
ਸੰਗਰੂਰ-ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਕੁੱਕ ਬੀਬੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਹੀ ਕੁੱਕ ਬੀਬੀਆਂ ਵਲੋਂ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਕੁੱਕ ਬੀਬੀਆਂ ਨੇ ਆਪਣੀਆਂ ਨਿਗੂਣੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਮੰਗ ਕੀਤੀ। ਇਹ ਵਰਕਰਾਂ ਇੱਥੇ ਜੇਜੀ ਪੈਲੇਸ ਨੇੜੇ ਇਕੱਠੀਆਂ ਹੋਈਆਂ ਜਿਥੋਂ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਵਧੀਆਂ ਪਰ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ’ਤੇ ਰੋਕ ਲਿਆ। ਇਸੇ ਦੌਰਾਨ ਕੁੱਕ ਬੀਬੀਆਂ ਵਲੋਂ ਸੜਕ ਉਪਰ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੁੱਕ ਬੀਬੀਆਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੀਆਂ ਹਨ ਜਿਨ੍ਹਾਂ ਨੂੰ ਸਿਰਫ਼ ਤਿੰਨ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਵਰਕਰਾਂ ਨੇ ਆਪਣੀ ਤਨਖਾਹ ਵਧਾ ਕੇ ਅੱਠ ਹਜ਼ਾਰ ਰੁਪਏ ਦੀ ਮੰਗ ਕੀਤੀ। ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟਰੇਟ ਵਲੋਂ ਮੰਗ ਪੱਤਰ ਲਿਆ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ 11 ਜਨਵਰੀ ਨੂੰ ਮੀਟਿੰਗ ਤੈਅ ਹੋਣ ਦਾ ਲਿਖਤੀ ਪੱਤਰ ਦਿੱਤਾ ਗਿਆ ਜਿਸ ਮਗਰੋਂ ਰੋਸ ਧਰਨਾ ਸਮਾਪਤ ਹੋਇਆ। ਇਸ ਮੌਕੇ ਸੂਬਾ ਸਕੱਤਰ ਮਨਜੀਤ ਰਾਜ, ਮਨਜੀਤ ਕੌਰ ਰਿਊਂਦ, ਜਸਵਿੰਦਰ ਕੌਰ ਗਾਮੀਵਾਲਾ, ਨਸੀਬ ਕੌਰ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਵੀ ਸੰਬੋਧਨ ਕੀਤਾ। ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮਿੱਡ-ਡੇਅ ਮੀਲ ਕੁੱਕਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਿੱਖਿਆ, ਵਿੱਤ ਵਿਭਾਗ ਦੇ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਵੇ। ਇਹ ਕਮੇਟੀ ਮਿੱਡ-ਡੇਅ ਮੀਲ ਕੁੱਕਾਂ ਦੀ ਤਨਖ਼ਾਹ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਅਧਿਐਨ ਕਰਕੇ ਆਪਣੀ ਰਿਪੋਰਟ ਪੇਸ਼ ਕਰੇ ਤਾਂ ਜੋ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਬਾਰੇ ਫ਼ੈਸਲਾ ਜਲਦੀ ਤੋਂ ਜਲਦੀ ਲਿਆ ਜਾ ਸਕੇ। ਮੀਟਿੰਗ ਦੌਰਾਨ ਵਿੱਤ ਮੰਤਰੀ ਚੀਮਾ ਨੇ ਸਕੂਲ ਸਿੱਖਿਆ ਵਿਭਾਗ ਨੂੰ ਬੈਂਕਾਂ ਜਾਂ ਬੀਮਾ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਬੀਮਾ ਪਾਲਿਸੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਮਿੱਡ-ਡੇਅ ਮੀਲ ਲਈ ਕੁੱਕਾਂ ਦੀ ਨਿਯੁਕਤੀ ਬਾਰੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਕੁੱਕ ਦੇ ਛੁੱਟੀ ’ਤੇ ਚਲੇ ਜਾਣ ਦੀ ਸੂਰਤ ਵਿੱਚ ਮਿੱਡ-ਡੇਅ ਮੀਲ ਤਿਆਰ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ।