। ਬਹੁਤ ਦੇਰ ਤੱਕ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲਿਆਂ, ਉਦਾਸੀ ਸੰਤਾਂ ਅਤੇ ਕਈ ਹੋਰ ਸੰਪਰਦਾਵਾਂ ਨਾਲ ਸਬੰਧਿਤ ਪੁਜਾਰੀਆਂ ਕੋਲ ਰਿਹਾ। ਸਮਾਂ ਬੀਤਣ ਨਾਲ ਇਸ ਪ੍ਰਬੰਧ ਵਿਚ ਕਮਜ਼ੋਰੀਆਂ ਆਈਆਂ ਅਤੇ ਕਈ ਪੁਜਾਰੀ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਮਾਲਕ ਸਮਝਣ ਲੱਗ ਪਏ। ਅੰਗਰੇਜ਼ ਸਰਕਾਰ ਵੀ ਉਨ੍ਹਾਂ ਮਹੰਤਾਂ ਅਤੇ ਪੁਜਾਰੀਆਂ ਦੀ ਹਮਾਇਤ ਹੀ ਕਰਦੀ ਸੀ।
15 ਨਵੰਬਰ 1920 ਵਾਲੇ ਦਿਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਅਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ’ਚ ਆਇਆ। ਦੋਹਾਂ ਸੰਸਥਾਵਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਅਤੇ ਵੱਖ-ਵੱਖ ਗੁਰਦੁਆਰਿਆਂ ਨੂੰ ਮਹੰਤਾਂ ਤੇ ਪੁਜਾਰੀਆਂ ਦੇ ਸ਼ਿਕੰਜੇ ’ਚੋਂ ਛੁਡਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਗੁਰਦੁਆਰਾ ਸੁਧਾਰ ਲਹਿਰ ਦਾ ਖਾਸਾ ਬਸਤੀਵਾਦੀ-ਵਿਰੋਧੀ ਸੀ। ਤਰਨ ਤਾਰਨ ਸਾਹਿਬ, ਨਨਕਾਣਾ ਸਾਹਿਬ, ਗੁਰੂ ਕਾ ਬਾਗ਼, ਜੈਤੋ ਦੇ ਮੋਰਚੇ ਤੇ ਹੋਰ ਮੋਰਚਿਆਂ ਵਿਚ ਕੁਰਬਾਨੀਆਂ ਦੀ ਦਾਸਤਾਨ ਲਾਸਾਨੀ ਹੈ। ਇਹ ਮੋਰਚੇ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚਲਾਏ ਗਏ। ਸੈਂਕੜੇ ਸਿੱਖ ਆਗੂ ਤੇ ਅਕਾਲੀ ਕਾਰਕੁੰਨਾਂ ਨੇ ਜੇਲ੍ਹਾਂ ਕੱਟੀਆਂ ਤੇ ਸ਼ਹੀਦੀਆਂ ਦਿੱਤੀਆਂ। ਜਦ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਨਾਲ ਸਬੰਧਿਤ ਚਾਬੀਆਂ ਦੇ ਮੋਰਚੇ ’ਚ ਅੰਗਰੇਜ਼ ਸਰਕਾਰ ਨੇ ਚਾਬੀਆਂ ਵਾਪਸ ਬਾਬਾ ਖੜਕ ਸਿੰਘ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਤਾਂ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦੀ ਤਾਰ ਦਿੱਤੀ, ‘‘ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁੰਨ ਲੜਾਈ ਜਿੱਤੀ ਗਈ, ਵਧਾਈਆਂ।’’ 1925 ਵਿਚ ਗੁਰਦੁਆਰਾ ਐਕਟ ਹੋਂਦ ਵਿਚ ਆਇਆ।
ਸੰਨ 1925 ਵਿਚ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ-1925 ਰਾਹੀਂ ਸਿੱਖ ਪੰਥ ਦੀ ਇਸ ਪ੍ਰਤੀਨਿਧ ਸੰਸਥਾ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ। ਇਸ ਅਨੁਸਾਰ ਚੋਣ ਪ੍ਰਕਿਰਿਆ ਤਹਿਤ 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚੋਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ ਦੇਸ਼ ਭਰ ਵਿੱਚੋਂ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਬਿਨਾ ਚੋਣ ਤੋਂ ਕਮੇਟੀ ਦੇ ਮੈਂਬਰ ਹੁੰਦੇ ਹਨ। ਮੈਂਬਰਾਂ ਦੀ ਕੁਲ ਗਿਣਤੀ 191 ਹੁੰਦੀ ਹੈ। ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹਰ ਸਾਲ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 15 ਮੈਂਬਰੀ ਅੰਤਿ੍ਰੰਗ ਕਮੇਟੀ ਚੁਣੀ ਜਾਂਦੀ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੰਗਤ ਦੁਆਰਾ ਚੁਣੇ ਹੋਏ ਨੁਮਾਇੰਦੇ ਕਰਦੇ ਹਨ।
ਸੰਪਾਦਕੀ ਲੇਖ ਵਿਚ ਐੱਸ.ਜੀ.ਪੀ.ਸੀ. ਦਾ ਸੰਖੇਪ ਇਤਿਹਾਸ ਇਸ ਲਈ ਦੱਸਿਆ ਗਿਆ ਕਿਉਂਕਿ ਨਵੀਂ ਪੀੜ੍ਹੀ ਦੇ ਪਾਠਕ ਵੀ ਇਹ ਜਾਣ ਸਕਣ ਕਿ ਅੱਜ ਹਜ਼ਾਰਾਂ ਦੋਸ਼ਾਂ ਵਿਚ ਘਿਰੀ ਐੱਸ.ਜੀ.ਪੀ.ਸੀ. ਦਾ ਪਿਛੋਕੜ ਕਿੰਨਾ ਅਮੀਰ ਹੈ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਘਾਗ ਸਿਆਸਤਦਾਨ ਪਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਆਈ ਉਦੋਂ ਤੋਂ ਐੱਸ.ਜੀ.ਪੀ.ਸੀ. ਦੀ ਹੋਂਦ ਅਜ਼ਾਦੀ ਵਾਲੀ ਨਹੀਂ ਰਹੀ। ਪਰਕਾਸ਼ ਸਿੰਘ ਬਾਦਲ ਨੇ ਐੱਸ.ਜੀ.ਪੀ.ਸੀ. ਉੱਪਰ ਹਮੇਸ਼ਾ ਹੀ ਦਬਾਅ ਬਣਾ ਕੇ ਰੱਖਿਆ। ਪ੍ਰਧਾਨਗੀ ਦੀ ਚੋਣਾਂ ਉਹਨਾਂ ਵਲੋਂ ਭੇਜੇ ਗਏ ਜੇਬ ’ਚੋਂ ਕੱਢੇ ਗਏ ਲਿਫ਼ਾਫੇ ਅਨੁਸਾਰ ਹੁੰਦੀ ਰਹੀ। ਪਿਛਲੇ ਸਾਲ ਬੀਬੀ ਜਗੀਰ ਕੌਰ ਵਲੋਂ ਪਾਏ ਗਏ ਖਰੂਦ ਤੋਂ ਬਾਅਦ ਹੁਣ ਕੁਝ ਅਕਾਲੀ ਦਲ ਕੁਝ ਬਦਲਿਆ ਲੱਗਦਾ ਜਿਹੜਾ ਉਹਨਾਂ ਇਸ ਵਾਰ ਪਹਿਲਾਂ ਹੀ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਲਈ ਆਪਣੇ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ, ਯਕੀਨਨ ਹੀ ਹੈ ਕਿ ਕੱਲ੍ਹ 8 ਨਵੰਬਰ ਨੂੰ ਹੋਣ ਵਾਲੀ ਚੋਣ ਵਿਚ ਉਹੀ ਜੇਤੂ ਵੀ ਰਹਿਣਗੇ।
ਜੇਕਰ ਅਸੀਂ ਐੱਸ.ਜੀ.ਪੀ.ਸੀ. ਦੀ ਕਾਰਗੁਜ਼ਾਰੀ ਉੱਤੇ ਨਜ਼ਰ ਮਾਰੀਏ ਤਾਂ ਸਭ ਨੂੰ ਪਤਾ ਹੈ ਕਿ ਕੀ ਕੀ ਹੋ ਰਿਹਾ ਹੈ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋ ਜਾਂਦੇ ਹਨ ਅਤੇ ਕਦੇ ਕੋਈ ਘਪਲਾ ਬਾਹਰ ਨਿਕਲ ਆਉਂਦਾ ਹੈ। ਦੁਨੀਆਂ ’ਚ ਵਸਦੇ ਸਿੱਖਾਂ ਨੂੰ ਪੰਜਾਬ ਹੀ ਆਪਣਾ ਘਰ ਜਾਪਦਾ ਹੈ ਪਰ ਜੇਕਰ ਨਜ਼ਰ ਮਾਰ ਕੇ ਦੇਖੀਏ ਤਾਂ ਸਿੱਖ ਕਿੰਨੇ ਕੁ ਨਜ਼ਰ ਆਉਂਦੇ ਹਨ? ਨਵੀਂ ਪੀੜ੍ਹੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਬੋਲਣ ਉੱਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ। ਐੱਸ.