
-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ ਦੀ ਸੱਤਾ ਉੱਤੇ ਕਾਬਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਦਿੱਲੀ ਮਾਡਲ ਦੀ ਉਦਾਹਰਣ ਦਿੰਦਿਆਂ ਪੰਜਾਬ ਦੇ ਸਕੂਲਾਂ ਦੀ ਦਸ਼ਾ ਸੁਧਾਰਨ ਦਾ ਐਲਾਨ ਕੀਤਾ ਸੀ। ਵੋਟਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਵੀ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਕੂਲਾਂ ਵਿਚ ਆ ਕੇ ਇਹਨਾਂ ਦੀ ਹਾਲਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਂਦੇ ਰਹੇ ਹਨ। ਪਰ ਜਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਵੀ ਲਗਭਗ ਡੇਢ ਸਾਲ ਹੋ ਚੱੁਕਾ ਹੈ ਤਾਂ ਅਜੇ ਤੱਕ ਵੀ ਪੰਜਾਬ ਵਿਚ ਕਿਸੇ ਵੀ ਸਕੂਲ ਦੀ ਦਸ਼ਾ ਸੁਧਰੀ ਦਿਖਾਈ ਨਹੀਂ ਦਿੰਦੀ। ਪਾਠਕਾਂ ਨੇ ਖਬਰ ਜ਼ਰੂਰ ਪੜ੍ਹੀ ਹੋਣੀ ਹੈ ਅਤੇ ਬੱਦੋਵਾਲ ਦੇ ਸਰਕਾਰੀ ਸਕੂਲ ਦਾ ਲੈਂਟਰ ਡਿੱਗਣ ਨਾਲ ਇਕ ਅਧਿਆਪਕਾ ਦੀ ਮੌਤ ਹੋ ਗਈ। ਇਹ ਤਾਂ ਸ਼ੁਕਰ ਸੀ ਕਿ ਵਿਦਿਆਰਥੀਆਂ ਦੇ ਕਮਰੇ ਦਾ ਲੈਂਟਰ ਨਹੀਂ ਡਿੱਗ ਪਿਆ ਨਹੀਨ ਤਾਂ ਬਹੁਤ ਸਾਰੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ। ਇੱਥੋਂ ਦੇ ਸਰਕਾਰੀ ਸੀ. ਸੈ. ਸਕੂਲ ਦਾ ਲੈਂਟਰ ਡਿੱਗਣ ਨਾਲ ਵਾਪਰੇ ਹਾਦਸੇ ਤੋਂ ਬਾਅਦ ਸੋਮਵਾਰ ਤੋਂ ਸਕੂਲ ਖੁੱਲ੍ਹਣ ਸਬੰਧੀ ਸਾਰਾ ਦਿਨ ਦੁਚਿੱਤੀ ਦੀ ਸਥਿਤੀ ਬਰਕਰਾਰ ਰਹੀ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿਨ ਭਰ ਚੱਲੇ ਵਿਚਾਰ-ਵਟਾਂਦਰੇ ਤੋਂ ਬਾਅਦ ਰਾਤ ਕਰੀਬ 11.45 ਵਜੇ ਫੈਸਲਾ ਲਿਆ ਗਿਆ ਕਿ ਸਕੂਲ ਦੀ ਇਮਾਰਤ ਅਗਲੇ ਹੁਕਮਾਂ ਤੱਕ ਸੀਲ ਰਹੇਗੀ ਜਦ ਕਿ ਇੱਥੇ ਪੜ੍ਹਦੇ 630 ਦੇ ਕਰੀਬ ਵਿਦਿਆਰਥੀਆਂ ਦੀਆਂ ਕਲਾਸਾਂ ਸੋਮਵਾਰ ਤੋਂ ਨਿਯਮਤ ਤੌਰ ’ਤੇ ਸ਼ੁਰੂ ਹੋ ਜਾਣਗੀਆਂ। ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਸਿੱਖਿਆ ਵਿਭਾਗ ਨੇ ਪਿੰਡ ਬੱਦੋਵਾਲ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਵਿਦਿਆਰਥੀਆਂ ਲਈ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐੱਲ. ਕੇ. ਜੀ. ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪ੍ਰਾਇਮਰੀ ’ਚ ਐਡਜਸਟ ਕੀਤਾ ਜਾਵੇਗਾ ਅਤੇ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਡਲ ਸਕੂਲ ’ਚ ਗਿਣਤੀ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਵੇਗਾ। ਜਦ ਕਿ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਵਿਖੇ ਲੱਗਣਗੀਆਂ। ਹਾਲਾਂਕਿ ਇਸ ਬਾਰੇ ਸਪੱਸ਼ਟ ਜਾਣਕਾਰੀ ਸੋਮਵਾਰ ਨੂੰ ਅਡਜਸਟਮੈਂਟ ਦਾ ਫੈਸਲਾ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ ਪਰ ਫ਼ਿਲਹਾਲ ਸਾਰਾ ਦਿਨ ਵਿਭਾਗ ਦਾ ਧਿਆਨ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨ ’ਤੇ ਲੱਗਾ ਰਿਹਾ।
