ਸਰਬ ਪਾਰਟੀ ਮੀਟਿੰਗ: ਮਹਿਲਾ ਰਾਖਵਾਂਕਰਨ ਬਿੱਲ ਦੀ ਵਕਾਲਤ

ਸਰਬ ਪਾਰਟੀ ਮੀਟਿੰਗ: ਮਹਿਲਾ ਰਾਖਵਾਂਕਰਨ ਬਿੱਲ ਦੀ ਵਕਾਲਤ

ਨਵੀਂ ਦਿੱਲੀ-ਸੰਸਦ ਦੇ ਭਲਕ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਸਰਕਾਰ ਵੱਲੋਂ ਅੱਜ ਸੱਦੀ ਸਰਬ ਪਾਰਟੀ ਬੈਠਕ ਵਿੱਚ ਕਈ ਸਿਆਸੀ ਪਾਰਟੀਆਂ ਨੇ ਮਹਿਲਾ ਰਾਖਵਾਂਕਰਨ ਬਿੱਲ ਦੀ ਜ਼ੋਰਦਾਰ ਵਕਾਲਤ ਕੀਤੀ। ਹਾਲਾਂਕਿ ਸਰਕਾਰ ਨੇ ਵੀ ਜ਼ੋਰ ਦੇ ਕੇ ਆਖਿਆ ਕਿ ‘‘ਉਹ ਇਸ ਬਾਰੇ ਢੁੱਕਵੇਂ ਸਮੇਂ ’ਤੇ ਢੁੱਕਵਾਂ ਫੈਸਲਾ ਲਏਗੀ।’’ ਵਿਸ਼ੇਸ਼ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਬੈਠਕ ਦੌਰਾਨ ਕਈ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਬਕਾਇਆ ਬਿਲਾਂ ਨੂੰ ਸਦਨ ਵਿੱਚ ਰੱਖਿਆ ਜਾਵੇ। ਆਗੂਆਂ ਨੇ ਆਸ ਜਤਾਈ ਕਿ ਇਹ ਬਿੱਲ ਸਰਬਸੰੰਮਤੀ ਨਾਲ ਪਾਸ ਕੀਤੇ ਜਾ ਸਕਦੇ ਹਨ। ਰਾਖਵਾਂਕਰਨ ਬਿੱਲ ਵਿੱਚ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ਵਿੱਚ ਮਹਿਲਾਵਾਂ ਲਈ ਇਕ-ਤਿਹਾਈ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਹੈ। ਉਂਜ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਕੀ ਹੈ, ਇਹ ਤਾਂ ਉਹੀ ਜਾਣਦੀ ਹੈ ਤੇ ਸਰਕਾਰ (ਭਲਕੇ) ਕਿਸੇ ਨਵੇਂ ਏਜੰਡੇ ਨਾਲ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਠਕ ਉਪਰੰਤ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਪਾਰਟੀਆਂ ਦੀ ਮੰਗ ਬਾਰੇ ‘ਢੁੱਕਵਾਂ ਫੈਸਲਾ ਢੁੱਕਵੇਂ ਸਮੇਂ ’ਤੇ ਲਿਆ ਜਾਵੇਗਾ।’ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਪਿਛਲੇ ਦਿਨੀਂ ਸ਼ਹੀਦ ਹੋਏ ਸੁਰੱਖਿਆ ਬਲਾਂ ਨੂੰ ਸਰਬ ਪਾਰਟੀ ਬੈਠਕ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਉਂਜ ਬੈਠਕ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਬੋਲਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਦੀ ਮੰਗ ਹੈ ਕਿ ਇਸ ਬਿੱਲ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਪੇਸ਼ ਕੀਤਾ ਜਾਵੇ। ਭਾਜਪਾ ਦੇ ਭਾਈਵਾਲ ਤੇ ਐੱਂਨਸੀਪੀ ਆਗੂ ਪ੍ਰਫੁੱਲ ਪਟੇਲ ਨੇ ਕਿਹਾ, ‘‘ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਉਹ ਇਸ ਵਿਸ਼ੇਸ਼ ਇਜਲਾਸ ਦੌਰਾਨ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰੇ।’’

ਉਨ੍ਹਾਂ ਕਿਹਾ, ‘‘ਅਸੀਂ ਆਸਵੰਦ ਹਾਂ ਕਿ ਜੇ ਇਹ ਬਿੱਲ ਸੰਸਦ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਸਰਬਸੰਮਤੀ ਨਾਲ ਪਾਸ ਹੋ ਜਾਵੇਗਾ।’’ ਪਟੇਲ ਨੇ ਇਹ ਗੱਲ ਵੀ ਕਹੀ ਕਿ ਸੰਸਦੀ ਕੰਮਕਾਜ ਮੰਗਲਵਾਰ ਨੂੰ ਗਣੇਸ਼ ਚਤੁਰਥੀ ਦੇ ਤਿਉਹਾਰ ਮੌਕੇ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਜਾਵੇ।

ਸੂਤਰਾਂ ਨੇ ਕਿਹਾ ਕਿ ਕੁਝ ਖੇਤਰੀ ਪਾਰਟੀਆਂ ਨੇ ਮੰਗ ਕੀਤੀ ਕਿ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਕੁੱਲ ਮਿਲਾ ਕੇ ਪੱਛੜੇ ਵਰਗਾਂ ਤੇ ਅਨੁਸੂਚਿਤ ਜਾਤਾਂ ਨੂੰ ਵੀ ਰਾਖਵਾਂਕਰਨ ਦਿੱਤਾ ਜਾਵੇ। ਬੀਜੂ ਜਨਤਾ ਦਲ ਦੇ ਆਗੂ ਪਿਨਾਕੀ ਮਿਸ਼ਰਾ ਨੇ ਕਿਹਾ ਕਿ ਨਵੀਂ ਸੰਸਦੀ ਇਮਾਰਤ ਤੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇ ਤੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਜਾਵੇ। ਅਧੀਰ ਰੰਜਨ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਸੰਸਦ ਦਾ ਨਿਯਮਤ ੲਿਜਲਾਸ ਹੋਵੇਗਾ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਹੀ ਪਤਾ ਹੈ ਕਿ ਉਸ ਦਾ ਇਰਾਦਾ ਕੀ ਹੈ। ਉਹ ਕਿਸੇ ਨਵੇਂ ਏਜੰਡੇ ਨਾਲ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।’’ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੇ ਸਰਬ ਪਾਰਟੀ ਬੈਠਕ ਦੌਰਾਨ ਮਹਿੰਗਾਈ, ਬੇਰੁਜ਼ਗਾਰੀ, ਚੀਨ ਨਾਲ ਸਰਹੱਦੀ ਹਾਲਾਤ ਜਿਹੇ ਮੁੱਦੇ ਵੀ ਰੱਖੇ। ਬੀਜੇਡੀ ਤੇ ਬੀਆਰਐੱਸ ਜਿਹੀਆਂ ਖੇਤਰੀ ਪਾਰਟੀਆਂ ਨੇ ਵੀ ਮਹਿਲਾ ਰਾਖਵਾਂਕਰਨ ਬਿੱਲ ਸਦਨ ਵਿੱਚ ਰੱਖੇ ਜਾਣ ਲਈ ਦਬਾਅ ਪਾਇਆ। ਇਸ ਦੌਰਾਨ ਤੈਲਗੂ ਦੇਸਮ ਪਾਰਟੀ (ਟੀਡੀਪੀ) ਨੇ ਬੈਠਕ ਵਿੱਚ ਆਪਣੇ ਆਗੂ ਚੰਦਰਬਾਬੂ ਨਾਇਡੂ ਦੀ ਗ੍ਰਿਫ਼ਤਾਰੀ ਦਾ ਮੁੱਦਾ ਰੱਖਿਆ। ਪਾਰਟੀ ਨੇ ਕਿਹਾ ਕਿ ਉਹ ਵਿਸ਼ੇਸ਼ ਇਜਲਾਸ ਦੌਰਾਨ ਵੀ ਇਹ ਮੁੱਦਾ ਧਿਆਨ ਵਿਚ ਲਿਆਏਗੀ। ਆਂਧਰਾ ਪ੍ਰਦੇਸ਼ ਪੁਲੀਸ ਨੇ 9 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਨਾਇਡੂ ਨੂੰ ਇਸ ਵੇਲੇ ਰਾਜਾਮਹੇਂਦਰਵਰਮ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਬੈਠਕ ਵਿੱਚ ਸਰਕਾਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਹੋਏ। ਬੈਠਕ ਵਿੱਚ ਹਾਜ਼ਰੀ ਭਰਨ ਵਾਲੇ ਹੋਰਨਾਂ ਆਗੂਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੇ ਜੇਡੀਐੱਸ ਆਗੂ ਐੱਚ.ਡੀ.ਦੇਵੇਗੌੜਾ, ਡੀਐੱਮਕੇ ਤੋਂ ਕੰਨੀਮੋੜੀ, ਟੀਡੀਪੀ ਦੇ ਰਾਮ ਮੋਹਨ ਨਾਇਡੂ, ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ, ‘ਆਪ’ ਦੇ ਸੰਜੈ ਸਿੰਘ, ਬੀਜੇਡੀ ਦੇ ਸਸਮਿਤ ਪਾਤਰਾ, ਬੀਆਰਐੱਸ ਦੇ ਕੇ.ਕੇਸ਼ਵ ਰਾਓ, ਵਾਈਐੱਸਆਰ ਕਾਂਗਰਸ ਦੇ ਵੀ.ਵਿਜਯਾਸਾਈ ਰੈੱਡੀ, ਆਰਜੇਡੀ ਦੇ ਮਨੋਜ ਝਾਅ ਤੇ ਜੇਡੀਯੂ ਦੇ ਅਨਿਲ ਹੈਗੜੇ ਤੇ ਸਪਾ ਦੇ ਰਾਮ ਗੋਪਾਲ ਯਾਦਵ ਮੌਜੂਦ ਸਨ।
ਸੰਸਦ ਮੈਂਬਰਾਂ ਨੂੰ ਗਰੁੱਪ ਫੋਟੋ ਲਈ ਸੱਦਿਆ