ਜੀ.ਪੀ.ਸੀ. ਪੰਜਾਬ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਿਚ ਬਿਲਕੁਲ ਫੇਲ ਸਾਬਤ ਹੋ ਰਹੀ ਹੈ। ਸਿਰਫ ਗੋਲਕ ਦਾ ਫ਼ਿਕਰ ਹੀ ਐੱਸ.ਜੀ.ਪੀ.ਸੀ. ਨੂੰ ਕੁਝ ਕਰਨ ਨਹੀਂ ਦਿੰਦਾ। ਗੋਲਕ ਦੇ ਕਾਟੋ ਕਲੇਸ਼ ਸਿੱਖੀ ਦੇ ਪ੍ਰਚਾਰ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਣ ਦਿੰਦੇ। ਕੁਝ ਮਹੀਨੇ ਹੀ ਭਾਈ ਅੰਮਿ੍ਰਤਪਾਲ ਸਿੰਘ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਉਹਨਾਂ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਅੰਮਿ੍ਰਤ ਛਕਣ ਦਾ ਸੱਦਾ ਦਿੱਤਾ ਤਾਂ ਸੈਂਕੜੇ ਨੌਜਵਾਨ ਤਿਆਰ ਹੋ ਗਏ। ਉਹ ਵੱਖਰੀ ਗੱਲ ਹੈ ਕਿ ਉਹਨੇ ਆਪਣੇ ਟੀਚੇ ਨੂੰ ਅੰਮਿ੍ਰਤ ਛਕਾਉਣ ਤੋਂ ਹਟਾ ਕੇ ਖਾਲਿਸਤਾਨ ਵੱਲ ਕਰ ਲਿਆ ਜਿਸ ਕਾਰਨ ਉਹ ਬਹੁਤਾ ਚਿਰ ਸਮਾਜ ਵਿਚ ਵਿਚਰ ਨਾ ਸਕਿਆ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਬੈਠਾ। ਪਰ ਭਾਈ ਅੰਮਿ੍ਰਤਪਾਲ ਸਿੰਘ ਤੋਂ ਐੱਸ.ਜੀ.ਪੀ.ਸੀ. ਸਿੱਖਿਆ ਲੈ ਸਕਦੀ ਹੈ ਕਿ ਜੇਕਰ ਅੰਮਿ੍ਰਤ ਛਕਣ ਲਈ ਨਵੀਂ ਪੀੜ੍ਹੀ ਨੂੰ ਹੋਕਾ ਦਿੱਤਾ ਜਾਵੇ ਤਾਂ ਉਹ ਗੁਰੂ ਵਾਲੇ ਬਣਨ ਲਈ ਤਿਆਰ ਹੈ ਪਰ ਰਾਹ ਦਸੇਰਾ ਹੀ ਕੋਈ ਨਹੀਂ ਬਣ ਰਿਹਾ।
ਕੁਝ ਦਿਨ ਪਹਿਲਾਂ ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੌਮ ਦੇ ਨਾਮ ਸੰਦੇਸ਼ ਆਇਆ ਕਿ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਲਈ ਵੋਟਾਂ ਬਣਾਈਆਂ ਜਾਣ। ਵੋਟਾਂ ਦਾ ਸੰਦੇਸ਼ ਤਾਂ ਆ ਗਿਆ ਪਰ ਕਦੇ ਗੁਰੂ ਲੜ ਲੱਗਣ ਦੀ ਪ੍ਰਧਾਨ ਸਾਹਿਬ ਵਲੋਂ ਮੁਹਿੰਮ ਨਹੀਂ ਚਲਾਈ ਗਈ। ਪਿੰਡਾਂ ਵਿਚ ਹਾਲਾਤ ਦੇਖਣ ਵਾਲੇ ਹਨ ਕਿ ਕੋਈ ਕੋਈ ਨੌਜਵਾਨ ਹੀ ਦਸਤਾਰ ਵਾਲ ਦਿਖਾਈ ਦਿੰਦਾ ਹੈ। ਕਬੱਡੀ ਦੀਆਂ ਟੀਮਾਂ ’ਚ ਕੋਈ ਇਕ ਅੱਧਾ ਸਰਦਾਰ ਖਿਡਾਰੀ ਹੁੰਦਾ ਹੈ ਹਰ ਪਾਸੇ ਬੋਦੇ ਵਾਲੇ ਹੀ ਦਿਖਾਈ ਦਿੰਦੇ ਹਨ। ਭਾਵੇਂ ਦਿਲ ਵਿਚ ਸਿੱਖੀ ਹੋਵੇ ਪਰ ਬਾਣਾ ਦੂਜਿਆਂ ਨਾਲੋਂ ਵੱਖ ਕਰਦਾ ਹੈ।
ਸੋ ਐੱਸ.ਜੀ.ਪੀ.ਸੀ. ਦੀ ਪ੍ਰਧਾਨਗੀ ਦੀ ਚੋਣ ਵੀ ਹੋ ਜਾਵੇਗੀ ਅਤੇ ਆਉਣ ਵਾਲੀਆਂ ਆਮ ਚੋਣਾਂ ਵੀ ਆ ਜਾਣਗੀਆਂ ਪਰ ਪੜਚੋਲ ਇਹ ਕਰਨੀ ਹੋਵੇਗੀ ਕਿ ਕੀ ਐੱਸ.ਜੀ.ਪੀ.ਸੀ. ਆਪਣਾ ਬਣਦਾ ਫਰਜ਼ ਅਦਾ ਕਰ ਰਹੀ ਹੈ, ਜੇ ਨਹੀਂ ਤਾਂ ਸੁਧਾਰ ਕਿਵੇਂ ਹੋਵੇ? ਆਮੀਨ!