ਜਾਣਕਾਰੀ ਅਨੁਸਾਰ ਬੱਦੋਵਾਲ ਦੇ ਇਸ ਸਰਕਾਰੀ ਸਕੂਲ ਨੂੰ ਡੀ. ਸੀ. ਦੇ ਹੁਕਮਾਂ ਤੋਂ ਬਾਅਦ ਹਾਦਸੇ ਵਾਲੇ ਦਿਨ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ, ਜਿਸ ਦੀ ਇਮਾਰਤ ਦੇ 100 ਮੀਟਰ ਦੇ ਘੇਰੇ ’ਚ ਵੀ ਜਾਣ ਦੀ ਮਨਾਹੀ ਹੈ ਪਰ ਸੋਮਵਾਰ ਨੂੰ ਜਦੋਂ ਸੂਬੇ ਭਰ ਦੇ ਸਾਰੇ ਸਕੂਲ 4 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹ ਰਹੇ ਹਨ ਤਾਂ ਇਸ ਸਕੂਲ ਦੇ ਮਾਪਿਆਂ ਕੋਲ ਵੀ ਸਵਾਲ ਸੀ ਕਿ ਹੁਣ ਉਨ੍ਹਾਂ ਦੇ ਬੱਚੇ ਕਿੱਥੇ ਪੜ੍ਹਣਗੇ? ਇਸ ਸਬੰਧੀ ਪ੍ਰਸ਼ਾਸਨਿਕ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸ਼ਨੀਵਾਰ ਤੋਂ ਹੀ ਮੀਟਿੰਗਾਂ ਕਰਨ ਵਿਚ ਲੱਗੇ ਹੋਏ ਸਨ। ਐਤਵਾਰ ਨੂੰ ਪਿੰਡ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ’ਚ ਕਲਾਸਾਂ ਲਗਾਉਣ ਦੀ ਗੱਲ ਨੂੰ ਅੰਤਿਮ ਰੂਪ ਦਿੰਦਿਆਂ ਜ਼ਿਲਾ ਸਿੱਖਿਆ ਵਿਭਾਗ ਨੇ ਪ੍ਰਸਤਾਵ ਸਰਕਾਰ ਨੂੰ ਮਨਜ਼ੂਰੀ ਲਈ ਭੇਜਿਆ ਸੀ, ਜਿਸ ਦੀ ਮਨਜ਼ੂਰੀ ਲਈ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਹੋਈ। ਦੇਰ ਰਾਤ ਪੌਣੇ 11 ਵਜੇ ਸੂਚਨਾ ਮਿਲੀ ਕਿ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਲਈ ਜਗ੍ਹਾ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸ ਦੀ ਸੂਚਨਾ ਬੱਦੋਵਾਲ ਸਕੂਲ ਦੇ ਸਟਾਫ ਨੂੰ ਵੀ ਭੇਜ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਹਦਾਇਤਾਂ ’ਤੇ ਚੱਲਦਿਆਂ ਸਕੂਲ ਦੇ ਅਧਿਆਪਕਾਂ ਨੇ ਮਾਪਿਆਂ ਦੇ ਵਟਸਐਪ ਗਰੁੱਪਾਂ ’ਤੇ ਜਾਣਕਾਰੀ ਭੇਜ ਦਿੱਤੀ ਹੈ ਕਿ ਸੋਮਵਾਰ ਤੋਂ ਬੱਚਿਆਂ ਦੀ ਪੜ੍ਹਾਈ ਕਿੱਥੇ-ਕਿੱਥੇ ਸ਼ੁਰੂ ਹੋ ਰਹੀ ਹੈ?
ਇਹ ਤਾਂ ਇਕ ਸਕੂਲ ਦੀ ਗੱਲ ਸੀ ਪਰ ਜੇਕਰ ਧਿਆਨ ਮਾਰਿਆ ਜਾਵੇ ਤਾਂ ਪਿੰਡੋ ਪਿੰਡੀ ਇਹੀ ਹਾਲ ਹੈ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਖਸਤਾ ਹਾਲਤ ਵਿਚ ਹਨ ਅਤੇ ਕਦੇ ਵੀ ਭਾਣਾ ਵਾਪਰ ਸਕਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਉਹਨਾਂ ਨੇ ਆਪਣੇ ਚੋਣ ਵਾਅਦੇ ਵਿਚ ਪ੍ਰਚਾਰ ਕੀਤਾ ਸੀ ਕਿ ਉਹ ਪੰਜਾਬ ਵਿਚ ਵਿੱਦਿਆ ਦਾ ਪੱਦਰ ਬਹੁਤ ਉੱਚਾ ਕਰ ਦੇਣਗੇ, ਉਸਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਸਭ ਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਲੋੜਵੰਦ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ ਅਤੇ ਇਹਨਾਂ ਸਕੂਲਾਂ ਵਿਚ ਸਹੂਲਤਾਂ ਦੀ ਘਾਟ ਕਾਰਨ ਗਰੀਬ ਬੱਚਿਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਅਗਲਾ ਹਾਦਸਾ ਉਡੀਕਣ ਤੋਂ ਪਹਿਲਾਂ ਜੇਕਰ ਕੁਝ ਕਰਦੇ ਹਨ ਤਾਂ ਉਹਨਾਂ ਦਾ ਬਹੁਤ ਧੰਨਵਾਦ ਹੋਵੇਗਾ। ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਨੀਂਦ ਵਿਚੋਂ ਜਾਗ ਕੇ ਬੱਚਿਆਂ ਖੋਹ ਹੋਈ ਨੀਂਦ ਵਾਪਸ ਕਰਨ ਵਿਚ ਭੂਮਿਕਾ ਨਿਭਾਏਗੀ। ਆਮੀਨ!