ਨਵੀਂ ਦਿੱਲੀ: ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰਾਂ ਨੂੰ ਮੰਗਲਵਾਰ ਸਵੇਰੇ ਗਰੁੱਪ ਫੋਟੋ ਖਿਚਵਾਉਣ ਲਈ ਸੱਦਿਆ ਗਿਆ ਹੈ। ਅਧਿਕਾਰਤ ਬੁਲੇਟਿਨ ਮੁਤਾਬਕ ਸੰਸਦੀ ਕੰਮਕਾਜ ਮੰਗਲਵਾਰ ਤੋਂ ਨਵੀਂ ਇਮਾਰਤ ਵਿੱਚ ਤਬਦੀਲ ਹੋ ਜਾਵੇਗਾ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਬੁਲੇਟਿਨ ਵਿੱਚ ਸਾਰੇ ਸੰਸਦ ਮੈਂਬਰਾਂ ਨੂੰ ਮੰਗਲਵਾਰ ਸਵੇਰੇ ਸਾਢੇ ਨੌਂ ਵਜੇ ਗਰੁੱਪ ਫੋਟੋਗਰਾਫ਼ ਲਈ ਸੱਦਿਆ ਗਿਆ ਹੈ। ਸੰਸਦ ਮੈਂਬਰਾਂ ਨੂੰ ਨਵੀਂ ਸੰਸਦੀ ਇਮਾਰਤ ਵਿੱਚ ਦਾਖ਼ਲ ਹੋਣ ਲਈ ਨਵੇਂ ਸ਼ਨਾਖਤੀ ਕਾਰਡ ਵੀ ਦਿੱਤੇ ਜਾਣਗੇ।
ਕਵਿਤਾ ਵੱਲੋਂ ਕਾਂਗਰਸੀ ਮਤੇ ਦਾ ਸਵਾਗਤ

ਹੈਦਰਾਬਾਦ: ਬੀਆਰਐੱਸ ਦੀ ਵਿਧਾਨ ਪਰਿਸ਼ਦ ਮੈਂਬਰ ਕੇ ਕਵਿਤਾ ਨੇ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਸੰਸਦ ਦੇ ਵਿਸ਼ੇਸ਼ ਇਜਲਾਸ ’ਚ ਪਾਸ ਕਰਨ ਸਬੰਧੀ ਪਾਏ ਗਏ ਮਤੇ ਦਾ ਸਵਾਗਤ ਕੀਤਾ ਹੈ। ਕਵਿਤਾ ਵੱਲੋਂ ਬਿੱਲ ਨੂੰ ਕਾਨੂੰਨ ਬਣਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਵਿਤਾ ਨੇ ਕਿਹਾ,‘‘ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ’ਚ ਦੇਰੀ ਨਿਰਾਸ਼ਾਜਨਕ ਹੈ ਪਰ ਕਾਂਗਰਸ ਪਾਰਟੀ ਵੱਲੋਂ ਸੀਡਬਲਿਊਸੀ ’ਚ ਇਸ ਸਬੰਧੀ ਮਤਾ ਪਾਉਣਾ ਸਵਾਗਤਯੋਗ ਹੈ। ਮੈਂ ਆਸ ਕਰਦੀ ਹਾਂ ਕਿ ਕਾਂਗਰਸ ਪਾਰਟੀ ਸੰਸਦ ਦੇ ਆਉਂਦੇ ਇਜਲਾਸ ’ਚ ਇਹੋ ਭਾਵਨਾ ਅਪਣਾ ਕੇ ਹੁਕਮਰਾਨ ਧਿਰ ਨੂੰ ਬਿੱਲ ਪੇਸ਼ ਅਤੇ ਪਾਸ ਕਰਨ ਲਈ ਦਬਾਅ ਬਣਾਉਂਦੀ ਰਹੇਗੀ
ਸੰਸਦ ਦਾ ਪੰਜ ਰੋਜ਼ਾ ਵਿਸ਼ੇਸ਼ ੲਿਜਲਾਸ ਅੱਜ ਤੋਂ

ਨਵੀਂ ਦਿੱਲੀ: ਸੰਸਦ ਦਾ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਭਲਕ ਤੋਂ ਸ਼ੁਰੂ ਹੋਵੇਗਾ। ਸਰਕਾਰ ਨੇ ਸੰਸਦੀ ਕੰਮਕਾਜ ਨਵੀਂ ਇਮਾਰਤ ਵਿੱਚ ਤਬਦੀਲ ਕਰਨ, ਸੰਸਦ ਦੇ 75 ਸਾਲ ਦੇ ਸਫ਼ਰ ’ਤੇ ਚਰਚਾ ਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਸਣੇ ਚਾਰ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਛੁੱਟ ਇਜਲਾਸ ਦੇ ਏਜੰਡੇ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ। ਏਜੰਡੇ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ। ਸਰਕਾਰ ਵੱਲੋਂ ਬੇਮੌਕੇ ਸੱਦੇ ਇਜਲਾਸ ਤੋਂ ਹਰ ਕੋਈ ਹੈਰਾਨ ਹੈ। ਇਜਲਾਸ ਦੇ ਸੂਚੀਬੱਧ ਏਜੰਡੇ ਵਿਚ ‘ਸੰਵਿਧਾਨ ਸਭਾ’ ਦੀ ਸ਼ੁਰੂਆਤ ਤੋਂ ਸੰਸਦ ਦੇ 75 ਸਾਲਾਂ ਦੇ ਸਫ਼ਰ ’ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਸ਼ਾਮਲ ਹੈ। ਉਂਜ ਸਰਕਾਰ ਵਿਸ਼ੇਸ਼ ਇਜਲਾਸ ਦੌਰਾਨ ਕੁਝ ਨਵੇਂ ਬਿੱਲ ਜਾਂ ਹੋਰ ਆਈਟਮਾਂ, ਜੋ ਸੂਚੀਬੰਦ ਏਜੰਡੇ ਦਾ ਹਿੱਸਾ ਨਾ ਵੀ ਹੋਣ, ਪੇਸ਼ ਕਰਨ ਦਾ ਅਧਿਕਾਰ ਰੱਖਦੀ ਹੈ। ਸਰਕਾਰ ਨੇ ਏਜੰਡੇ ਵਿੱਚ ਮੁੱਖ ਚੋਣ ਕਮਿਸ਼ਨਰ ਤੇ ਹੋਰਨਾਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਸਬੰਧਤ ਬਿੱਲ ’ਤੇ ਵਿਚਾਰ ਚਰਚਾ ਨੂੰ ਸੂਚੀਬੰਦ ਕੀਤਾ ਹੈ। ਇਹ ਬਿੱਲ ਮੌਨਸੂਨ ਇਜਲਾਸ ਦੌਰਾਨ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਹੋਰਨਾਂ ਬਿਲਾਂ ਵਿੱਚ ‘ਦਿ ਐਡਵੋਕੇਟਸ (ਸੋਧ) ਬਿੱਲ 2023, ਦਿ ਪ੍ਰੈੱਸ ਤੇ ਰਜਿਸਟਰੇਸ਼ਨ ਆਫ਼ ਪੀਰੀਓਡੀਕਲਜ਼ ਬਿੱਲ 2023 ਤੇ ਦਿ ਪੋਸਟ ਆਫ਼ਿਸ ਬਿੱਲ 2023 ਸ਼ਾਮਲ ਹਨ। ਵਿਸ਼ੇਸ਼ ਇਜਲਾਸ ਦੌਰਾਨ ਸੰਸਦੀ ਸਟਾਫ਼ ਨੂੰ ਨਵੇਂ ਡਰੈੱਸ ਕੋਡ ਤਹਿਤ ਨਵੀਆਂ ਵਰਦੀਆਂ ਵੀ ਮਿਲਣਗੀਆਂ।