ਪੰਚਾਇਤੀ ਰਾਜ ਪੈਨਸ਼ਨਰਾਂ ਵੱਲੋਂ ਨਾਅਰੇਬਾਜ਼ੀ

ਪੰਚਾਇਤੀ ਰਾਜ ਪੈਨਸ਼ਨਰਾਂ ਵੱਲੋਂ ਨਾਅਰੇਬਾਜ਼ੀ

ਸਮੇਂ ਸਿਰ ਪੈਨਸ਼ਨ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਨਾ ਦੇਣ ਦਾ ਦੋਸ਼; ਵਿਭਾਗ ਤੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਐੱਸ.ਏ.ਐੱਸ. ਨਗਰ(ਮੁਹਾਲੀ),(ਪੰਜਾਬੀ ਰਾਈਟਰ)- ਪੰਚਾਇਤੀ ਰਾਜ ਪੈਨਸ਼ਨਰਾਂ ਵੱਲੋਂ ਆਪਣੀਆਂ ਦੋਵੇਂ ਜਥੇਬੰਦੀਆਂ ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਅਤੇ ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ ਪੈਨਸ਼ਨਰਜ਼ ਯੂਨੀਅਨ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਦੇ ਮੁਹਾਲੀ ਦੇ ਫੇਜ਼-8 ਸਥਿਤ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਸੂਬਾਈ ਧਰਨਾ ਦਿੱਤਾ। ਇਸ ਮੌਕੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ’ਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਲਛਮਣ ਸਿੰਘ ਗਰੇਵਾਲ, ਜਾਗੀਰ ਸਿੰਘ ਢਿਲੋਂ ਹੰਸਾਲਾ, ਜੈ ਦੇਵ ਸਿੰਘ, ਪਾਲ ਸਿੰਘ, ਦਿਆਲ ਸਿੰਘ, ਹਰਬੰਸ ਸਿੰਘ, ਮਾਨ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਕੌਰ, ਮੁਮਤਾਜ ਬੇਗਮ, ਆਸ਼ਾ ਰਾਣੀ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ’ਤੇ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਕਦੇ ਵੀ ਸਮੇਂ ਸਿਰ ਪੈਨਸ਼ਨ ਨਹੀਂ ਦਿੱਤੀ ਜਾਂਦੀ। ਬਹੁਤ ਸਾਰੇ ਪੈਨਸ਼ਨਰ ਹਾਲੇ ਵੀ ਛੇਵੇਂ ਤਨਖ਼ਾਹ ਕਮਿਸ਼ਨ ਤੋਂ ਵਾਂਝੇ ਹਨ। ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਬਾਕੀ ਵਿਭਾਗਾਂ ਦੇ ਪੈਨਸ਼ਨਰਾਂ ਵਾਂਗ ਐੱਲਟੀਸੀ ਦਾ ਲਾਭ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਬੁਢਾਪਾ ਭੱਤਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨਾਂ ਲਾਉਣ ਲਈ ਸਮਾਂਬੱਧ ਨੀਤੀ ਨਾ ਹੋਣ ਕਾਰਨ ਪੈਨਸ਼ਨਰ ਖੱਜਲ-ਖੁਆਰ ਹੁੰਦੇ ਹਨ। ਇਸ ਮੌਕੇ ਪੈਨਸ਼ਨਰਾਂ ਦੇ ਵਫ਼ਦ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮੰਗ ਪੱਤਰ ਵੀ ਸੌਂਪਿਆ। ਪੈਨਸ਼ਨਰਾਂ ਨੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 10 ਜੂਨ ਨੂੰ ਮੁੜ ਧਰਨਾ ਲਾਉਣਗੇ।