.jpg)
ਅੱਜ ਅਸੀਂ ਬੀਤੇ ਵਰ੍ਹੇ ਦੀ ਮੁਕੰਮਲਤਾ ਅਤੇ ਨਵੇਂ ਵਰੇ੍ਹ ਦੀ ਸ਼ੁਰੂਆਤ ਦੀ ਦਹਿਲੀਜ਼ ਉੱਤੇ ਖੜ੍ਹੇ ਹਾਂ। ਮਨੁੱਖਤਾ ਦਾ ਅਸੂਲ ਹੈ ਕਿ ਜੇਕਰ ਮੰਨੀਏ ਤਾਂ ਸਭ ਕੁਝ ਹੈ ਜੇ ਨਾ ਮੰਨੀਏ ਤਾਂ ਕੁਝ ਵੀ ਨਹੀਂ। ਭਾਵ ਨਵੇਂ ਸਾਲ ਨਾਲ ਕੁਝ ਫ਼ਰਕ ਤਾਂ ਨਹੀਂ ਪੈਣਾ ਹੁੰਦਾ ਸਿਰਫ ਕੈਲੰਡਰ ਉੱਤੇ ਤਰੀਕ ਹੀ ਬਦਲਣੀ ਹੁੰਦੀ ਹੈ ਪਰ ਜੇਕਰ ਇਸਨੂੰ ਮੰਨਿਆ ਜਾਵੇ ਤਾਂ ਇਸਦਾ ਸਾਡੇ ਜੀਵਨ ਨਾਲ ਬਹੁਤ ਵੱਡਾ ਸਬੰਧ ਵੀ ਬਣਦਾ ਹੈ।
ਨਵਾਂ ਸਾਲ ਮਨਾਉਣ ਲਈ ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਗ੍ਰੇਗੋਰੀਅਨ ਕੈਲੰਡਰ ਦਾ ਪਾਲਣ ਕਰਦੀ ਹੈ ਅਤੇ ਇਸ ਦੇ ਅਨੁਸਾਰ 31 ਦਸੰਬਰ ਨੂੰ ਇੱਕ ਸਾਲ ਖ਼ਤਮ ਹੁੰਦਾ ਹੈ ਅਤੇ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। 1 ਜਨਵਰੀ ਤੋਂ ਸਾਲ ਦੀ ਸ਼ੁਰੂਆਤ ਨੂੰ ਹੀ ਨਵਾਂ ਸਾਲ ਕਿਹਾ ਜਾਂਦਾ ਹੈ। ਇਸ ਦਿਨ ਦੁਨੀਆ ਭਰ ਵਿੱਚ ਛੁੱਟੀ ਹੁੰਦੀ ਹੈ। ਹਾਲਾਂਕਿ ਕੁਝ ਦੇਸ਼ਾਂ ਜਿਵੇਂ ਕਿ ਚੀਨ ਦਾ ਆਪਣਾ ਵੱਖਰਾ ਕੈਲੰਡਰ ਹੈ ਅਤੇ ਉਸ ਕੈਲੰਡਰ ਦੇ ਅਨੁਸਾਰ ਚੀਨੀ ਲੋਕ 01 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਉਂਦੇ।
ਦਹਾਕਿਆਂ ਤੋਂ ਦੁਨੀਆ ਭਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਮੇਸੋਪੋਟਾਮੀਆ ਦੇ ਬੇਬੀਲੋਨ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਦਿਨ ਦੀ ਮੂਲ ਸ਼ੁਰੂਆਤ ਰੋਮਨ ਤੋਂ ਹੋਈ ਸੀ। ਰੋਮਨ ਬਾਦਸ਼ਾਹ ਨੁਮਾ ਪੋਪਿਲੀਅਸ ਨੇ ਲੱਗਭੱਗ 673 ਤੋਂ 715 ਈਸਵੀ ਪੂਰਵ ਰੋਮਨ ਰਿਪਬਲਿਕ ਕੈਲੰਡਰ ਵਿੱਚ ਸੋਧਾਂ ਕੀਤੀਆਂ ਸਨ, ਤਾਂ ਜੋ ਨਵਾਂ ਸਾਲ ਮਾਰਚ ਦੇ ਮਹੀਨੇ ਦੀ ਬਜਾਏ ਜਨਵਰੀ ਦੇ ਮਹੀਨੇ ਵਿੱਚ ਮਨਾਇਆ ਜਾ ਸਕੇ। ਇਸ ਤੋਂ ਬਾਅਦ 46 ਈਸਵੀ ਪੂਰਵ ਵਿੱਚ ਜੂਲਿਅਸ ਸੀਜਰ ਨੇ ਕੈਲੰਡਰ ਵਿੱਚ ਹੋਰ ਬਦਲਾਅ ਕੀਤੇ। ਹਾਲਾਂਕਿ, ਇਸ ਜੂਲੀਅਨ ਕੈਲੰਡਰ ਵਿੱਚ 1 ਜਨਵਰੀ ਨੂੰ ਸਾਲ ਦੀ ਸ਼ੁਰੂਆਤ ਦੇ ਤੌਰ ’ਤੇ ਬਰਕਰਾਰ ਰੱਖਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਮੌਕੇ ’ਤੇ ਤੋਹਫ਼ਿਆਂ ਦੇ ਲੈਣ-ਦੇਣ ਦਾ ਰਿਵਾਜ਼ ਸੱਤਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ। ਹੌਲ਼ੀ-ਹੌਲ਼ੀ ਈਸਾਈ ਧਰਮ ਦੇ ਲੋਕਾਂ ਨੇ ਵੀ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਚੀਨ ਅਜੇ ਵੀ ਇੱਕ ਅਜਿਹਾ ਦੇਸ਼ ਹੈ, ਜੋ ਆਪਣੇ ਚੰਦਰ ਕੈਲੰਡਰ ਅਨੁਸਾਰ ਚੀਨੀ ਨਵਾਂ ਸਾਲ ਮਨਾਉਂਦਾ ਹੈ। ਇੱਥੋਂ ਤੱਕ ਕਿ ਕਈ ਦੇਸ਼ਾਂ ਵਿੱਚ ਗ੍ਰੇਗੋਰੀਅਨ ਕੈਲੰਡਰ ਤੋਂ ਇਲਾਵਾ ਪਾਰੰਪਰਿਕ ਜਾਂ ਧਾਰਮਿਕ ਕੈਲੰਡਰ ਵੀ ਵਰਤੇ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਦੇਸ਼ਾਂ ਨੇ ਕਦੇ ਵੀ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾਇਆ ਹੀ ਨਹੀਂ ਹੈ ਅਤੇ ਉਹ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਉਂਦੇ। ਇਸ ਸੂਚੀ ਵਿੱਚ ਇਥੋਪੀਆ ਦਾ ਨਾਮ ਵੀ ਸ਼ਾਮਲ ਹੈ, ਜੋ ਆਪਣਾ ਨਵਾਂ ਸਾਲ ਸਤੰਬਰ ਦੇ ਮਹੀਨੇ ਵਿੱਚ ਮਨਾਉਂਦਾ ਹੈ।
ਭੁਗੋਲਿਕ ਤੌਰ ’ਤੇ ਸਭ ਤੋਂ ਪਹਿਲਾਂ ਓਸੀਨੀਆ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਨਵੇਂ ਸਾਲ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂਆਂ, ਜਿਵੇਂ ਕਿ ਤੋਂਗਾ, ਸਾਮੋਆ ਅਤੇ ਕਿਰੀਬਾਤੀ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੁੰਦਾ ਹੈ ਅਤੇ ਫ਼ੇਰ ਆਸਟ੍ਰੇਲੀਆ, ਜਪਾਨ ਅਤੇ ਦੱਖਣੀ ਕੋਰੀਆ ਦਾ ਨਾਮ ਆਉਂਦਾ ਹੈ। ਸਭ ਤੋਂ ਅਖੀਰ ਵਿੱਚ ਨਵਾਂ ਸਾਲ ਬੇਕਰਜ ਟਾਪੂ ’ਤੇ ਮਨਾਇਆ ਜਾਂਦਾ ਹੈ, ਜੋ ਕਿ ਕੇਂਦਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ।
