ਨਾਬਾਲਗ ਦੇ ਕਤਲ ਮਗਰੋਂ ਮਾਹੌਲ ਤਣਾਅਪੂਰਨ 

ਨਾਬਾਲਗ ਦੇ ਕਤਲ ਮਗਰੋਂ ਮਾਹੌਲ ਤਣਾਅਪੂਰਨ 

ਸੰਗਰੂਰ,(ਪੰਜਾਬੀ ਰਾਈਟਰ)- ਇਸ ਸ਼ਹਿਰ ਵਿੱਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਨਾਬਾਲਗ ਦਾ ਕਤਲ ਅਤੇ ਦੂਜੇ ਨੂੰ ਗੰਭੀਰ ਜ਼ਖ਼ਮੀ ਕਰਨ ਕਾਰਨ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਹਿੰਦੂ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ’ਚ ਨਿੱਤਰਦਿਆਂ ਥਾਣਾ ਸਿਟੀ ਦਾ ਘਿਰਾਓ ਕਰ ਲਿਆ। ਰੋਸ ਵਜੋਂ ਸ਼ਹਿਰ ਦਾ ਪ੍ਰਮੁੱਖ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਅਤੇ ਪੀੜਤ ਪਰਿਵਾਰ ਨੇ ਐਲਾਨ ਕੀਤਾ ਕਿ ਜਦੋਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਉਧਰ ਅੱਜ ਦੁਪਹਿਰ ਵੇਲੇ ਅਣਪਛਾਤਿਆਂ ਨੇ ਮੁਲਜ਼ਮਾਂ ਦੇ ਘਰ ਵਿੱਚ ਜਬਰੀ ਦਾਖ਼ਲ ਹੋ ਕੇ ਸਾਮਾਨ ਦੀ ਭੰਨਤੋੜ ਕੀਤੀ। ਉਸ ਸਮੇਂ ਸਬੰਧਤ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ।

ਮ੍ਰਿਤਕ ਅਰਸ਼ਦੀਪ ਸਿੰਘ (16) ਦੇ ਪਿਤਾ ਬਿਕਰਮਜੀਤ ਸਿੰਘ ਵਾਸੀ ਸੁਨਾਮੀ ਗੇਟ, ਸੰਗਰੂਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਉਸ ਦਾ ਪੁੱਤਰ ਅਰਸ਼ਦੀਪ ਅਤੇ ਭਤੀਜਾ ਅਵਿਨੀਤ ਸਿੰਘ ਵਾੜੇ ਵਾਲੇ ਮੁਹੱਲੇ ਵਿੱਚੋਂ ਹੁੰਦੇ ਹੋਏ ਪਟਿਆਲਾ ਗੇਟ ਵੱਲ ਜਾ ਰਹੇ ਸਨ। ਇਸ ਦੌਰਾਨ ਉਮਰ ਅਤੇ ਮੁਹੰਮਦ ਨੁਮਾਨ ਨੇ ਦੋਵਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਅਵਿਨੀਤ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਸਿਵਲ ਹਸਪਤਾਲ ਵਿੱਚ ਅੱਜ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ਤੋਂ ਬਾਅਦ ਅਰਸ਼ਦੀਪ ਦੀ ਲਾਸ਼ ਨੂੰ ਸੁਨਾਮੀ ਗੇਟ ਸਥਿਤ ਘਰ ਲਿਆਂਦਾ ਗਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਪੁੱਜ ਗਏ। ਬਾਅਦ ਦੁਪਹਿਰ ਕਰੀਬ ਦੋ ਵਜੇ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਥਾਣੇ ਦਾ ਘਿਰਾਓ ਕਰ ਲਿਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਆਗੂ ਵਿਜੈ ਢੋਲੇਵਾਲ, ਰਸ਼ਿਕ ਵਰਮਾ, ਰਾਜ ਕੁਮਾਰ, ਰੋਹਿਤ, ਸਮਾਜ ਸੇਵੀ ਜਤਿੰਦਰ ਕਾਲੜਾ, ਭਾਜਪਾ ਆਗੂ ਕਰਮ ਲਹਿਲ, ਰਣਦੀਪ ਸਿੰਘ ਦਿਓਲ ਅਤੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਰਾਜ ਕੁਮਾਰ ਚੌਧਰੀ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬਾਹਰਲੇ ਸੂਬਿਆਂ ਤੋਂ ਆਏ ਲੋਕ ਸ਼ਹਿਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਮਾਹੌਲ ਤਣਾਅਪੂਰਨ ਹੋਣ ਕਾਰਨ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਪੁਲੀਸ ਫੋਰਸ ਸਣੇ ਥਾਣੇ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਮਿਲੇ। ਇਸ ਤੋਂ ਬਾਅਦ ਸ੍ਰੀ ਚਾਹਲ ਪੀੜਤ ਪਰਿਵਾਰ ਦੇ ਘਰ ਗਏ, ਜਿੱਥੇ ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਜਿਸ ਮਗਰੋਂ ਪਰਿਵਾਰ ਲਾਸ਼ ਦੇ ਸਸਕਾਰ ਲਈ ਸਹਿਮਤ ਹੋਇਆ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਰੋਸ ਵਜੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ।

ਸ੍ਰੀ ਚਾਹਲ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸੇ ਵਿੱਚ ਲਿਆ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਭਾਵੇਂ ਤਣਾਅਪੂਰਨ ਹੋਇਆ ਮਾਹੌਲ ਕਈ ਸਵਾਲ ਖੜ੍ਹੇ ਕਰ ਰਿਹਾ ਸੀ ਪਰ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਦੀ ਸੂਝਬੂਝ ਸਦਕਾ ਮਾਮਲਾ ਸ਼ਾਂਤ ਹੋ ਗਿਆ।

ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ: ਐੱਸ ਐੱਸ ਪੀ
ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਦੋ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵੇਂ ਹਮਲਾਵਰ ਹਾਲੇ ਫ਼ਰਾਰ ਹਨ। ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਜਾਂਚ ਲਈ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਮੁਲਜ਼ਮ ਧਿਰ ਦੇ ਘਰ ਵਿੱਚ ਭੰਨਤੋੜ ਸਬੰਧੀ ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।