ਖੇਤੀ ਮੰਡੀਕਰਨ ਨੀਤੀ: ਐੱਸਕੇਐੱਮ ਵੱਲੋਂ ਚੰਡੀਗੜ੍ਹ ’ਚ ਪੱਕੇ ਮੋਰਚੇ ਦਾ ਐਲਾਨ

ਖੇਤੀ ਮੰਡੀਕਰਨ ਨੀਤੀ: ਐੱਸਕੇਐੱਮ ਵੱਲੋਂ ਚੰਡੀਗੜ੍ਹ ’ਚ ਪੱਕੇ ਮੋਰਚੇ ਦਾ ਐਲਾਨ

ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ; ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 15 ਨੂੰ ਮੁੜ ਮੀਟਿੰਗ ਸੱਦੀ

ਐੱਸਏਐਸ ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਪੰਜਾਬ ਦੇ ਕਿਸਾਨਾਂ ਵੱਲੋਂ ਨਵੇਂ ਖੇਤੀ ਮੰਡੀਕਰਨ ਖਰੜੇ ਨੂੰ ਲੈ ਕੇ 5 ਮਾਰਚ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਦੇਰ ਸ਼ਾਮ ਮੁਹਾਲੀ ਦੇ ਸੈਕਟਰ 65 ’ਚ ਸਥਿਤ ਹੋਟਲ ਵਿੱਚ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਸ਼ਾਮ ਕਰੀਬ ਚਾਰ ਵਜੇ ਸ਼ੁਰੂ ਹੋਈ ਮੀਟਿੰਗ ਦੇਰ ਸ਼ਾਮ ਤੱਕ ਚੱਲੀ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਯੂਨੀਅਨ (ਮਾਨਸਾ) ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਯੂਨੀਅਨ (ਤੋਤੇਵਾਲ) ਦੇ ਪ੍ਰਧਾਨ ਸੁੱਖ ਗਿੱਲ ਮੋਗਾ ਤੇ ਜੰਗਵੀਰ ਸਿੰਘ ਚੌਹਾਨ ਸਣੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਹਰਿੰਦਰ ਸਿੰਘ ਲੱਖੋਵਾਲ ਅਤੇ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਮੀਟਿੰਗ ਵਿੱਚ ‘ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਮੁੱਢੋਂ ਰੱਦ ਕਰਨ ਸਣੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਲਈ 5 ਮਾਰਚ ਨੂੰ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ’ਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਪਿੰਡ ਪੱਧਰ ’ਤੇ ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ।

ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੇ ਫ਼ੈਸਲੇ ਅਨੁਸਾਰ 9 ਫਰਵਰੀ ਨੂੰ ਪੰਜਾਬ ਭਰ ਵਿੱਚ ਸਾਰੇ ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਖੇਤੀ ਮੰਡੀਕਰਨ ਨੀਤੀ ਨੂੰ ਰੱਦ ਕਰਨ ਲਈ ਕਿਸਾਨਾਂ ਦੀ ਆਵਾਜ਼ ਬਣ ਕੇ ਕੇਂਦਰ ’ਤੇ ਦਬਾਅ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 15 ਫਰਵਰੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਸੱਦੀ ਗਈ ਹੈ।

ਐੱਸਕੇਐੱਮ ਤੇ ਬਾਕੀ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੇ ਆਸਾਰ ਮੱਧਮ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਣੇ ਕਿਸਾਨੀ ਮੰਗਾਂ ਅਤੇ ਦੂਜੇ ਪੜਾਅ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਅਤੇ ਸੰਘਰਸ਼ਸ਼ੀਲ ਬਾਕੀ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਹੋਣ ਦੇ ਆਸਾਰ ਮੱਧਮ ਨਜ਼ਰ ਆ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਐੱਸਕੇਐੱਮ ਨੇ ਏਕਤਾ ਲਈ ਪਹਿਲਕਦਮੀ ਕਰਦਿਆਂ ਦੂਜੀਆਂ ਜਥੇਬੰਦੀਆਂ ਨੂੰ ਲਿਖਤੀ ਰੂਪ ਵਿੱਚ ਏਕਤਾ ਦੀ ਅਪੀਲ ਕੀਤੀ ਸੀ ਅਤੇ 12 ਫਰਵਰੀ ਤੱਕ ਆਪਣੀ ਰਾਇ ਦੱਸਣ ਲਈ ਕਿਹਾ ਸੀ ਪਰ ਹੁਣ ਤੱਕ ਏਕਤਾ ਕਰਨ ਦਾ ਕੋਈ ਸੁਨੇਹਾ ਨਹੀਂ ਮਿਲਿਆ।

ਢਾਬੀਗੁੱਜਰਾਂ ਬਾਰਡਰ ’ਤੇ ਕਿਸਾਨ ਦੇ ਦਿਮਾਗ ਦੀ ਨਸ ਫਟੀ

ਪਟਿਆਲਾ : ਕਿਸਾਨੀ ਮੰਗਾਂ ਦੀ ਪੂਰਤੀ ਲਈ ਢਾਬੀਗੁੱਜਰਾਂ ਬਾਰਡਰ ’ਤੇ ਸਾਲ ਭਰ ਤੋਂ ਜਾਰੀ ਕਿਸਾਨ ਅੰਦੋਲਨ ’ਚ ਹਿੱੱਸਾ ਲੈ ਰਹੇ ਇੱਕ ਕਿਸਾਨ ਨੂੰ ਅੱਜ ਬਰੇਨ ਸਟਰੋਕ ਹੋ ਗਿਆ। ਇਸ ਮਗਰੋਂ ਉਸ ਨੂੰ ਸੀਐੱਚਸੀ ਪਾਤੜਾਂ ਵਿੱਚ ਲਿਜਾਇਆ ਗਿਆ ਪਰ ਉੱਥੇ ਉਸ ਦੀ ਹਾਲਤ ਹੋਰ ਵਿਗੜਨ ਕਾਰਨ ਸ਼ਾਮੀ ਸੱਤ ਵਜੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਜਾਣਕਾਰੀ ਮੁਤਾਬਕ ਭੀਮ ਪੁੱਤਰ ਕੇਸਰ ਸਿੰਘ ਨਾਮ ਦਾ ਇਹ ਕਿਸਾਨ ਜ਼ਿਲ੍ਹਾ ਮੁਕਤਸਰ ਦੇ ਗਿੱਦੜਬਾਹਾ ਬਲਾਕ ਦੇ ਪਿੰਡ ਕੋਟ ਭਾਈਕਾ ਦਾ ਵਾਸੀ ਹੈ ਤੇ ਹੁਣ ਉਸ ਦਾ ਪਟਿਆਲਾ ਵਿੱਚ ਇਲਾਜ ਚੱਲ ਰਿਹਾ ਹੈ।