ਜਿਵੇਂ ਕਿ ਲੇਖ ਦੇ ਸ਼ੁਰੂਆਤ ਵਿਚ ਕਿਹਾ ਗਿਆ ਕਿ ਜੇਕਰ ਮੰਨੀਏ ਤਾਂ ਸਭ ਕੁਝ ਹੈ ਜੇਕਰ ਨਾ ਮੰਨੀਏ ਤਾਂ ਕੁਝ ਵੀ ਨਹੀਂ। ਬਹੁਤੇ ਲੋਕਾਂ ਲਈ ਨਵਾਂ ਸਾਲ ਇਕ ਟੀਚੇ ਵਜੋਂ ਹੁੰਦਾ ਹੈ ਤੇ ਉਹ ਆਪਣੇ ਸਾਲ ਭਰ ਦੇ ਕੰਮਾਂਕਾਰਾਂ ਅਤੇ ਕਾਮਯਾਬੀ ਦੀ ਪੜਚੋਲ ਕਰਦੇ ਹਨ। ਬਹੁਤੇ ਲੋਕ ਨਵੇਂ ਸਾਲ ਨੂੰ ਆਪਣੇ ਸਕੇ ਸਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ ਸੱਜਣਾਂ ਜਾਂ ਅਫ਼ਸਰਾਂ ਨਾਲ ਆਪਣੇ ਨੇੜਤਾ ਵਧਾਉਣ ਲਈ ਵਰਤਦੇ ਹਨ। ਹਰ ਇਕ ਦੀ ਜ਼ਿੰਦਗੀ ਵਿਚ ਖੁਸ਼ੀਆਂ ਬਹੁਤ ਹੀ ਘੱਟ ਹੁੰਦੀਆਂ ਹਨ ਅਤੇ ਦੁੱਖ ਬਹੁਤ ਜ਼ਿਆਦਾ। ਇਸ ਲਈ ਨਵਾਂ ਸਾਲ ਕਈਆਂ ਲਈ ਖੁਸ਼ੀ ਦਾ ਕਾਰਨ ਬਣਦਾ ਹੈ ਅਤੇ ਉਹ ਇਸ ਨੂੰ ਮਨਾ ਕੇ ਆਪਣੀ ਰੂਹ ਰਾਜ਼ੀ ਕਰਦੇ ਹਨ। ਸਿੱਖ ਪੰਥ ਦਾ ਆਪਣਾ ਨਾਨਕਸ਼ਾਹੀ ਕੈਲੰਡਰ ਹੈ ਪਰ ਫਿਰ ਵੀ ਪੂਰੀ ਦੁਨੀਆਂ ਵਿਚ ਵਸਦੇ ਸਿੱਖ ਅਜੋਕੇ ਕੈਲੰਡਰ ਦੇ ਅਨੁਸਾਰ ਵੀ ਨਵਾਂ ਸਾਲ ਮਨਾਉਂਦੇ ਹਨ ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੀ। ਨਵਾਂ ਸਾਲ ਆਪਣੇ ਆਪ ਵਿਚ ਭਾਵੇਂ ਕੁਝ ਨਾ ਵੀ ਹੋਵੇ ਪਰ ਇਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ, ਦੂਜਿਆਂ ਨਾਲ ਨੇੜਤਾ ਵਧਾਉਣ, ਰੱੁਸਿਆਂ ਨੂੰ ਮਨਾਉਣ ਅਤੇ ਆਉਣ ਵਾਲੇ ਸਮੇਂ ਲਈ ਨਵੇਂ ਟੀਚੇ ਨਿਰਧਾਰਤ ਕਰਨ ਦਾ ਇਕ ਕਾਰਨ ਜ਼ਰੂਰ ਬਣਦਾ ਹੈ। ਸੋ ਆਓ ਸਾਰੇ ਬੀਤੇ ਸਾਲ 2024 ਵਿਚ ਜੋ ਗਲਤੀਆਂ ਹੋਈਆਂ ਉਹਨਾਂ ਤੋਂ ਕੁਝ ਸਿੱਖੀਏ, ਜੋ ਨਹੀਂ ਕਰ ਸਕੇ ਉਹ ਨਵੇਂ ਸਾਲ ਵਿਚ ਕਰਨ ਦਾ ਤਹੱਈਆ ਕਰੀਏ, ਨਵੇਂ ਸਾਲ 2025 ਦੀ ਸੁਖਦ ਆਮਦ ਦੀ ਅਰਦਾਸ ਕਰੀਏ ਅਤੇ ਕਾਮਨਾ ਕਰੀਏ ਕਿ ਸਮੱੁਚੀ ਧਰਤੀ ਯੁੱਧਾਂ, ਲੜਾਈਆਂ ਅਤੇ ਨਫ਼ਰਤ ਦੇ ਦੌਰ ਵਿਚ ਬਾਹਰ ਨਿਕਲੇ। ਸਾਡੇ ਵਲੋਂ ਆਪ ਸਭ ਪਾਠਕਾਂ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ, ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ। ਆਮੀਨ!